ਸਾਂਝ ਨਿਭਾਵਣ ਵਾਲੇ ਤੋਂ ਨਈਂ ਰੱਖੇ ਓਲ੍ਹੇ ਜਾਂਦੇ -ਮੁਹੰਮਦ ਹਨੀਫ਼ ਸਾਕੀ

ਮੁਹੰਮਦ ਹਨੀਫ਼ ਸਾਕੀ

ਸਾਂਝ ਨਿਭਾਵਣ ਵਾਲੇ ਤੋਂ ਨਈਂ ਰੱਖੇ ਓਲ੍ਹੇ ਜਾਂਦੇ
ਹਾਰੀ-ਸਾਰੀ ਬੰਦੇ ਅੱਗੇ ਦੁੱਖ ਨਈਂ ਫੋਲੇ ਜਾਂਦੇ

ਜਿਣਸ ਬਕਾ ਜੇ ਲੈਣੀ ਹੋਵੇ ਮੁੱਲ ਨਈਂ ਪੁੱਛਿਆ ਜਾਂਦਾ
ਜਿੱਥੇ ਹੋਣ ਸਿਰਾਂ ਦੇ ਸੌਦੇ ਧੜ ਨਈਂ ਤੋਲੇ ਜਾਂਦੇ

ਕਾਲੇ ਬੱਦਲ ਇੰਝ ਆਉਂਦੇ ਨੇ ਕੱਚੀਆਂ ਕੁੱਲੀਆਂ ਉੱਤੇ
ਬੇਵਾ ਦਾ ਸਿਰ ਕੱਜਣ ਦੇ ਲਈ ਜਿਵੇਂ ਵਿਚੋਲੇ ਜਾਂਦੇ

ਕਿਧਰੇ ਦੇਖੇ ਦੌਲਤ ਵਾਲੇ ਔਤਰ ਜਾਣ ਜਹਾਨੋਂ
ਕਿਧਰੇ ਰੂੜੀਆਂ ਉੱਤੇ ਜੰਮਦੇ ਲਾਲ ਮਧੋਲੇ ਜਾਂਦੇ

ਧੀਆਂ ਲੈ ਕੇ ਸਹੁਰੇ ਬਣਦੇ ਸੌ-ਸੌ ਨਾਜ਼ ਵਿਖਾਵਣ
ਪੇਕਿਆਂ ਵੱਲੋਂ ਤੋੜਾ ਵੱਟਾ ਨਾਲ ਭੜੋਲੇ ਜਾਂਦੇ

ਆਉਣਾ ਸਾਡਾ ਪਾਣੀ ਉੱਤੇ ਜਿਉਂ ਕਾਗਜ਼ ਦੀ ਬੇੜੀ
ਜਾਣਾ ਸਾਡਾ ਜਿਵੇਂ ਰੜੇ ਤੋਂ ਵਾਵਰੋਲੇ ਜਾਂਦੇ

ਡਰਨਾ ਵਾਂ ਹੁਣ ਸਾਹਵਾਂ ਵਾਲੀ ਡੋਰੀ ਟੁੱਟ ਨਾ ਜਾਵੇ
ਸਾਕੀ ਮੈਥੋਂ ਹੋਰ ਨਈਂ ਤੇਰੇ ਗੁੰਝਲ ਖੋਲ੍ਹੇ ਜਾਂਦੇ

 

Total Views: 123 ,
Real Estate