
ਛੋਟੇ ਹੁੰਦੇ ਸੀ , ਤਿਉਹਾਰਾਂ ਦੀ ਉਡੀਕ ਹੁੰਦੀ ਸੀ । ਦਿਵਾਲੀ ਅਤੇ ਨਵਾਂ ਸਾਲ ਉਡੀਕਦੇ ਰਹਿੰਦੇ । ਉਦੋਂ ਤਾਂ ਕਾਰਡ ਭੇਜਣ ਦਾ ਰਿਵਾਜ਼ ਵੀ ਸੀ । ਗਰੀਟਿੰਗ ਵੀ ਭੇਜਣੇ , ਪਹਿਲਾਂ ਉਹਨਾ ਨੂੰ ਭੇਜਣੇ ਜਿਹੜੇ ਰਿਸ਼ਤਿਆਂ ਜਾਂ ਵਿਅਕਤੀਆਂ ਦਾ ਆਪਾਂ ਆਦਰ ਕਰਦੇ ਸੀ , ਫਿਰ ਮੋੜਵੇਂ ਦੀ ਉਡੀਕ ਵੀ ਹੋਣੀ , ਜਿਹੜੇ ਆ ਜਾਣੇ ਉਹ ਸਟੈਪਲ ਨਾਲ ਜੋੜ ਕੇ ਕੰਧਾਂ ਤੇ ਲਟਕਾ ਦੇਣੇ । ਹੁਣ ਤਾਂ ਵੈਸੇ ਤਾਂ ਕਾਰਡ ਜ਼ਮਾਨਾ ਗਿਆ , ਜੇ ਕਾਰਡ ਆਉਂਦੇ ਵੀ ਤਾਂ ਮਾਰਕੀਟਿੰਗ ਵਾਲਿਆਂ ਦੇ ਆਉਂਦੇ ।
ਪਤਾ ਨਹੀਂ ਕਿਉਂ ਹੁਣ ਤਾਂ ਤਿਉਹਾਰਾਂ ‘ਚ ਵਧਾਈਆਂ ਦੇਣਾ ਵੀ ਦਿਖਾਵਾ ਜਾ ਲੱਗਦਾ , ਪਿਛਲੇ ਕਈ ਸਾਲਾਂ ਤੋਂ ਕਦੇ ਨਵੇ ਸਾਲ ਜਾਂ ਦਿਵਾਲੀ ਦੀ ਵਧਾਈ ਨਹੀਂ ਦਿੱਤੀ ,ਬੱਸ ਇੱਕ ਦੋ ਖਾਸ ਸੱਜਣਾਂ ਨੂੰ ਜਰੂਰ ਭੇਜ ਦਿੰਦਾ ਜਾਂ ਸੋਸਲ ਮੀਡੀਆ ਤੇ ਪੋਸਟ ਕਰ ਦਿੰਦਾ ।
ਵੈਸੇ ਵੀ ‘ਵਧਾਈਆਂ’ ਵਾਲੇ ਸੁਨੇਹੇ ਆਪਣੇ ਵੱਲੋਂ ਵਿਰਲੇ ਹੀ ਕਿਸੇ ਨੂੰ ਖਾਸ ਨੂੰ ਲਿਖਦੇ ਨਹੀਂ ਤਾਂ ਇੱਧਰੋਂ ਉਧਰੋਂ ਆਏ ਮੈਸੇਜ ‘ਲੈਣ ਦੇਣ ਵਾਲੇ ਕੰਬਲਾਂ’ ਵਾਂਗੂੰ ਘੁੰਮੀ ਜਾਂਦੇ ।
ਛੋਟੇ ਹੁੰਦੇ ਤਾਂ ਦੂਰਦਰਸ਼ਨ ਦੇ ਨਵੇ ਸਾਲ ਦੇ ਪ੍ਰੋਗਰਾਮ ਦੀ ਉਡੀਕ ਹਫ਼ਤਾ ਹਫ਼ਤਾ ਪਹਿਲਾਂ ਕਰੀ ਜਾਂਦੇ , ਜਦੋਂ ਘਰੇ ਟੈਲੀਵਿਜ਼ਨ ਨਹੀਂ ਹੁੰਦਾ ਸੀ , ਉਦੋਂ ਪਿੰਡਾਂ ‘ਚ ਜਨਰੇਟਰ ਵੀ ਕੋਈ ਕੋਈ ਹੁੰਦਾ ਸੀ , ਉਦੋਂ ਚੱਲਦੇ ਪ੍ਰੋਗਰਾਮ ‘ਚ ਵੀ ਰੱਬ ਅੱਗੇ ਅਰਦਾਸਾਂ ਕਰੀ ਜਾਂਦੇ ‘ਬਿਜਲੀ ਨਾ ਜਾਵੇ’ , ਜਿਹੜੀ ਚੱਲਦੇ ਪ੍ਰੋਗਰਾਮ ‘ਚ ਮਿੰਟ ਦੋ ਮਿੰਟ ਜਰੂਰ ਜਾਂਦੀ ਸੀ ਜਾਂ ਫਿਰ ‘ਰੁਕਾਵਟ ਕੇ ਲੀਏ ਖੇਦ’ ਆ ਜਾਂਦਾ ਸੀ । ਹੁਣ ਤਾਂ ਟੈਲੀਵੀਜ਼ਨ ਦੇ ਕੋਲ ਨਹੀਂ ਲੰਘਿਆ ।
ਵੈਸੇ ਵੀ ਮੇਰਾ ਸਭ ਕੁਝ ਕੁਦਰਤ ਦੇ ਹਵਾਲੇ ਹੈ , ਉਹਨੇ ਜਿੱਥੇ ਰੱਖਣਾ ਉੱਥੋਂ ਰੱਖੇਗੀ , ਸਾਡੇ ਹੱਥ ਤਾਂ ਅੰਕੜਿਆਂ ਦੀ ਖੇਡ ਹੈ ,22-ਗਿਆ 23 ਆ ਗਿਆ , ਫੇਰ 24 ਮਗਰੋਂ 25 ਆ ਗਿਆ । ਜਦੋਂ ਜਿੰਦਗੀ ਆਮ ਵਰਗੀ ਚੱਲਦੀ ਉਦੋਂ ਸਾਲ ਦਿਨਾਂ ‘ਚ ਲੱਗ ਜਾਂਦੇ , ਜਦੋਂ ਬੰਦਾ ਦੁੱਖਾਂ ‘ਚ ਘਿਰਿਆ ਹੋਵੇ ਉਦੋਂ ਇੱਕ ਇੱਕ ਦਿਨ ਪਹਾੜ ਵਰਗਾ ਲੱਗਦਾ , ਪਰ ਕਬੂਲਣਾ ਸਭ ਕੁਝ ਪੈਂਦਾ ਜੋ ਕੁਦਰਤ ਬਖਸ਼ਦੀ , ਬੱਸ ‘ਨਾਨਕ ਨਾਮੁ ਚੜਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ ।’
ਬੱਸ ਜਿੰਦਗੀ , ਜਿੰਦਗੀ ਦੇ ਲੇਖੇ ਲੱਗਜੇ।
Total Views: 61 ,
Real Estate