ਪੰਜਾਬ ਸਰਕਾਰ ਨੇ ਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਖ਼ਿਲਾਫ਼ ਸੁਪਰੀਮ ਕੋਰਟ ’ਚ ਜਾਣ ਦੀ ਤਿਆਰੀ ਖਿੱਚ ਲਈ ਹੈ। ਸੁਪਰੀਮ ਕੋਰਟ ਲਈ ਪਟੀਸ਼ਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। 15 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੇ ਕਿਸ਼ਾਊ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ, ਜਿਸ ’ਚੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ ਹੈ। ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਯਮੁਨਾ ਬੇਸਿਨ ਪ੍ਰਾਜੈਕਟ ਅੱਗੇ ਵਧਾਇਆ ਜਾ ਰਿਹਾ ਹੈ। ਇਸ ਕੇਂਦਰੀ ਫ਼ੈਸਲੇ ਖ਼ਿਲਾਫ਼ ਪੰਜਾਬ ਸਰਕਾਰ ਹੁਣ ਕਾਨੂੰਨੀ ਲੜਾਈ ਲੜਨ ਜਾ ਰਹੀ ਹੈ।ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਅਨੁਸਾਰ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਦੇ ਖਰੜੇ ਨੂੰ ਮਨਜ਼ੂਰੀ ਦੇਣ ਲਈ ਪੱਤਰ ਲਿਖੇ ਗਏ ਹਨ। ਇਸ ਖਰੜੇ ਦੀ ਪੜਤਾਲ ਪਹਿਲਾਂ ਹੀ ਸਾਬਕਾ ਐਡਵੋਕੇਟ ਜਨਰਲ ਅਤੇ ਸੀਨੀਅਰ ਵਕੀਲ ਵੱਲੋਂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਕੇਂਦਰ ਦੀ ਅਗਵਾਈ ਹੇਠ ਹੋਈਆਂ ਪੰਜਾਬ-ਹਰਿਆਣਾ ਦੀਆਂ ਮੀਟਿੰਗਾਂ ਵਿੱਚ ਯਮੁਨਾ ਦੇ ਪਾਣੀਆਂ ’ਤੇ ਪੰਜਾਬ ਦਾ ਹੱਕ ਜਤਾ ਚੁੱਕੇ ਹਨ। ਇਸ ਸਬੰਧੀ ਉਹ ਪ੍ਰਧਾਨ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ ਪੰਜ ਪੱਤਰ ਵੀ ਲਿਖ ਚੁੱਕੇ ਹਨ।ਕਿਸ਼ਾਊ ਪ੍ਰਾਜੈਕਟ ਯਮੁਨਾ ਦੀ ਸਹਾਇਕ ਨਦੀ ‘ਟੌਂਸ’ ਉੱਤੇ ਬਣਾਇਆ ਜਾਣਾ ਹੈ। ਇਸ ਪ੍ਰਾਜੈਕਟ ਦੀ ਸਮਰੱਥਾ 422 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ ਅਤੇ ਇਸ ਤਹਿਤ ਤਕਰੀਬਨ 97 ਹਜ਼ਾਰ ਹੈਕਟੇਅਰ ਜ਼ਮੀਨ ਦੀ ਸਿੰਜਾਈ ਕੀਤੀ ਜਾਵੇਗੀ। ਇਸ ਪ੍ਰਾਜੈਕਟ ਵਿੱਚ 1,562 ਮਿਲੀਅਨ ਘਣ ਮੀਟਰ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੋਵੇਗੀ। ਪੰਜਾਬ ਲਈ ਇਹ ਸਮਝੌਤਾ ਵੱਡਾ ਝਟਕਾ ਹੈ ਕਿਉਂਕਿ ਇਸ ਪ੍ਰਾਜੈਕਟ ਤੋਂ ਮਿਲਣ ਵਾਲੇ ਲਾਭਾਂ ਨੂੰ ਸਿਰਫ਼ ਛੇ ਭਾਈਵਾਲ ਸੂਬਿਆਂ ਵਿੱਚ ਵੰਡਿਆ ਗਿਆ ਹੈ।ਪੰਜਾਬ ਸਰਕਾਰ ਦੀ ਦਲੀਲ ਹੈ ਕਿ ਇਸ ਪ੍ਰਾਜੈਕਟ ਨੂੰ ਯਮੁਨਾ ਦੇ ਪਾਣੀ ਦੀ ਵੰਡ ਦੇ ਮੌਜੂਦਾ ਪ੍ਰਬੰਧ (1994 ਦੇ ਸਮਝੌਤੇ) ਦੇ ਆਧਾਰ ’ਤੇ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਪੰਜਾਬ ਉਸ ਸਮਝੌਤੇ ਦਾ ਹਿੱਸਾ ਹੀ ਨਹੀਂ ਸੀ। ਪਟੀਸ਼ਨ ਵਿੱਚ ਇਹ ਤਰਕ ਪੇਸ਼ ਕੀਤਾ ਜਾਵੇਗਾ ਕਿ 12 ਮਈ 1994 ਨੂੰ ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਹੋਏ ਯਮੁਨਾ ਪਾਣੀ ਵੰਡ ਸਮਝੌਤੇ ਵਿੱਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। 1954 ਵਿੱਚ ਪੰਜਾਬ ਯਮੁਨਾ ਦੇ ਪਾਣੀ ਦਾ ਦੋ ਤਿਹਾਈ ਹਿੱਸੇਦਾਰ ਸੀ ਅਤੇ 1994 ਦੇ ਪ੍ਰਬੰਧ ’ਚ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਸ ਸਮਝੌਤੇ ਨੂੰ ਮੁਕੰਮਲ ਜਾਂ ਅੰਤਿਮ ਨਹੀਂ ਮੰਨਿਆ ਜਾ ਸਕਦਾ।ਜਲ ਸਰੋਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 1972 ਦੀ ਸਿੰਜਾਈ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਯਮੁਨਾ ਬੇਸਿਨ ਦੇ ਅਧੀਨ ਆਉਂਦਾ ਹੈ। ਪੰਜਾਬ ਸਰਕਾਰ 1992 ਤੋਂ ਕੇਂਦਰ ਤੋਂ ਮੰਗ ਕਰ ਰਹੀ ਹੈ ਕਿ ਪੰਜਾਬ ਨੂੰ ਯਮੁਨਾ ਦੇ ਪਾਣੀ ਦੀ ਵੰਡ ਬਾਰੇ ਸਾਰੀਆਂ ਵਿਚਾਰ-ਚਰਚਾਵਾਂ ’ਚ ਸ਼ਾਮਲ ਕੀਤਾ ਜਾਵੇ। ਯਮੁਨਾ ਪਾਣੀ-ਵੰਡ ਸਮਝੌਤੇ ਨੂੰ ਮੁਕੰਮਲ ਜਾਂ ਅੰਤਿਮ ਸਮਝੌਤਾ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਖ਼ਾਸ ਕਰਕੇ ਇਸ ਦੀ ਧਾਰਾ 8 ਵਿੱਚ 2025 ਤੋਂ ਬਾਅਦ ਸਮੀਖਿਆ ਕਰਨ ਦੀ ਵਿਵਸਥਾ ਹੈ। ਪੰਜਾਬ ਚਾਹੁੰਦਾ ਹੈ ਕਿ ਇਸ ਸਮੀਖਿਆ ਦੌਰਾਨ ਉਸ ਦੇ ਦਾਅਵੇ ’ਤੇ ਵੀ ਵਿਚਾਰ ਕੀਤਾ ਜਾਵੇ।ਪੰਜਾਬ ਦੀ ਦਲੀਲ ਅਨੁਸਾਰ 1966 ਵਿੱਚ ਰਾਜ ਦੇ ਪੁਨਰਗਠਨ ਤੋਂ ਪਹਿਲਾਂ ਰਾਵੀ ਅਤੇ ਬਿਆਸ ਵਾਂਗ ਯਮੁਨਾ ਦੇ ਪਾਣੀਆਂ ’ਚ ਪੁਰਾਣੇ ਪੰਜਾਬ ਦਾ ਹਿੱਸਾ ਸੀ। ਇੱਕ ਸੀਨੀਅਰ ਅਧਿਕਾਰੀ ਨੇ ਸਪੱਸ਼ਟ ਕੀਤਾ, ‘‘ਜੇ ਹਰਿਆਣਾ ਰਾਵੀ ਅਤੇ ਬਿਆਸ ਦਰਿਆਵਾਂ ਦੇ ਕੰਢੇ ’ਤੇ ਨਾ ਹੋਣ ਦੇ ਬਾਵਜੂਦ ਉੱਤਰਾਧਿਕਾਰੀ ਰਾਜ ਵਜੋਂ ਇਨ੍ਹਾਂ ਦਾ ਪਾਣੀ ਲੈ ਸਕਦਾ ਹੈ, ਤਾਂ ਪੰਜਾਬ ਨੂੰ ਵੀ ਯਮੁਨਾ ਦੇ ਪਾਣੀ ਦੇ ਮਾਮਲੇ ਵਿੱਚ ਉੱਤਰਾਧਿਕਾਰੀ ਰਾਜ ਮੰਨਿਆ ਜਾਣਾ ਚਾਹੀਦਾ ਹੈ।’’
ਛੇ ਸੂਬਿਆਂ ਦੇ ਕਿਸ਼ਾਊ ਪ੍ਰਾਜੈਕਟ ’ਚ ਪੰਜਾਬ ਦਾ ਨਾਮ ਸ਼ਾਮਲ ਨਹੀਂ
Real Estate





















