ਆਮ ਲੋਕ ਵੀ ਦੇਖ ਸਕਣਗੇ ਕੇਜਰੀਵਾਲ ਦਾ ‘ਸ਼ੀਸ਼ ਮਹਿਲ’

ਦਿੱਲੀ ਦੇ ਲੋਕ ਨਿਰਮਾਣ ਵਿਭਾਗ (PWD) ਦੇ ਮੰਤਰੀ ਪਰਵੇਸ਼ ਸਾਹਿਬ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਦਿੱਲੀ ਸਰਕਾਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ‘ਸ਼ੀਸ਼ ਮਹਿਲ’ ਰਿਹਾਇਸ਼ ਨੂੰ ਆਮ ਲੋਕਾਂ ਦੇ ਦੇਖਣ ਲਈ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤੱਕ ਆਮ ਲੋਕਾਂ ਲਈ ਫੇਰੀਆਂ ਦੀ ਰਿਜ਼ਰਵੇਸ਼ਨ ਵਾਸਤੇ ਇੱਕ ਟਿਕਟਿੰਗ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਨੇ ਕਿਹਾ, “ਜਨਤਕ ਮੰਗ ਨੂੰ ਦੇਖਦਿਆਂ ਅਸੀਂ ‘ਸ਼ੀਸ਼ ਮਹਿਲ’ ਨੂੰ ਆਮ ਲੋਕਾਂ ਦੇ ਦੌਰੇ ਲਈ ਖੋਲ੍ਹ ਰਹੇ ਹਾਂ। ਅਸੀਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਮਿਸਾਲ ਦਿਖਾਵਾਂਗੇ ਕਿ ਕਿਵੇਂ ਇੱਕ ਵਿਅਕਤੀ, ਜਿਸ ਨੇ ਕਿਹਾ ਸੀ ਕਿ ਉਹ ਸਰਕਾਰੀ ਗੱਡੀ ਵੀ ਨਹੀਂ ਵਰਤੇਗਾ, ਨੇ ਕਈ ਹੋਰ ਘਰਾਂ ਨੂੰ ਢਾਹ ਕੇ ਆਪਣੇ ਲਈ ਇਹ ਆਲੀਸ਼ਾਨ ਰਿਹਾਇਸ਼ ਤਿਆਰ ਕਰਵਾਈ ਸੀ।”ਉਨ੍ਹਾਂ ਅੱਗੇ ਕਿਹਾ ਕਿ ਸ਼ੁਰੂ ਵਿੱਚ ਮੀਡੀਆ ਲਈ ਦੌਰੇ ਕਰਵਾਏ ਜਾਣਗੇ; ਜਦਕਿ ਬਾਅਦ ਵਿੱਚ ਆਮ ਲੋਕ ਟਿਕਟਾਂ ਖਰੀਦ ਕੇ ਇਸ ਰਿਹਾਇਸ਼ ਦੇ ਅੰਦਰੂਨੀ ਹਿੱਸੇ ਨੂੰ ਦੇਖ ਸਕਣਗੇ। ਫਲੈਗਸਟਾਫ ਰੋਡ ਸਥਿਤ ਬੰਗਲਾ ਨੰਬਰ 6, ਜਿੱਥੇ ਅਰਵਿੰਦ ਕੇਜਰੀਵਾਲ ਨੇ ਸਾਲ 2015 ਤੋਂ 2024 ਤੱਕ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਨਿਵਾਸ ਕੀਤਾ ਸੀ, ਨੂੰ ਫਰਵਰੀ 2025 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਇਸ ਦੇ ਕੌਮੀ ਕਨਵੀਨਰ ਵੱਲੋਂ ਕਥਿਤ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਭਾਜਪਾ ਵੱਲੋਂ “ਸ਼ੀਸ਼ ਮਹਿਲ” ਦਾ ਨਾਂ ਦਿੱਤਾ ਗਿਆ ਸੀ।

 

Total Views: 2 ,
Real Estate