ਇੰਡੀਆ ਵਿੱਚ ਫਰਵਰੀ ਦੇ ਆਖਰੀ ਹਫ਼ਤੇ, ਬਹੁਤ ਹੀ ਵਧੀਆ ਧੁੱਪ ਨਿਕਲੀ ਸੀ। ਇੱਕ ਦਿਨ ਆਪਣੇ ਪਿੰਡ ਸੇਖਾ ਕਲਾਂ ਆਪਣੇ ਘਰ ਦੇ ਮੂਹਰੇ ਖੜਾ ਧੁੱਪ ਦਾ ਨਿੱਘ ਮਾਣ ਰਿਹਾ ਸੀ। ਕੈਨੇਡਾ ਵਿੱਚ ਇਹੋ ਜਿਹੀ ਧੁੱਪ ਘੱਟ ਹੀ ਨਸੀਬ ਹੁੰਦੀ ਹੈ, ਖਾਸ ਤੌਰ ਤੇ ਸਾਡੇ ਸ਼ਹਿਰ ਰੀਜਾਇਨਾ (Queen City) ਵਿੱਚ, ਧੁੱਪ ਨਿਕਲੀ ਨੀ ਹਵਾ ਚੱਲੀ ਨੀ। ਇਸੇ ਕਰਕੇ ਇਸ ਸ਼ਹਿਰ ਨੂੰ Windy city ਕਿਹਾ ਜਾ ਹੈ। ਕੀ ਵੇਖਿਆ ਕਿ ਗੂੜੇ ਪੀਲ਼ੇ ਰੰਗ ਦੀ ਮਿੰਨੀ ਬੱਸ ਆ ਕੇ ਰੁਕੀ, ਜਿੱਥੇ ਤਿੰਨ ਸਾਢੇ ਤਿੰਨ ਸਾਲ ਦਾ ਬੱਚਾ ਟਾਈ ਛਾਈ ਲਾ ਕੇ, ਆਪਣੇ ਤੋਂ ਵੀ ਜ਼ਿਆਦਾ ਭਾਰਾ ਬੈਗ(ਪਿੱਠੂ) ਚੁੱਕੀ ਖੜਾ ਸੀ। ਕਿੱਥੇ ਚੜਿਆ ਜਾਣਾ ਸੀ ਐਨਾ ਭਾਰ ਲੈਕੇ। ਚੱਕ ਕੇ ਝੜਾ ਦਿੱਤਾ, ਗੂੜੇ ਰੰਗ ਦੀ ਅੰਗਰੇਜ਼ੀ ਬੱਸ ਵਿੱਚ।
“Child is the father of the man” ਭਾਵ ਬੱਚਾ ਆਦਮੀ ਦਾ ਬਾਪੂ ਹੁੰਦਾ ਹੈ। ਕਹੋਗੇ ਇਹ ਕਿਵੇਂ ਹੋ ਸਕਦਾ ਹੈ,ਐਵੇਂ ਮਗ਼ਜ਼ ਮਾਰੀ ਜਾਂਦਾ ਹੈ। ਦੁਨੀਆਂ ਦੇ ਮਹਾਨ ਮਨੋਵਿਗਿਆਨੀ ਸਿਗਮੰਡ ਫਰਾਇਡ ਦੇ ਅਨੁਸਾਰ, ਭਾਵੇਂ ਵਿਅਕਤੀ ਕਿੰਨੇ ਵੀ ਸਿਆਣੇ ਜਾਂ ਸੂਝਵਾਨ ਕਿਉਂ ਨਾ ਹੋਣ, ਉਨ੍ਹਾਂ ਦੇ ਬਚਪਨ ਅਤੇ ਬਚਪਨ ਦੇ ਅਨੁਭਵ ਉਨ੍ਹਾਂ ਦੇ ਬਾਲਗ ਜੀਵਨ ਨੂੰ ਢਾਉਂਦੇ ਤੇ ਸਵਾਰਦੇ ਹਨ। ਦੁਨੀਆ ਵਿੱਚ ਜਿੰਨੇ ਵੀ ਕਾਤਲ, ਚੋਰ-ਉਚੱਕੇ, ਮਾਨਸਿਕ ਰੋਗੀ ਹੁੰਦੇ ਹਨ, ਮਾਪਿਆਂ ਨੇ ਬੱਚਿਆਂ ਦੀ ਖੇਡਣ ਕੁੱਦਣ ਦੀ ਜਿੰਦਗੀ ਨਾਲ ਕੋਈ ਖਲਵਾੜ ਕੀਤਾ ਹੁੰਦਾ ਹੈ।
ਦਰਅਸਲ ਆਦਮੀ ਇੱਕ ਇਕੱਲਾ ਜਾਨਵਰ ਹੈ ਜੋ ਜਨਮ ਲੈਣ ਸਮੇਂ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਅੰਗਰੇਜ਼ੀ ਵਿੱਚ Tabula Rosa ਕਿਹਾ ਜਾਂਦਾ ਹੈ। ਬਾਕੀ ਸਭ ਜਾਨਵਰ ਸਿੱਖੇ ਸਿਖਾਏ ਆਉਂਦੇ ਹੁੰਦੇ ਹਨ। ਜਿਸ ਤਰਜ਼ ਨਾਲ ਇੰਡੀਆ ਵਿੱਚ ਕੁੱਤੇ ਭੌਂਕਦੇ ਹਨ, ਇੱਥੇ ਕੈਨੇਡਾ ਵੀ ਬਿਲਕੁਲ ਉਹੀ ਤਰਜ਼। ਆਸਟਰੇਲੀਆ ਵਿੱਚ ਜਿਸ ਤਰ੍ਹਾਂ ਕੁੱਕੜ, ਕੁਕੜੂ-ਘੜੂੰ ਦਾ ਰਾਗ ਅਲਾਪਦੇ ਹਨ, ਬਿਲਕੁਲ ਇਸੇ ਤਰ੍ਹਾਂ ਦਾ ਰਾਗ ਚੀਨ-ਜਾਪਾਨ ਵਿੱਚ ਵੀ ਅਲਾਪਦੇ ਹਨ। ਇਸ ਦੇ ਉਲਟ ਬੱਚਿਆਂ ਦੀ ਤਖ਼ਤੀ ਤੇ ਜੋ ਕੁਝ ਵੀ ਮਾਪੇ ਲਿਖ ਦਿੰਦੇ ਹਨ, ਉਹ ਧੋਤਾ ਨਹੀਂ ਜਾਂਦਾ।
“ਧੋਤਿਆਂ ਮੂਲ ਨਾ ਉਤਰੋ, ਜੋ ਸਹੁੰ ਧੋਵੈ ਤਿੱਸ”।
ਮਨੁੱਖੀ ਜੀਵਨ ਵਿੱਚ ਕਈ ਪੜਾਅ ਆਉਂਦੇ ਹਨ। ਪਹਿਲੇ ਪੜਾਅ ਵਿੱਚ ਆਉੰਦਾ ਹੈ ਬਾਲਪਣ। ਜਿੰਦਗੀ ਦੇ ਇਸ ਪੜਾਅ ਵਿੱਚ ਬੱਚੇ ਆਪਣੇ ਮਾਪਿਆਂ ਦੀ ਨਕਲ ਕਰਦਾ ਹੈ।”Monkey see monkey do”। ਪਹਿਲੇ ਪੰਜਾਂ ਸਾਲਾਂ ਵਿੱਚ ਮਨੁੱਖੀ ਮਹਿਲ ਦੀਆਂ ਨੀਹਾਂ ਨੂੰ ਪੱਕਿਆਂ ਕਰਨਾ ਮਾਪਿਆਂ ਦੇ ਹੱਥ ਵਿੱਚ ਹੁੰਦਾ ਹੈ। ਇਹ ਨੀਹਾਂ ਐਨੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ ਕਿ ਇਹਦੇ ਉੱਪਰ ਵੱਡੀ ਤੋਂ ਵੱਡੀ ਇਮਾਰਤ ਖੜ੍ਹੀ ਕੀਤੀ ਜਾ ਸਕਦੀ ਹੈ । ਸਾਇੰਸ ਵੀ ਇਹੋ ਕਹਿੰਦੀ ਹੈ ਕਿ ਮਨੁੱਖਤਾ ਦੀ ਬੁਨਿਆਦ ਪਹਿਲੇ ਪੰਜਾਂ ਸਾਲਾਂ ਵਿੱਚ ਬੱਝ ਜਾਂਦੀ
ਹੈ। ਜਿੰਦਗੀ ਦੇ ਮਹਿਲ ਦੀਆਂ ਨੀਂਹਾਂ ਨੂੰ ਪੱਕਿਆਂ ਕਰਨ ਵਾਲਾ ਇੱਕੋ ਇੱਕ ਕਾਰੀਗਰ ਹੈ, ਓਹ ਹਨ ਮਾਪੇ। ਉਨ੍ਹਾਂ ਦੀ ਜਗਾਹ ਹੋਰ ਕੋਈ ਨਹੀਂ ਲੈ ਸਕਦਾ। ਮਨੁੱਖੀ ਮਹਿਲ ਦੀਆਂ ਨੀਂਹਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਸਿਰਫ ਤੇ ਸਿਰਫ ਮਾਪਿਆਂ ਪਾਸ ਹੁੰਦੀ ਹੈ, ਕਿਸੇ ਦੂਸਰੇ ਪਾਸ ਹੋ ਹੀ ਨਹੀਂ ਸਕਦੀ, ਉਹ ਹੈ ਮੋਹ, ਪਿਆਰ, ਲਾਡ, ਲੋਰੀਆਂ ਤੇ
ਝਿੜਕਾਂ।

ਰੀਜਾਇਨਾ (ਕੈਨੇਡਾ)
















