ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਆਦਤਨ ਅਪਰਾਧੀ, 9 ਅਪਰਾਧਿਕ ਮਾਮਲਿਆਂ ਦਾ ਕਰ ਰਿਹਾ ਸਾਹਮਣਾ: SSP ਡਾ. ਰਵਜੋਤ ਗਰੇਵਾਲ

ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਬਾਹਰ ਖ਼ੁਦਕੁਸ਼ੀ ਦੀ ਕੋਸ਼ਿਸ਼ ਸਬੰਧੀ ਤੱਥ ਸਪੱਸ਼ਟ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.), ਸੰਗਰੂਰ, ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਵਿਅਕਤੀ ਆਦਤਨ ਅਪਰਾਧੀ ਹੈ ਜਿਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਮੌਜੂਦਾ ਸਮੇਂ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਉਸ ਵਿਰੁੱਧ ਨੌਂ ਅਪਰਾਧਿਕ ਮਾਮਲੇ ਦਰਜ ਹਨ।ਉਕਤ ਵਿਅਕਤੀ, ਜਿਸ ਦੀ ਪਛਾਣ ਜੱਗਾ ਸਿੰਘ ਉਰਫ਼ ਜੋਗਾ ਉਰਫ਼ ਜਗਸੀਰ ਸਿੰਘ ਨਿਵਾਸੀ ਪਿੰਡ ਨਮੋਲ, ਥਾਣਾ ਚੀਮਾ, ਸੰਗਰੂਰ ਵਜੋਂ ਹੋਈ ਹੈ, ਨੇ ਐਤਵਾਰ ਸ਼ਾਮ ਲਗਭਗ 5:30 ਵਜੇ ਡੀ.ਸੀ. ਦਫ਼ਤਰ, ਸੰਗਰੂਰ ਦੇ ਬਾਹਰ ਕਥਿਤ ਤੌਰ ‘ਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਫੌਰਨ ਸਿਵਲ ਹਸਪਤਾਲ, ਸੰਗਰੂਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਰਾਜਿੰਦਰ ਹਸਪਤਾਲ, ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਉਸ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਉਹ ਡਾਕਟਰੀ ਨਿਗਰਾਨੀ ਹੇਠ ਹੈ।ਉਸ ਦੇ ਅਪਰਾਧਿਕ ਰਿਕਾਰਡ ਦੇ ਵੇਰਵੇ ਸਾਂਝੇ ਕਰਦਿਆਂ ਐਸ.ਐਸ.ਪੀ. ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਜੱਗਾ ਸਿੰਘ ਨੌਂ ਅਪਰਾਧਿਕ ਐਫ.ਆਈ.ਆਰ. ਵਿੱਚ ਸ਼ਾਮਲ ਆਦਤਨ ਅਪਰਾਧੀ ਹੈ। ਐਸ.ਐਸ.ਪੀ. ਸੰਗਰੂਰ ਨੇ ਦੱਸਿਆ, “ਚਾਰ ਮਾਮਲਿਆਂ ਵਿੱਚ ਉਸ ਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ ਸਜ਼ਾ ਸੁਣਾਈ ਜਾ ਚੁੱਕੀ ਹੈ, ਜਿਸ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਇੱਕ ਮਾਮਲਾ ਅਤੇ ਐਕਸਾਈਜ਼ ਐਕਟ ਤਹਿਤ ਤਿੰਨ ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ ਐਕਸਾਈਜ਼ ਐਕਟ ਤਹਿਤ ਚਾਰ ਹੋਰ ਮਾਮਲੇ ਅਦਾਲਤ ਵਿੱਚ ਵਿਚਾਰ ਅਧੀਨ ਹਨ। ਜੱਗਾ ਸਿੰਘ ‘ਤੇ ਥਾਣਾ ਠੁੱਲੀਵਾਲ ਵਿਖੇ ਬਲਾਤਕਾਰ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ, ਜਿਸ ਵਿੱਚੋਂ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।”

Total Views: 1 ,
Real Estate