ਬਠਿੰਡਾ, 20 ਸਤੰਬਰ(ਪਰਮਿੰਦਰ ਸਿੰਘ ਸਿੱਧੂ )- ਲੋਕ ਸਾਹਿਤ, ਸੱਭਿਆਚਾਰ ਅਤੇ ਕਲਾ ਨੂੰ ਸਮਰਪਿਤ ਸੰਸਥਾ ਲੋਕ ਰੰਗ ਮੰਚ (ਰਜਿ.) ਬਠਿੰਡਾ ਵੱਲੋਂ ਬੀਤੀ ਸ਼ਾਮ ਸ਼ਨੀਵਾਰ, 19 ਸਤੰਬਰ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ, ਵਿਖੇ ਲਾਈਵ ਕਾਮੇਡੀ ਨਾਟਕ “Return Back – ਬੋਲਾਂਗੇ ਸੱਚ” ਦਾ ਸਫਲ ਮੰਚਨ ਕੀਤਾ ਗਿਆ।ਨਾਟਕ ਨੇ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦਿੱਤਾ। ਦਰਸ਼ਕਾਂ ਨੇ ਖਚਾਖਚ ਭਰੇ ਹਾਲ ਵਿੱਚ ਨਾਟਕ ਦਾ ਭਰਵਾਂ ਆਨੰਦ ਮਾਣਿਆ ਅਤੇ ਕਲਾਕਾਰਾਂ ਦੀ ਖੂਬ ਸ਼ਲਾਘਾ ਕੀਤੀ। ਇਹ ਨਾਟਕ ਕੇਵਲ ਹਾਸਾ ਹੀ ਨਹੀਂ ਸਗੋਂ ਸਮਾਜ ਦੀਆਂ ਸੱਚਾਈਆਂ ਤੇ ਵੀ ਚੋਟ ਕਰਦਾ ਹੈ। ਇਸ ਵਿੱਚ ਖਾਸ ਤੌਰ ਤੇ ਪੰਜਾਬ ਤੋਂ ਵਿਦੇਸ਼ ਗਏ ਧੀਆਂ-ਪੁੱਤਾਂ ਦੁਆਰਾ ਆਪਣੇ ਮਾਪਿਆਂ ਨੂੰ ਪੰਜਾਬ ਵਿੱਚ ਇਕੱਲੇ ਛੱਡ ਦੇਣ ਦੇ ਵਿਸ਼ੇ, ਨੂੰਹ -ਸੱਸ ਦੀਆਂ ਨੋਕ -ਝੋਕ ਦੀਆਂ ਗੱਲਾਂ, ਮੋਬਾਇਲ ਫੋਨਾਂ ਦੀ ਜਿਆਦਾ ਵਰਤੋਂ, ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ, ਆਦਿ ਵਿਸ਼ਿਆਂ ਨੂੰ ਛੋਹਿਆ ਗਿਆ।
ਸ਼ਹਿਰ ਦੀਆਂ ਕਈ ਉਘੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਹੀਆਂ। ਇਸ ਮੌਕੇ ਪੰਜਾਬੀ ਰੰਗਮੰਚ ਅਤੇ ਫਿਲਮ ਜਗਤ ਦੀਆਂ ਨਾਮਵਰ ਹਸਤੀਆਂ ਮਲਕੀਤ ਰੌਣੀ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਪ੍ਰਕਾਸ਼ ਗਾਧੂ, ਭੁਪਿੰਦਰ ਬਰਨਾਲਾ, ਇਮਰਾਨ ਸੇਖ, ਜਸ਼ਨ ਹੀਰ ਅਤੇ ਵੀਰਪਾਲ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਦਰਸ਼ਕ ਹੁੰਮ-ਹੁਮਾ ਕੇ ਇਸ ਨਾਟਕ ਦਾ ਆਨੰਦ ਮਾਨਣ ਪਹੁੰਚੇ। ਇੱਥੇ ਹੀ ਜ਼ਿਕਰਯੋਗ ਹੈ ਕਿ ਇੱਥੇ ਇਸ ਨਾਟਕ ਦਾ ਇਹ ਪਹਿਲਾ ਮੰਚਨ ਸੀ ਅਤੇ 20 ਸਤੰਬਰ ਨੂੰ ਫਾਜ਼ਿਲਕਾ ਵਿਖੇ ਇਸ ਨਾਟਕ ਦਾ ਅਗਲਾ ਮੰਚਨ ਲੋਕ ਰੰਗ ਮੰਚ ਬਠਿੰਡਾ ਵੱਲੋਂ ਰੱਖਿਆ ਗਿਆ। ਇਸ ਤੋਂ ਬਾਅਦ ਇਸ ਨਾਟਕ ਦਾ ਮੰਚਨ ਵਿਦੇਸ਼ ਵੀ ਧਰਤੀ ਤੇ ਵੀ ਹੋਣ ਜਾ ਰਿਹਾ ਹੈ।
ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਗੁਰਿੰਦਰ ਸਿੰਘ ਬਰਾੜ ਤੇ ਸ਼ੇਰ ਸਿੰਘ ਢਿੱਲੋਂ ਹੁਰਾਂ ਨੇ ਦੱਸਿਆ ਕਿ ਲੋਕ ਰੰਗ ਮੰਚ ਬਠਿੰਡਾ ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਦੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਇਸ ਸਫਲ ਪ੍ਰੋਗਰਾਮ ਲਈ ਸਹਿਯੋਗੀ ਸੰਸਥਾਵਾਂ ਸਾਗਾ ਗਰੁੱਪ , ਅਰੋੜਾ ਕਲਾਸਜ਼ ਅਤੇ ਐਸ.ਬੀ.ਆਈ. ਬੈਂਕ, ਤੋ ਇਲਾਵਾ ਬ੍ਰਿਲਜ਼ ਇੰਸਟੀਚਿਊਟ, ਮਾਲਵਾ ਕਾਲਜ, ਡਾ. ਹੋਮਜ਼ ਅਕੈਡਮੀ ਆਦਿ ਦਾ ਵਿਸ਼ੇਸ਼ ਧੰਨਵਾਦ ਕੀਤਾ। ਅੰਤ ਵਿੱਚ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਦਰਸ਼ਕਾਂ ਨੇ ਜਾਣ ਲੱਗਿਆਂ ਫਿਲਮੀ ਸਿਤਾਰਿਆਂ ਨਾਲ ਯਾਦਗਾਰ ਫੋਟੋਆਂ ਖਿਚਵਾਈਆਂ ਅਤੇ ਉਹਨਾਂ ਦੇ ਇਸ ਨਾਟਕ ਦੀ ਖੂਬ ਸਰਾਹਨਾ ਕੀਤੀ।





















