ਗੀਤਕਾਰੀ ਦਾ ਬੇਤਾਜ ਬਾਦਸ਼ਾਹ :– ਗਿੱਲ ਰੌਂਤਾ

ਗਿੱਲ ਰੌਂਤਾ ਕਿਸੇ ਵੀ ਜਾਨ ਪਹਿਚਾਣ ਦਾ ਮੁਹਤਾਜ ਨਹੀਂ, ਉਹ ਛੋਟੀ ਉਮਰੇ ਬਹੁਤ ਨਾਮਣਾ ਖੱਟਣ ਵਾਲਾ ਵੱਡਾ ਸ਼ਾਇਰ ਐ। ਜਿਸ ਤਰ੍ਹਾਂ ਉਹ ਆਪਣੇ ਹੱਡਾਂ-ਪੈਰਾਂ ਅਤੇ ਜੁੱਸੇ ਦਾ ਖੁੱਲ੍ਹਾ ਡੁੱਲ੍ਹਾ ਹੈ, ਸੁਭਾਅ ਦਾ ਉਸ ਤੋਂ ਵੀ ਵੱਧ ਖੁੱਲ੍ਹ ਦਿਲਾ ਨੌਜਵਾਨ ਹੈ। ਗਿੱਲ ਰੌਂਤਾ ਦਾ ਪੂਰਾ ਨਾਮ ਗੁਰਵਿੰਦਰ ਸਿੰਘ ਗਿੱਲ ਹੈ ਅਤੇ ਇਹ ਪੇਂਡੂ ਜੱਟ ਮੇਰੇ ਪਿਤਰੀ ਜ਼ਿਲ੍ਹੇ ਮੋਗਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਰੌਂਤਾ ਦਾ ਜੰਮਪਲ ਹੈ। ਵੈਸੇ ਤਾਂ ਮੈਂ ਗਿੱਲ ਰੌਂਤੇ ਨੂੰ ਇਸ ਦੇ ਕਈ ਪ੍ਰਸਿੱਧ ਗੀਤਾਂ ਰਾਹੀਂ, ਜੋ ਮੇਰੀ ਰੂਹ ਦੇ ਬਹੁਤ ਕਰੀਬ ਹਨ ਜਿਵੇਂ ‘ਕਿੱਥੇ ਮਾੜੇ ਦਿਨ ਮਿੱਤਰਾਂ ਨੂੰ ਢਾਹੁਣਗੇ, ਅਸੀਂ ਚੜ੍ਹਦੀ ਕਲਾ ‘ਚ ਜਿਉਣਾਂ ਜਾਣਦੇ।’ ਗਾਇਕ ਏਕਮ ਚਿਨੌਲੀ। ਜਿਵੇਂ ‘ਹਾੜ੍ਹਾ ਵੇ ਅਖ਼ਬਾਰ ਵਾਲਿਆ, ਕੱਲ੍ਹ ਤੋਂ ਨਾ ਸੁੱਟੀਂ ਅਖ਼ਬਾਰ ਵੇ।’, ‘ਆਪਣੇ ਹਿੱਸੇ ਦੀ ਦੁਨੀਆਂ ਦੇ, ਯਾਰ ਸਿਕੰਦਰ ਨੇ।’ – ਅਮਰ ਸਹਿੰਬੀ, ਧੋਖਾ ਤਾਂ ਦਸਤੂਰ ਹੋ ਗਿਆ, ਸੋਹਣੀਆਂ ਨਾਰਾਂ ਦਾ।’ -ਹਿੰਮਤ ਸੰਧੂ ਆਦਿ ਹੋਰ ਗੀਤਾਂ ਨਾਲ ਜਾਣਦਾ ਹਾਂ। ਪਰ ਮੇਰੀ ਰੂਬਰੂ ਮੁਲਾਕਾਤ 3 ਮਈ 2026 ਨੂੰ ਹੋਈ। ਗਿੱਲ ਰੌਂਤਾ ਨੇ ਸ਼ਾਹਕਾਰ ਗੀਤ ਲਿਖੇ ਹਨ ਜਿਨ੍ਹਾਂ ਨੂੰ ਬਹੁਤ ਪ੍ਰਸਿੱਧ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਸਿੱਧ ਗਾਇਕਾਂ ਦੇ ਗੀਤ ਗਾਉਣ ਨਾਲ ਗਿੱਲ ਰੌਂਤਾ ਇੱਕ ਸਥਾਪਿਤ ਗੀਤਕਾਰ ਵਜੋਂ ਉਭਰਿਆ, ਪਰੰਤੂ ਇਸ ਵਿਚ ਕੋਈ ਅਤਕਥਨੀ ਨਹੀਂ ਕਿ ਗਿੱਲ ਰੌਂਤੇ ਦੇ ਲਿਖੇ ਗੀਤਾਂ ਨਾਲ ਉਨ੍ਹਾਂ ਪ੍ਰਸਿੱਧ ਕਲਾਕਾਰਾਂ ਨੂੰ ਵੀ ਹੋਰ ਪ੍ਰਸਿੱਧੀ ਮਿਲੀ।
ਗਿੱਲ ਰੌਂਤਾ ਦੇ ਲਿਖੇ ਗੀਤ ਜਿੱਥੇ ਪ੍ਰਵਾਸੀ ਪਰਿਵਾਰਾਂ ਦੇ ਦਰਦਾਂ ਨੂੰ ਬਿਆਨਦੇ ਨੇ , ਉਥੇ ਪੰਜਾਬ ਦੇ ਸੱਭਿਆਚਾਰ, ਪੰਜਾਬ ਦੀ ਜ਼ਿੰਦਗੀ ਦਾ ਬਹੁਤ ਸੁਚੱਜਾ ਰੂਪ ਵੀ ਰੂਪਮਾਨ ਕਰਦੇ ਨੇ। ਛੋਟੀ ਉਮਰੇ ਇੰਨੇ ਮਕਬੂਲ ਅਤੇ ਖੂਬਸੂਰਤ ਬੋਲ ਲਿਖਣੇ, ਕਿਸੇ ਹਾਰੀ ਸਾਰੀ ਦੇ ਵੱਸ ਦੀ ਗੱਲ ਨੀਂ। ਵੈਸੇ ਤਾਂ ਕਈ ਹੋਰ ਗੀਤਕਾਰ ਹੀ ਵਧੀਆ ਲਿਖਦੇ ਨੇ, ਤੇ ਸਤਿਕਾਰਤ ਹਨ, ਪਰੰਤੂ ਗਿਲ ਰੌਂਤਾ ਮੇਰੇ ਨਾਨਕੇ ਪਿੰਡ ਪੱਤੋ ਹੀਰਾ ਸਿੰਘ ਦਾ ਗੁਆਂਢੀ ਐ, ਇਸ ਕਰਕੇ ਇਹਦਾ ਮੈਨੂੰ ਜ਼ਿਆਦਾ ਮੋਹ ਜਿਹਾ ਆਉਂਦਾ ਐ। ਜਵਾਨੀ ਵਿੱਚ ਮੈਂ ਕਈ ਵਾਰ ਇਹਦੇ ਪਿੰਡ ਕਬੱਡੀ ਖੇਡਣ ਗਿਆ ਹਾਂ। ਇਹਦੇ ਗਰਾਈਂ ਮੀਤਾ ਰੌਂਤਾ, ਸੀਰਾ ਰੌਂਤਾ, ਸੀਤੀ, ਡਾਕਟਰ ਰਾਜਵਿੰਦਰ ਅਤੇ ਕਈ ਹੋਰ ਮੇਰੇ ਸੱਜਣ ਨੇ।
ਗਿੱਲ ਰੌਂਤੇ ਨੇ ਫਿਲਮਾਂ ਚ ਵੀ ਆਪਣੀ ਕਲਮ ਅਜ਼ਮਾਈ ਹੈ। ਗਿੱਲ ਰੌਂਤਾ ਨੇ ਦੱਸਿਆ ਕਿ ਉਹ ਬੰਬੀਹਾ ਭਾਈ ਜਾ ਕੇ ਵੀ ਆਇਆ ਹੈ। ਦੱਸਣ ਤੇ ਪਤਾ ਲੱਗਾ ਬਾਈ ਰਣਜੋਧ ਸਿੰਘ ਦੇ ਪੋਤਰੇ ਰਮਨਦੀਪ ਰਮਨੇ ਕੈਨੇਡਾ ਨਾਲ ਇਨ੍ਹਾਂ ਦਾ ਪਿਆਰ ਹੈ। ਉਦੋਂ ਮੈਨੂੰ ਪਤਾ ਨਹੀਂ ਲੱਗਾ।
ਇੱਕ ਸਮਾਗਮ ਤੇ ਅਸੀਂ ਸਾਰਾ ਪਰਿਵਾਰ ਗਿਆ ਸੀ, ਮੈਂ ਗਿੱਲ ਰੌਂਤੇ ਨੂੰ ਆਪਣੀ 30 ਸਾਲਾ ਪੱਤਰਕਾਰਤਾ ਸਫ਼ਰ ਬਾਰੇ ਸੰਖੇਪ ਜਾਣਕਾਰੀ ਦੇਣ ਉਪਰੰਤ, ਇੱਕ ਪਰਿਵਾਰਕ ਤਸਵੀਰ ਖਿਚਵਾਉਣ ਲਈ ਬੇਨਤੀ ਕੀਤੀ, ਤਾਂ ਉਹ ਖੁਸ਼ ਹੋ ਕੇ ਕਹਿਣ ਲੱਗਾ ਭਾਜੀ ਇਹ ਕਿਹੜੀ ਗੱਲ ਐ, ਆਉ ਕਰੀਏ ਪਰਿਵਾਰਕ ਤਸਵੀਰ।
ਮੈਨੂੰ ਬਹੁਤ ਚੰਗਾ ਲੱਗਾ। ਮੈਂ ਕਿਹਾ ਛੋਟੇ ਵੀਰ ਅਸੀਂ ਸਾਰਾ ਪਰਿਵਾਰ ਦੁਆ ਕਰਦੇ ਹਾਂ ਕਿ ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ। ਤੁਸੀਂ ਸਮਾਜ ਲਈ ਬਹੁਤ ਵਧੀਆ ਲਿਖਦੇ ਰਹੋਂ, ਗਾਉਂਦੇ ਰਹੋਂ। ਲੋਕਾਂ ਦੀਆਂ ਭਾਵਨਾ ਦੀ ਤਰਜਮਾਨੀ ਕਰਦੇ ਰਹੋਂ।
ਮੈਨੂੰ ਇੰਝ ਮਹਿਸੂਸ ਹੁੰਦਾ ਐ ਕਿ, ਗਿੱਲ ਰੌਂਤਾ ਗੀਤਕਾਰੀ ਦੇ ਨਾਲ ਨਾਲ ਗਾਇਕੀ ਵੱਲ ਵੀ ਪਰਤੇਗਾ। ਮੈਨੂੰ ਪੂਰੀ ਉਮੀਦ ਹੈ ਕਿ ਉਹ ਗੀਤਕਾਰੀ ਵਾਂਗ ਗਾਇਕੀ ਵਿੱਚ ਵੀ ਵੱਖਰਾ ਮੁਕਾਮ ਹਾਸਲ ਕਰੇਗਾ। ਮੈਂ ਪ੍ਰਮਾਤਮਾ ਅੱਗੇ ਦਿਲੋਂ ਦੁਆ ਕਰਦਾ ਹਾਂ, ਕਿ ਗਿੱਲ ਰੌਂਤਾ ਗਾਇਕੀ ਦੇ ਅੰਬਰ ‘ਤੇ ਧਰੂੰ ਤਾਰੇ ਵਾਂਗ ਚਮਕੇ।
ਆਮੀਨ…..!!!
ਕਿਰਨਦੀਪ ਸਿੰਘ ਬੰਬੀਹਾ ਜਰਨਲਿਸਟ
98154-77074

Real Estate