ਬਰੇਲ ਲਿੱਪੀ ਦਾ ਬਾਪੂ – ਲੂਈ ਬਰੇਲ

ਸੁਖਨੈਬ ਸਿੰਘ ਸਿੱਧੂ
ਅੱਜ ਬਰੇਲ ਲਿੱਪੀ ਵਿੱਚ ਲਗਭਗ ਹਰੇਕ ਨੇ ਸੁਣਿਆ ਹੋਇਆ ਕਿ ਇਹ ਉਹ ਲਿੱਪੀ ਹੈ ਜਿਸ ਨੂੰ ਨੇਤਰਹੀਣ ਵਿਅਕਤੀ ਪੜ੍ਹ ਸਕਦੇ ਹਨ।
ਇਸ ਲਿੱਪੀ ਦੇ ਹੋਂਦ ਵਿੱਚ ਆਉਣ ਪਿੱਛੇ ਇੱਕ ਕਹਾਣੀ ਹੈ । ਉਹ ਇੱਕ ਸੰਘਰਸ਼ੀ ਯੋਧੇ ਦੀ ਦੇਣ ਹੈ ਜਿਸਦੀ ਆਪਣੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਪਰ ਉਸਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਰੌਸ਼ਨ ਕੀਤਾ ।
4 ਜਨਵਰੀ 1809 ਨੂੰ ਲੂਈ ਬਰੇਲ ਫਰਾਂਸ ਦੇ ਛੋਟੇ ਜਿਹੇ ਪਿੰਡ ਕੁਪਰੇ ਵਿੱਚ ਮੱਧ ਵਰਗੀ ਪਰਿਵਾਰ ਵਿੱਚ ਜਨਮਿਆ । ਪਿਤਾ ਸਾਈਮਨ ਰੇਲੇ ਲੂਈ ਸ਼ਾਹੀ ਘੋੜਿਆਂ ਲਈ ਕਾਠੀ ਅਤੇ ਜੀਨ ਬਣਾਉਣ ਦਾ ਕੰਮ ਕਰਦੇ ਸਨ। ਪਰਿਵਾਰਕ ਤੰਗੀਆਂ ਤੁਰਸ਼ੀਆਂ ਕਾਰਨ ਸਾਈਮਨ ਨੂੰ ਹੱਡਤੋੜਵੀ ਮਿਹਨਤ ਕਰਨੀ ਪੈਂਦੀ । ਜਦੋਂ ਬਰੇਲ ਤਿੰਨ ਕੁ ਸਾਲ ਦਾ ਹੋਇਆ ਤਾਂ ਬਾਪ ਨੇ ਉਸਨੂੰ ਆਪਣੀ ਸਹਾਇਤਾ ਲਈ ਨਾਲ ਕੰਮ ‘ਤੇ ਲਗਾ ਲਿਆ । ਉਹ ਵੀ ਆਪਣੇ ਬਾਪ ਦੇ ਕੰਮ ‘ਚ ਜਿੰਨ੍ਹਾ ਕੁ ਕਰ ਸਕਦਾ ਸੀ ਉਹਨਾਂ ਸਹਿਯੋਗ ਕਰਨ ਲੱਗਾ । ਬਰੇਲ ਲਈ ਕਾਠੀਆਂ ਤਿਆਰ ਕਰਨ ਲਈ ਵਰਤੇ ਜਾਣ ਸੰਦ ਸਖਤ ਲੱਕੜ , ਰੱਸੀ , ਲੋਹੇ ਦੇ ਟੋਟੇ , ਘੋੜਿਆਂ ਦੀ ਨਾਲ , ਚਾਕੂ ਆਦਿ ਹੀ ਖਿਡੌਣੇ ਸਨ। ਉਹ ਇਹਨਾਂ ਨਾਲ ਹੀ ਜਿ਼ਆਦਾ ਸਮਾਂ ਬਤੀਤ ਕਰਦਾ । ਪਰ ਇੱਕ ਦਿਨ ਅਚਾਨਕ ਕਾਠੀ ਲਈ ਵਰਤਿਆ ਜਾਣ ਵਾਲਾ ਚਾਕੂ ਉਛਲ ਕੇ ਇਸ ਮਾਸੂਮ ਬੱਚੇ ਦੀ ਅੱਖ ‘ਚ ਜਾ ਵੱਜਾ , ਜਿਹੜੇ ਅੱਖ ‘ਚ ਬਹੁਤ ਸਾਰੇ ਸੁਪਨੇ ਸਨ , ਹੁਣ ਉਸ ਵਿੱਚੋਂ ਖੂਨ ਦੀ ਧਾਰ ਵਹਿ ਰਹੀ ਸੀ। ਬਰੇਲ , ਅੱਖ ‘ਤੇ ਹੱਥ ਰੱਖ ਕੇ ਰੋਂਦਾ ਰੋਂਦਾ ਘਰ ਆਇਆ ਤਾਂ ਉਸ ਦੀ ਅੱਖ ‘ਤੇ ਆਮ ਜਿਹੀ ਦਵਾਈ ਲਾ ਕੇ ਘਰ ਵਿੱਚ ਹੀ ਪੱਟੀ ਕਰ ਦਿੱਤੀ ।
ਮਾਪਿਆਂ ਨੂੰ ਲੱਗਿਆ ਹੋਣਾ ਕਿ ਛੋਟੀ ਸੱਟ ਹੈ ਜਲਦੀ ਠੀਕ ਹੋ ਜਾਵੇਗੀ ਪਰ ਲੁਈਸ ਨੇ ਕੁਝ ਦਿਨਾਂ ਦੂਜੀ ਅੱਖ ਵਿੱਚੋਂ ਵੀ ਘੱਟ ਦਿਸਣ ਦੀ ਸਿ਼ਕਾਇਤ ਕੀਤੀ । ਗਰੀਬ ਮਾਪਿਆਂ ਦੀ ਬੇਵਸੀ ਅਤੇ ਆਲਸ ਕਾਰਨ ਉਸਦਾ ਕਿਸੇ ਚੰਗੇ ਡਾਕਟਰ ਕੋਲ ਇਲਾਜ ਨਾ ਹੋਣ ਸਕਿਆ ।
ਜਦੋਂ ਤੱਕ ਉਹ ਅੱਠ ਸਾਲ ਦਾ ਹੋਇਆ ਉਦੋਂ ਤੱਕ ਰੰਗ ਬਿਰੰਗੇ ਸੁਪਨੇ ਹੀ ਰਹਿ ਗਏ ਪਰ ਉਹ ਦੇਖਣ ਦੇ ਸਮਰੱਥ ਨਾ ਹੋ ਸਕਿਆ ।
ਪਰ ਇਹ ਕੋਈ ਆਮ ਬੱਚਾ ਨਹੀਂ ਸੀ , ਉਸ ਦੇ ਮਨ ਵਿੱਚ ਸੰਸਾਰ ਨਾਲ ਟੱਕਰ ਲੈਣ ਦੀ ਇੱਛਾ ਸ਼ਕਤੀ ਸੀ । ਹਾਰ ਨਾ ਮੰਨਦੇ ਹੋਏ ਲੂਈਸ ਨੇ ਫਰਾਂਸ ਦੇ ਮਸ਼ਹੂਰ ਪਾਦਰੀ ਬੈਲੇਨਟਾਈਨ ਦੀ ਸ਼ਰਨ ਲਈ । 1819 ‘ਚ ਜਦੋਂ ਉਹ 10 ਕੁ ਸਾਲ ਦਾ ਸੀ ਤਾਂ ਪਾਦਰੀ ਨੇ ਯਤਨ ਕਰਕੇ ‘ਰਾਇਲ ਇੰਸਟੀਚਿਊਟ ਫਾਰ ਬਲਾਈਂਡਸ’ ਵਿੱਚ ਦਾਖਿਲਾ ਦਿਵਾ ਦਿੱਤਾ ।
1821 ਵਿੱਚ ਬਰੇਲ ਨੂੰ ਪਤਾ ਚੱਲਿਆ ਕਿ ਸ਼ਾਹੀ ਸੈਨਾ ਦੇ ਸੇਵਾ ਮੁਕਤ ਕੈਪਟਨ ਚਾਰਲਸ ਬਾਰਬਰ ਨੇ ਫੌਜ ਲਈ ਇੱਕ ਅਜਿਹੀ ਕੂਟਲਿਪੀ ਵਿਕਸਤ ਕੀਤੀ ਹੈ ਜਿਸਦੀ ਸਹਾਇਤਾ ਨਾਲ ਹਨੇਰੇ ਵਿੱਚ ਟੋਹ ਕੇ ਵੀ ਸੁਨੇਹੇ ਪੜ੍ਹੇ ਜਾ ਸਕਦੇ ਹਨ।
ਕੈਪਟਨ ਚਾਰਲਸ ਦਾ ਮੰਤਵ ਸੀ ਯੁੱਧ ਦੌਰਾਨ ਸੈਨਿਕਾਂ ਨੂੰ ਆਉਣ ਵਾਲੀਆ ਪਰੇਸ਼ਾਨੀਆਂ ਨੂੰ ਘੱਟ ਕਰਨਾ ਪ੍ਰੰਤੂ ਬਰੇਲ ਉਸ ਵਿੱਚੋਂ ਦ੍ਰਿਸ਼ਟੀਹੀਣ ਵਿਅਕਤੀ ਲਈ ਸੰਭਾਵਨਾਵਾਂ ਤਲਾਸ਼ ਰਿਹਾ ਸੀ । ਉਸਨੇ ਪਾਦਰੀ ਬੈਲੇਨਟਾਈਨ ਦੀ ਸਹਾਇਤਾ ਨਾਲ ਕੈਪਟਨ ਚਾਰਲਸ ਨਾਲ ਮੁਲਾਕਾਤ ਦਾ ਸਬੱਬ ਬਣਾਇਆ । 12 ਸਾਲ ਦੇ ਇਸ ਬੱਚੇ ਨੇ ਕੈਪਟਨ ਨੂੰ ਸਲਾਹ ਦਿੱਤੀ ਕਿ ਇਸ ਕੂਟਲਿਪੀ ਵਿੱਚ ਕੁਝ ਸੋਧ ਕਰਨੀ ਚਾਹੀਦੀ ਹੈ ਤਾਂ ਜੋ ਦ੍ਰਿਸ਼ਟੀਹੀਣ ਵਿਅਕਤੀ ਵੀ ਇਹ ਸੁਨੇਹਾ ਸਮਝ ਸਕਣ ।
ਕੈਪਟਨ , ਇਸ ਬੱਚੇ ਦੇ ਆਤਮ ਵਿਸ਼ਵਾਸ਼ ਨੂੰ ਦੇਖ ਕੇ ਹੈਰਾਨ ਰਹਿ ਗਿਆ ।
ਇਸ ਦੌਰਾਨ ਲੂਈਸ ਬਰੇਲ ਨੇ ਅੱਠ ਸਾਲ ਤੱਕ ਸਖਤ ਮਿਹਨਤ ਕਰਕੇ ਲਿਪੀ ਵਿੱਚ ਅਨੇਕਾਂ ਬਦਲਾਅ ਕੀਤੇ ਅਤੇ 1829 ‘ਚ 6 ਬਿੰਦੂਆਂ ਉਪਰ ਅਧਾਰਿਤ ਅਜਿਹੀ ਲਿਪੀ ਬਣਾਉਣ ਵਿੱਚ ਸਫ਼ਲ ਹੋਏ । ਪਰ ਉਸਦੇ ਆਤਮਵਿਸ਼ਵਾਸ਼ ਦੀ ਪਰਖ ਹੋਣੀ ਹਾਲੇ ਬਾਕੀ ਸੀ ਇਸ ਵੱਲੋਂ ਤਿਆਰ ਕੀਤੀ ਅਵਿਕਸਤ ਲਿਪੀ ਨੂੰ ਤਤਕਾਲੀ ਸਿੱਖਿਆ ਸਾ਼ਸਤਰੀਆਂ ਨੇ ਮਾਨਤਾ ਨਹੀਂ ਦਿੱਤੀ , ਉਲਟਾ ਇਸਦਾ ਮਾਖੌਲ ਉਡਾਇਆ ।
ਪਰ ਬਰੇਲ ਹਾਰ ਮੰਨਣ ਵਾਲਾ ਕਿੱਥੇ ਸੀ ਅਤੇ ਨਾਲ ਉਸਨੂੰ ਪਾਦਰੀ ਬੈਲੇਨਟਾਈਨ ਦੀ ਹੱਲਾਸ਼ੇਰੀ ਦੇ ਨਾਲ ਆਰਥਿਕ ਅਤੇ ਮਾਨਸਿਕ ਸਹਿਯੋਗ ਵੀ ਸੀ । ਉਹਨਾਂ ਨੇ ਸਰਕਾਰ ਕੋਲ ਕੋਸਿ਼ਸ਼ ਵੀ ਕੀਤੀ ਕਿ ਇਸਨੂੰ ਦ੍ਰਿਸ਼ਟੀਹੀਣ ਵਿਅਕਤੀਆਂ ਦੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦਿੱਤੀ ਜਾਵੇ । ਪਰ ਸਫ਼ਲਤਾ ਨਾ ਮਿਲ ਸਕੀ । ਅਖੀਰ 43 ਦੀ ਉਮਰ ‘ਚ ਲੁਈਸ ਅੱਖਾਂ ‘ਚ ਸੁਪਨੇ ਲੈ ਕੇ 6 ਜਨਵਰੀ 1852 ਵਿੱਚ ਇਸ ਜਹਾਨ ਤੋਂ ਕੂਚ ਕਰ ਗਿਆ ਪਰ ਉਸਦੇ ਯਤਨਾਂ ਅਤੇ ਲਿੱਪੀ ਨੇ ਹਾਰ ਨਹੀਂ ਮੰਨੀ ।
ਲੂਈਸ ਬਰੇਲ ਵੱਲੋਂ ਅਵਿਕਸਤ 6 ਬਿੰਦੂਆਂ ‘ਤੇ ਆਧਾਰਿਤ ਇਹ ਲਿੱਪੀ ਉਸਦੀ ਮੌਤ ਮਗਰੋਂ ਦ੍ਰਿਸ਼ਟੀਹੀਣ ਵਿਅਕਤੀਆਂ ‘ਚ ਲਗਾਤਾਰ ਪ੍ਰਸਿੱਧ ਹੁੰਦੀ ਗਈ ।
ਸਿੱਖਿਆ ਸ਼ਾਸਤਰੀਆਂ ਨੂੰ ਉਸਦੇ ਕਾਰਜ ਦੀ ਸਮਝ ਬਰੇਲ ਦੀ ਮੌਤ ਤੋਂ ਬਾਅਦ ਲੱਗੀ । ਫਿਰ ਉਸਦੀ ਸੋਚ ਅਤੇ ਖੋਜ ਨੂੰ ਮਾਨਤਾ ਮਿਲਣੀ ਸੁਰੂ ਹੋਈ ।
ਉਸਦੀ ਮੌਤ ਤੋਂ ਲਗਭਗ 100 ਸਾਲ ਬਾਅਦ ਫਰਾਂਸ ਵਿੱਚ 20 ਜੂਨ 1952 ਦੇ ਉਸਦੇ ਸਨਮਾਨ ਦਾ ਦਿਨ ਨਿਰਧਾਰਿਤ ਕੀਤਾ ਗਿਆ । ਲੂਈਸ ਦੇ ਪਿੰਡ ਕੁਪਰੇ ਵਿੱਚ 100 ਸਾਲ ਪਹਿਲਾ ਦਫ਼ਨਾਏ ਗਏ ਉਸਦੇ ਮ੍ਰਿਤਕ ਸਰੀਰ ਦੇ ਅੰਸ਼ ਸਰਕਾਰੀ ਸਨਮਾਨ ਨਾਲ ਬਾਹਰ ਕੱਢੇ ਗਏ । ਸਥਾਨਕ ਪ੍ਰਸ਼ਾਸਨ ਅਤੇ ਫੌਜ ਦੇ ਸਿਖਰਲੇ ਅਧਿਕਾਰੀਆਂ ਦੇ ਵੱਢ ਵਢੇਰਿਆਂ ਨੇ ਉਸਦੀ ਖੋਜ ਦਾ ਮਜ਼ਾਕ ਉਡਾਇਆ ਸੀ , ਵੱਲੋ ਆਪਣੀ ਗਲਤੀ ਮੁਆਫੀ ਲਈ ਲੂਈਸ ਦੀ ਕਬਰ ਕੋਲ ਇਕੱਠੇ ਹੋ ਕੇ ਮੁਆਫੀ ਮੰਗੀ ਗਈ । ਫੌਜੀ ਬੈਂਡ ਨਾਲ ਸੋਗੀ ਧੁਨ ਵਜਾਈ ਗਈ ਅਤੇ ਰਾਸ਼ਟਰੀ ਝੰਡੇ ਵਿੱਚ ਇਸ ਮਹਾਨ ਖੋਜੀ ਦੇ ਸਰੀਰ ਦੇ ਅੰਸ਼ ਸਨਮਾਨਜਨਕ ਢੰਗ ਨਾਲ ਲਪੇਟੇ ਗਏ ਅਤੇ ਇਤਿਹਾਸਕ ਭੁੱਲ ਲਈ ਉਸਦੇ ਮ੍ਰਿਤਕ ਸ਼ਰੀਰ ਸਾਹਮਣੇ ਸਮੁੱਚੇ ਰਾਸ਼ਟਰ ਤੋਂ ਮੁਆਫੀ ਮੰਗੀ ਗਈ ।
ਫਿਰ ਸਰਕਾਰੀ ਸਨਮਾਨਾਂ ਦੁਬਾਰਾ ਦਫ਼ਨਾਇਆ ਗਿਆ ।
ਉਸਦੀ ਦੇਣ ਨਾਲ ਪੂਰੀ ਮਨੁੱਖਤਾ ਲਈ ਸਹਾਈ ਸਿੱਧ ਹੋ ਰਹੀ ਹੈ। ਸਾਲ 2009 ਵਿੱਚ 4 ਜਨਵਰੀ ਨੂੰ ਉਸਦੇ 200 ਸਾਲਾ ਜਨਮ ਦਿਨ ਮੌਕੇ ਭਾਰਤ ਸਰਕਾਰ ਨੇ ਉਸਨੂੰ ਸ਼ਰਧਾਜਲੀ ਦਿੰਦੇ ਹੋਏ ਇੱਕ ਡਾਕ ਟਿਕਟ ਜ਼ਾਰੀ ਕੀਤੀ ।
ਇਸ ਤਰ੍ਹਾਂ ਦੇ ਮਹਾਨ ਲੋਕਾਂ ਦੀਆਂ ਜਿੰਦਗੀ ਸਾਨੂੰ ਹਰ ਔਕੜ ਨਾਲ ਟੱਕਰ ਦੇਣ ਲਈ ਪ੍ਰੇਰਦੀਆਂ ਰਹਿਣਗੀਆਂ ।

Total Views: 153 ,
Real Estate