ਇੱਕ ਗੁਰਸਿੱਖ ਬੀਬੀ ਅਤੇ ਬੱਚਿਆਂ ਦਾ ਦਰਦ ਜੋ ਹੰਝੂ ਬਣਕੇ ਵਹਿ ਤੁਰਿਆ

ਸੁਖਨੈਬ ਸਿੰਘ ਸਿੱਧੂ
ਵੀਰ ਜੀ , ਮੈਨੂੰ ਸਹਾਇਤਾ ਚਾਹੀਦੀ , ਮੇਰੇ ਕੋਲ ਕੁਝ ਨਹੀਂ , ਮੇਰੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਹੱਲ ਕਰਾ ਦਿਓ , ਮੇਰੇ ਘਰ ਵਾਲੇ ਨੇ ਸਾਰੀ ਜ਼ਮੀਨ ਨਸ਼ੇ ‘ਚ ਗਾਲਤੀ , ਹੁਣ ਤਾਂ ਜਵਾਕ ਵੀ ਘਰੇ ਬੈਠੇ , ਸਕੂਲ ਵਾਲਿਆਂ ਨੇ ਹਟਾ ਦਿੱਤੇ ।’ ਦਸੰਬਰ ਦੇ ਆਖਰੀ ਹਫ਼ਤੇ ਤੋਂ ਰੋਜ਼ਾਨਾ ਇੱਕ ਦੋ ਦਿਨ ਬਾਅਦ ਸਹਾਇਤਾ ਲਈ ਫੋਨ ਆ ਰਿਹਾ ਸੀ, ਅਕਸਰ ਅਜਿਹੇ ਬਹੁਤ ਸਾਰੇ ਫੋਨ ਆਉਂਦੇ ਹਨ , ਪੜਚੋਲ ਕਰਕੇ ਰੇਡੀਓ ਜਾਂ ਟੀਵੀ ‘ਤੇ ਪਰਿਵਾਰ ਦੀ ਵਿਥਿਆ ਸਾਂਝੀ ਵੀ ਕਰਦੇ ਹਾਂ ਅਤੇ ਪ੍ਰਵਾਸੀ ਵੀਰ ਦੁੱਖ ਵੰਡਾਂ ਵੀ ਦਿੰਦੇ ਹਨ। ਪਰ ਕੱਲ੍ਹ ਇਸ ਪਰਿਵਾਰ ਕੋਲ ਜਾਣ ਦਾ ਸਬੱਬ ਬਣਿਆ ।
ਪਿੰਡ ਦਾਨੇਵਾਲਾ , ਮੋਗਾ ਜਿਲ੍ਹਾ ਦੇ ਫਤਿਹਗੜ੍ਹ ਪੰਜਤੂਰ ਤੋਂ 2 -3 ਕਿਲੋਮੀਟਰ ਹੋਣਾ । ਅਸੀਂ 2 ਕੁ ਵਜੇ ਘਰ ਗਏ ਤਾਂ ਸਿਰ ‘ਤੇ ਕੇਸਕੀ ਸਜਾਈ ਬੀਬੀ ਅਮਨਪ੍ਰੀਤ ਕੌਰ ਪਿੰਡ ਦੀ ਫਿਰਨੀ ਤੋਂ ਘਰ ਲੈ ਗਈ । ਦੇਖਿਆ ਤਾਂ 7 ਕੁ ਸਾਲ ਦੀ ਬੇਟੀ ਏਕਮਪ੍ਰੀਤ, ਇੱਕ 5 ਕੁ ਸਾਲ ਦੀ ਮਹਿਕਪ੍ਰੀਤ ਅਤੇ 4 ਸਾਲ ਦਾ ਇੱਕ ਮੁੰਡਾ ਜਿਹੜਾ ਦੇਖਣ ਨੂੰ ਢਾਈ ਕੁ ਸਾਲ ਦਾ ਲੱਗਦਾ ਸੀ । ਉਹ ਵਿਹੜੇ ‘ਚ ਫਿਰਦੇ ਸੀ ।
ਮੰਜੇ ‘ਤੇ ਅਮਨਪ੍ਰੀਤ ਦੀ ਸੱਸ ਬੈਠੀ ਸੀ , ਅਸੀਂ ਜਾਣਕਾਰੀ ਲੈਣ ਲੱਗੇ ਤਾਂ ਬੇਬੇ ਹਟਕੌਰੇ ਲੈਂਦੀ ਬੋਲੀ, ‘ ਪੁੱਤ ਮੇਰੇ ਘਰ ਅੱਜ ਪੀਪੇ ‘ਚ ਆਟਾ ਵੀ ਨਹੀਂ , ਮੈਂ ਗੁਰੂਘਰ ਵਿੱਚੋਂ ਆਟਾ ਲੈ ਕੇ ਆਉਂਦੀ ਫਿਰ ਕੁਝ ਖਾਂਦੇ ਹਾਂ , 5 ਕਿੱਲੇ ਜ਼ਮੀਨ ਸੀ , ਮੇਰੇ ਪੁੱਤ ਨੇ ਨਸ਼ੇ ‘ਚ ਗਾਲਤੀ , ਹੁਣ ਅੱਧਾ ਕਿੱਲਾ ਵੀ ਤਾਂ ਰਹਿਗੀ , ਮੇਰਾ ਬੰਦਾ ਪੋਤੇ ਦੇ ਨਾ ਕਰਾ ਗਿਆ , ਇਹਨੇ ਤਾਂ ਉਹ ਵੀ ਗਹਿਣੇ ਕੀਤੀ ਹੋਈ ।’
ਬੇਬੇ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਆਪਣੀ ਕਹਾਣੀ ਦੱਸਦੇ ਹਨ ਕਹਿੰਦੀ , ‘ਪੁੱਤ 15-20 ਕਿੱਲਿਆਂ ਦੀ ਖੇਤੀ ਕਰਦੇ ਸੀ ਮੇਰੇ ਪੁੱਤ , ਟਰੈਕਟਰ ਸੀ ਆਪਣਾ, 5-5 ਮੱਝਾਂ ਹੁੰਦੀਆਂ ਸੀ , ਹੁਣ ਸਾਡੇ ਘਰ ਪਾਣੀ ਵੀ ਨਹੀਂ ਦੁੱਧ ਤਾਂ ਕੀ ਹੋਣਾ , ਸਭ ਕੁਝ ਨਸ਼ੇ ‘ਚ ਵੇਚਤਾ ।’
ਹੁਣ ਸਵਾਲ ਕਰਨ ਦਾ ਵੇਲਾ ਨਹੀਂ ਸੀ , ਬੇਬੇ ਨੇ ਸਾਹ ਲਿਆ ਤਾਂ ਬੀਬੀ ਅਮਨਪ੍ਰੀਤ ਕੌਰ ਫੁੱਟ ਪਈ ਕਹਿੰਦੀ , ‘ ਭਾਜੀ ਮੈਨੂੰ ਕੁੱਟਦਾ ਮਾਰਦਾ , ਕੇਸਾਂ ਤੋਂ ਫੜ ਲੈਂਦਾ , ਪੈਸੇ ਲਿਆ ਕੇ ਦੇਣ ਲਈ ਕਹਿੰਦਾ , ਮੈਂ ਕਿੱਥੋਂ ਲਿਆਵਾਂ , ਇੱਕ ਦਿਨ ਤਾਂ ਮੈਂ ਅੱਕ ਕੇ ਜਵਾਕਾਂ ਨੂੰ ਲੈ ਕੇ ਅਨਾਥ ਆਸ਼ਰਮ ਜਾਣ ਲਈ ਤਿਆਰ ਹੋਗੀ ਸੀ , ਸਾਡੇ ਸਕਿਆ ਦੀਆਂ ਬੁੜੀਆਂ ਨੇ ਰੋਕ ਲਿਆ, ਜਵਾਕਾਂ ਦੀ ਫੀਸ ਨਹੀਂ ਭਰ ਸਕੇ , ਸਕੂਲ ਵਾਲਿਆਂ ਨੇ ਨਾਂਅ ਕੱਟ ਕੇ ਘਰ ਤੌਰਤੇ । ਮੈਂ ਕੱਪੜਿਆਂ ਦਾ ਵੱਲ ਸਿੱਖਣ ਲੱਗੀ ਪਹਿਲੀ ਤੋਂ , ਮੈਨੂੰ ਮੁਫ਼ਤ ਸਿਖਾ ਇੱਕ ਮੇਰੀ ਇੱਕ ਜਾਣਕਾਰੀ ਬੀਬੀ , ਮੈਂ ਤਾਂ ਕਦੇ ਕਦੇ ਘਰੋਂ ਭੁੱਖੀ ਚਲੀ ਜਾਂਦੀ ਹਾਂ , ਇੱਕ ਵਾਰੀ ਰੋਟੀ ਖਾਂਦੀ ਕਿ ਮੇਰੇ ਜਵਾਕਾਂ ਨੂੰ ਮਿਲ ਜਾਵੇ , ਹੁਣ ਭਾਜੀ ਮੇਰੇ ਪੱਲੇ ਕੁਝ ਨਹੀਂ ਰਿਹਾ , ਪਿੱਤਲ ਦੇ ਭਾਂਡੇ ਚੁੱਕ ਕੇ ਵੇਚਤੇ , ਨਵੇਂ ਕੱਪੜੇ ਵੀ ਚੁੱਕ ਕੇ ਵੇਚ ਦਿੰਦਾ । ਕੋਈ ਮੇਰੇ ਜਵਾਕਾਂ ‘ਤੇ ਰਹਿਮ ਕਰੇ , ਮੇਰੀ ਨਿੱਕਾ ਮੋਟਾ ਕੰਮ ਚਲਾ ਦਿਓ ।’
ਗੱਲਾਂ ਘੱਟ ਅਤੇ ਹੰਝੂ ਜਿ਼ਆਦਾ ਵਹਿ ਰਹੇ ਸੀ ।
ਸਾਰੀ ਕਹਾਣੀ ਦਾ ਸਿੱਟਾ ਇਹ ਨਿਕਲਿਆ , ਸੁੱਚਾ ਸਿੰਘ ਦੇ 2 ਪੁੱਤ ਅਤੇ ਤਿੰਨ ਧੀਆਂ ਸੀ । ਧੀਆਂ ਵਿਆਹ ਦਿੱਤੀਆਂ । ਛੋਟਾ ਮੁੰਡਾ ਜੁਗਰਾਜ ਵਿਆਹਿਆ ਗਿਆ । ਪਹਿਲਾਂ ਠੀਕ ਸੀ । ਆਪਣੀ 5 ਏਕੜ ਜ਼ਮੀਨ ਨਾਲ 10-15 ਕਿੱਲੇ ਹੋਰ ਠੇਕੇ ‘ਤੇ ਲੈ ਕੇ ਖੇਤੀ ਕਰਦਾ ਸੀ । ਪਰ ਪਿਛਲੇ 4-5 ਸਾਲਾਂ ਤੋਂ ਗਲਤ ਸੰਗਤ ‘ਚ ਪੈ ਗਿਆ , ਫਿਰ ਹੌਲੀ ਹੌਲੀ ਸਾਰੀ ਜ਼ਮੀਨ ਨਸ਼ੇ ਮੁੰਹੇ ਉਡਾ ਦਿੱਤੀ । ਸਰਪੰਚ ਦੇ ਮੁੰਡੇ ਨਾਲ ਫੜਿਆ ਵੀ ਗਿਆ । ਜੇਲ੍ਹ ਗਿਆ । ਨਸ਼ਾ ਛੁਡਾਊ ਕੇਂਦਰਾਂ ‘ਚ ਗਿਆ , ਪਰ ਜਿੰਨਾ ਚਿਰ ਸੈਂਟਰ ‘ਚ ਠੀਕ ਸੀ ਜਦੋਂ ਬਾਹਰ ਆਇਆ ਫਿਰ ਉਹੀ ਹਾਲ ।
ਅੱਜ ਘਰ ਦੇ ਹਾਲਤ ਜਵਾਕਾਂ ਨੂੰ ਰੋਟੀ ਵੀ ਨਹੀਂ ਖੁਆ ਸਕਦੇ।
ਅਮਨਪ੍ਰੀਤ , ਨੇ ‘ਜੱਟਾ ਤੇਰੀ ਜੂਨ ਬੁਰੀ ‘ ਪ੍ਰੋਗਰਾਮ ਦੇਖ ਕੇ ਮੇਰਾ ਨੰਬਰ ਲਿਆ ਸੀ ਅਤੇ ਵਾਅਵਾ ਵੀ ਕੀਤਾ ਕਿ ਬੱਚਿਆਂ ਦੀ ਪੜਾਈ ਰੁੱਕਣ ਨਹੀਂ ਦੇਵਾਗੇ। ਮਿਸੀਸਿਪੀ (ਅਮਰੀਕਾ) ਤੋਂ ਇੱਕ ਦੋਸਤ ਨੇ ਬੱਚਿਆਂ ਦੀ ਪੜ੍ਹਾਈ ਦੀ ਹਾਮੀ ਭਰ ਦਿੱਤੀ ਹੈ। ਕੋਸਿ਼ਸ਼ ਰਹੇਗੀ ਇਸ ਬੀਬੀ ਨੂੰ ਛੋਟਾ- ਮੋਟਾ ਸਿਲਾਈ ਕਢਾਈ ਦਾ ਕੰਮ ਕਰਾ ਦਿੱਤਾ ਜਾਵੇ ।
ਪਰ ਅਜਿਹੀ ਕਹਾਣੀਆਂ ਕਿੰਨੇ ਲੋਕਾਂ ਦੀਆਂ ਹਨ । ਅਮਨਪ੍ਰੀਤ ਨੇ ਜ਼ੇਰਾ ਕੀਤਾ ਅਤੇ ਆਪਣੀ ਗੱਲ ਮੀਡੀਆ ‘ਚ ਲਿਆਂਦੀ ਅਤੇ ਯਕੀਨਨ ਸਹਿਯੋਗ ਮਿਲ ਜਾਣਾ । ਪਰ ਲੋਕ ਲੱਜੋ ਕਿੰਨੇ ਪਰਿਵਾਰਾਂ ‘ਦੇ ਬੱਚਿਆਂ ਦਾ ਅਜਿਹੇ ਹਾਲਾਤ ਬਣ ਜਾਂਦੇ ਸਵਾਲ ਇਹ ਵੀ ਹੈ।

Total Views: 67 ,
Real Estate