ਦਾਨ ਸਿੰਘ ਵਾਲਾ ਕਾਂਡ : ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸਵਾਲਾਂ ਦੇ ਘੇਰੇ ‘ਚ । ਪੀੜਤਾਂ ਦੇ ਮਨਾਂ ‘ਚ ਸਹਿਮ ਬਰਕਰਾਰ

ਸੁਖਨੈਬ ਸਿੰਘ ਸਿੱਧੂ
ਦਾਨ ਸਿੰਘ ਵਾਲਾ ਬਠਿੰਡੇ ਜਿਲ੍ਹੇ ਦਾ ਗੋਨਿਆਣਾ ਤੋਂ 15 ਕੁ ਕਿਲੋਮੀਟਰ ਦੂਰ ਪੈਂਦਾ ਇਤਿਹਾਸਕ ਨਗਰ ਹੈ। ਵੀਰਵਾਰ ਨੂੰ ਰਾਤ ਨੂੰ ਜੋ ਅਣਮਨੁੱਖੀ ਕਾਰਾ ਇੱਥੋਂ ਦੇ ਕੋਠੇ ਬਾਬਾ ਜੀਵਨ ਸਿੰਘ ‘ਚ ਵਾਪਰਿਆ ਇਹ ਪੰਜਾਬ ਦੇ ਇਤਿਹਾਸ ‘ਚ ਕਦੇ ਨਹੀਂ ਵਾਪਰਿਆ ਸੀ। ਜਿੱਥੇ ਅੱਧਾ ਦਰਜਨ ਤੋਂ ਵੱਧ ਘਰਾਂ ਤੇ ਪੈਟਰੋਲ ਬੰਬਾਂ ਨਾਲ ਹਮਲੇ ਕਰਕੇ ਅੱਗ ਲਗਾ ਬੁਰੀ ਤਰ੍ਹਾਂ ਸਾੜ ਦਿੱਤਾ , ਜਿਹੜਾ ਸਾਹਮਣੇ ਆਇਆ ਉਹਨਾ ਦੀ ਕੁੱਟਮਾਰ ਕੀਤੀ ਅਤੇ ਕੀਮਤੀ ਸਮਾਨ ਲੁੱਟ ਕੇ ਲੈ ਗਏ ।
ਪੀੜਤਾਂ ਦੀ ਪੀੜ ਅਤੇ ਖ਼ਤਰਾ ਜੇ ਪਿੰਡ ਦੇ ਸਰਪੰਚ ਅਤੇ ਨਹੀਆਂ ਵਾਲਾ ਥਾਣੇ ਦੀ ਪੁਲੀਸ ਨੇ ਸਮਝੀ ਹੁੰਦੀ ਤਾਂ ਇਹ ਘਟਨਾ ਨਾ ਵਾਪਰਦੀ । ਇੱਥੇ ਵੀ ਉਹ ਹੀ ਹੋਇਅ ਜਿਹੜਾ ਅਕਸਰ ਹੁੰਦਾ ਕਿ ਗੁੰਡਾ ਕਿਸਮ ਦੇ ਲੋਕਾਂ ਨੂੰ ਸਿਆਸੀ ਅਤੇ ਪੁਲੀਸ ਦੀ ਸ਼ਹਿ ਮਿਲਦੀ ਅਤੇ ਮਾਤੜ ਰੁੱਲ ਜਾਂਦੇ ਹਨ ।
ਪੀੜਤਾਂ ਦਾ ਕਹਿਣਾ ਕਿ ਸਾਡੇ ਘਰਾਂ ਵਿੱਚੋਂ ਹੀ ਹਰਫੂਲ ਸਿੰਘ ਦਾ ਮੁੰਡਾ ਰਮਿੰਦਰ ਚਿੱਟਾ ਵੇਚਦਾ ਸੀ , ਇਸ ਬਸਤੀ ਦੇ ਵਸਨੀਕਾਂ ਨੇ ਉਹਨੂੰ ਕਿਹਾ ਸੀ ਇੱਥੇ ਨਸ਼ਾ ਨਾ ਵੇਚਿਆ ਕਰ, ਜਿਸ ਮਗਰੋਂ ਦੋਵਾਂ ਧਿਰਾਂ ‘ਚ ਤਤਕਾਰ ਹੋਈ ।
ਪੀੜਤਾਂ ਨੇ ਦੱਸਿਆ ਕਿ ਜਦੋਂ ਸਾਰੀ ਕਹਾਣੀ ਸਰਪੰਚ ਕੋਲ ਦੱਸੀ ਤਾਂ ਮੁੱਖ ਦੋਸ਼ੀ ਉੱਥੇ ਸੀ ਸਰਪੰਚ ਬੰਤਾ ਸਿੰਘ ਨੇ ਉਸਨੂੰ ਕੁਝ ਨਹੀਂ ਕਿਹਾ ਅਤੇ ਉਹ ਸਰਪੰਚ ਦੀ ਹਾਜ਼ਰੀ ‘ਚ ਘਰਾਂ ਨੂੰ ਅੱਗ ਲਾਉਣ ਦੀ ਧਮਕੀ ਦਿੰਦਾ ਰਿਹਾ ।
ਕੇਵਲ ਸਿੰਘ ਅਤੇ ਉਸਦੇ ਭਰਾ ਦਾ ਘਰ ਬੁਰੀ ਤਰ੍ਹਾਂ ਅੱਗ ਨਾਲ ਸੜਿਆ ਪਿਆ। ਛੱਤ ਪਾੜੀ ਹੋਈ ਅਤੇ ਮੋਟਰ ਸਾਈਕਲ ਨੂੰ ਅੱਗ ਲਾ ਦਿੱਤੀ ਸੀ, ਮੋਟਰ ਸਾਈਕਲ ਨੂੰ ਪੁਲੀਸ ਵਾਲੇ ਚੱਕ ਕੇ ਠਾਣੇ ਗਏ । ਇਹ ਹੀ ਹਾਲਤ ਬਾਕੀ 6 ਘਰਾਂ ਦੀ ।
ਧਾਹਾਂ ਮਾਰ ਮਾਰ ਸੜੇ ਹੋਏ ਘਰ ਨੂੰ ਦੇਖ ਦੇਖ ਰੋਂਦੀ ਕੇਵਲ ਸਿੰਘ ਦੀ ਮਾਤਾ ਨੇ ਦੱਸਿਆ ਕਿ ਮੇਰੇ ਜਵਾਕਾਂ ਨੇ ਤਾਂ ਉਹਨਾ ਨੂੰ ਐਨਾ ਹੀ ਕਿਹਾ ਸੀ ਕਿ ਇੱਥੇ ਖੜ੍ਹਕੇ ਚਿੱਟਾ ਨਾ ਵੇਚਿਆ ਕਰ ,ਉਹ ਕਹਿੰਦਾ ਥੋਡੇ ਘਰਾਂ ਨੂੰ ਅੱਗ ਲਾਊਂ ।
ਸਾਡੀ ਸਰਪੰਚ ਨੇ ਵੀ ਨਹੀ ਨਈ ਸੁਣੀ , ਰਮਿੰਦਰ ਉਹਦੇ ਨਾਲ ਡਰਾਈਵਰ ਲੱਗਿਆ ਹੋਇਆ ।
ਕੇਵਲ ਦੇ ਭਰਾ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਸੀ , ਜਿਸਦੀ ਅੱਖ ਵੀ ਨੁਕਸਾਨੀ ਗਈ ਹੈ। ਇਸ ਤੋਂ ਇਲਾਵਾ 5 ਜਣੇ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ।
ਜਦੋਂ ਰਮਿੰਦਰ ਸਿੰਘ ਪੁੱਤਰ ਹਰਫੂਲ ਸਿੰਘ ਦੇ ਘਰ ਵੱਲ ਨਜ਼ਰ ਮਾਰੀ ਤਾਂ ਉਹਦੇ ਟੀਨ ਦਾ ਦਰਵਾਜ਼ਾ ਬੁਰੀ ਤਰ੍ਹਾਂ ਭੰਨਿਆ ਹੋਇਆ ਅਤੇ ਗੁਸਲਖਾਨੇ ਵਾਸ਼ਬੇਸ਼ਣ ਆਦਿ ਭੰਨੇ ਪਏ ਸੀ । ਉੱਥੇ ਖੜ੍ਹੇ ਇੱਕ ‘ਸਾਂਝੇ ਬੰਦੇ’ ਨੇ ਸਾਨੂੰ ਕਿਹਾ ‘ ਪਹਿਲਾਂ ਇਹ ਮੁੰਡੇ ਦੇ ਘਰ ‘ਤੇ 5 ਵਜੇ ਹਮਲਾ ਕੀਤਾ ਫਿਰ ਇਹਨੇ ਬੰਦੇ ਕੱਠੇ ਕਰਕੇ ਦੂਜਿਆਂ ਦੇ ਘਰਾਂ ਤੇ ਹਮਲਾ ਕੀਤਾ , ਇਹ ਮੁੰਡਾ ਮਿਹਨਤੀ ਸੀ , ਘਰ ਕਿੰਨਾ ਸੋਹਣਾ ਬਣਾਇਆ ।’
ਜਦੋਂ ਅਸੀਂ ਪੁੱਛਿਆ ਰਮਿੰਦਰ ਦਾ ਕੰਮ ਕੀ ?
ਤਾਂ ‘ਸਾਂਝੇ ਬੰਦੇ ‘ ਕੋਲ ਕੋਈ ਸਾਰਥਿਕ ਜਵਾਬ ਨਹੀਂ ਸੀ ।
ਇਹ ਬਾਬਤ ਜਦੋਂ ਪੀੜਤਾਂ ਨੂੰ ਪੁੱਛਿਆ ਤਾਂ ਸਾਰਿਆਂ ਇੱਕੋਂ ਗੱਲ ਆਖੀ ਕਿ ਕਰਾਸ ਕੇਸ ਬਣਾਉਣ ਲਈ ਉਹਦੇ ਘਰ ਇਹ ਭੁੰਨਤੋੜ ਪੁਲਿਸ ਨੇ ਆਪ ਕੀਤੀ ਸੀ ।
ਹੋਰ ਘਰ ਜਿੱਥੋ ਦੋ ਸਕੇ ਭਰਾ ਰਹਿੰਦੇ ਸਨ , ਉੱਥੋ ਹਮਲਾਵਰ ਨੇ ਬਹੁਤ ਕਹਿਰ ਵਰਤਾਇਆ ਉਹਨਾ ਦੀਆਂ ਪੇਟੀਆਂ / ਅਲਮਾਰੀਆਂ ਨੂੰ ਅੱਗਾਂ ਲਾ ਦਿੱਤੀਆਂ । ਪਰਿਵਾਰ ਦੱਸਦਾ ਕਿ ਸਾਡੀਆਂ 15-16 ਬੱਕਰੀਆਂ ਵੀ ਖੋਲ੍ਹ ਕੇ ਲੈ ਗਏ ਅਤੇ ਬਾਕੀ ਜਿੰਨ੍ਹਾਂ ਸਮਾਨ ਹੱਥ ਲੱਗਾ ਉਹ ਲੈ ਗਏ , ਭਾਂਡਾ ਠੀਕਰ ਭੰਨ ਗਏ । ਜਦੋਂ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਦੋ ਮੁਲਾਜਿ਼ਮ ਗੇੜਾ ਕੱਢ ਕੇ ਮੁੜ ।
ਇਹੀ ਹਾਲ ਪਰਸਨ ਸਿੰਘ ਦੇ ਘਰ ਦਾ ਕੀਤਾ । ਉਹਨਾ ਨੇ ਜੀਹਦੇ ਘਰ ਹਮਲਾ ਕੀਤਾ ਉਹਦੇ ਘਰ ਬੈਠਣ ਲਈ ਮੰਜਾ ਪੀੜੀ ਵੀ ਨਹੀਂ ਬਚੀ ।
ਨਸਿ਼ਆਂ ਵਿਰੁੱਧ ਮੁਹਿੰਮ ਛੇੜਣ ਵਾਲਾ ਪਰਮਿੰਦਰ ਸਿੰਘ ਝੋਟਾ ਵੀ ਆਪਣੇ ਸਾਥੀਆਂ ਨਾਲ ਇੱਥੇ ਪਹੁੰਚਿਆ ਹੋਇਆ ਸੀ । ਉਸਨੇ ਮੁੱਖ ਦੋਸ਼ੀ ਬਾਰੇ ਕਿਹਾ ਕਿ ਇਹਨੂੰ ਸਰਪੰਚ ਦੀ ਸ਼ਹਿ ਹੈਗੀ ਹੀ , ਨਾਲ ਹੀ ਹਲਕਾ ਭੁੱਚੋ ਦੇ ਐਮਐਲਏ ਦਾ ਨਾਂ ਲੈਂਦਿਆਂ ਝੋੇਟੇ ਕਿਹਾ ਕਿ ਐਮਐਲਏ ਦੇ ਨਾਲ ਇਸਦੀਆਂ ਤਸਵੀਰਾਂ ਹਨ ।
ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਝੋਟੇ ਨੇ ਸਵਾਲ ਖੜੇ ।
ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਕਾਮਰੇਡ ਅਮੀ ਲਾਲ ਨੇ ਆਖਿਆ ਕਿ ਇਸ ਕੇਸ ਦੀ ਪੈਰਵੀ ਖਾਤਿਰ ਅਸੀਂ ਐਕਸ਼ਨ ਕਮੇਟੀ ਬਣਾ ਦਿੱਤੀ ਹੈ, 6 ਕਿਸਾਨੀ ਅਤੇ 3 ਮਜਦੂਰ ਜਥੇਬੰਦੀਆਂ ਸਮੇਤ ਹੋਰ ਵੱਖ ਵੱਖ ਧਿਰਾਂ ਸਾਡੇ ਨਾਲ ਜੁੜ ਰਹੀਆਂ ਹਨ ਅਤੇ ਸੋਮਵਾਰ ਨੂੰ ਇਹ ਮਾਮਲੇ ਸਬੰਧੀ ਐਸਐਸਪੀ ਬਠਿੰਡਾ ਅਤੇ ਡੀਸੀ ਬਠਿੰਡਾ ਨੂੰ ਮਿਲਾਂਗੇ। ਜੇਕਰ ਉਹ ਫੌਰੀ ਕਾਰਵਾਈ ਨਹੀਂ ਕਰਦੇ ਤਾਂ ਫਿਰ ਵੱਡਾ ਸੰਘਰਸ਼ ਵਿੱਿਢਆ ਜਾਵੇਗਾ । ਇਹ ਗਰੀਬਾਂ ਦੇ ਆਰਥਿਕ ਨੁਕਸਾਨ ਦੀ ਪੂਰਤੀ ਵੀ ਕਰਵਾਈ ਜਾਵੇਗੀ ।
ਪੁਲੀਸ ਵੱਲੋਂ ਪੀੜਤਾਂ ਦੀ ਸਿ਼ਕਾਇਤ ਮਗਰੋਂ ਰਮਿੰਦਰ ਸਿੰਘ , ਧਰਮਪ੍ਰੀਤ ਸਿੰਘ , ਲਵਪ੍ਰੀਤ ਸਿੰਘ , ਸੱਤਪਾਲ ਸਿੰਘ , ਜੀਵਨ ਸਿੰਘ , ਹੈਪੀ ਸਿੰਘ ਅਤੇ ਰੇਸ਼ਮ ਸਿੰਘ ਸਮੇਤ 20-25 ਅਣਪਛਾਤਿਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਤਿੰਨ ਵਿਅਕਤੀਆਂ ਰੇਸ਼ਮ ਸਿੰਘ ਅਤੇ ਰਣਜੀਤ ਸਿੰਘ ਵਾਸੀ ਦਾਨ ਸਿੰਘ ਵਾਲਾ ਅਤੇ ਮਹਿਮਾ ਸਰਜਾ ਦੇ ਖੁਸ਼ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪ੍ਰੰਤੂ ਮੁੱਖ ਮੁਲਜਿ਼ਮ ਅਤੇ ਇਸ ਸਾਰੇ ਛੜਯੰਤਰ ਪਿੱਛੇ ਚੱਲ ਰਹੇ ਨੈਟਵਰਕ ਤੱਕ ਹਾਲੇ ਕਾਨੂੰਨ ਦੇ ਲੰਬੇ ਹੱਥ ਪਹੁੰਚੇ ਨਹੀ।
ਸਰਕਾਰ ਦੇ ਰੰਗਲੇ ਪੰਜਾਬ ਬਣਾਉਣ ਦੇ ਦਾਅਵਾ ਦੀ ਫੂਕ ਕੱਢਦਾ ਇਹ ਘਟਨਾਕਰਮ ਭਗਵੰਤ ਮਾਨ ਸਰਕਾਰ ਦੀ ਕਾਰਗੁਜਾਰੀ ਵੱਡਾ ਸਵਾਲ ਵੀ ਚੁੱਕਦਾ ਹੈ।

Total Views: 229 ,
Real Estate