ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਉਤਰ ਪ੍ਰਦੇਸ਼ ਦੇ ਨੌਜਵਾਨ ਪੱਤਰਕਾਰ ਦੇ ਕਤਲ ਦੀ ਜ਼ੋਰਦਾਰ ਨਿੰਦਾ

ਪੱਤਰਕਾਰ ਹਰਮੇਸ਼ ਵਿਰਦੀ ਦੀ ਬੇਵਕਤ ਮੌਤ ‘ਤੇ ਦੁੱਖ ਪ੍ਰਗਟਾਇਆ
ਰਾਏਕੋਟ, 10 ਮਾਰਚ (PNO)- ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਸਕੱਤਰ ਜਨਰਲ ਬਲਵਿੰਦਰ ਜੰਮੂ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਵੀਰ ਜੰਡੂ ਅਤੇ ਸੂਬਾਈ ਜਥੇਬੰਦਕ ਸਕੱਤਰ ਸੰਤੋਖ ਗਿੱਲ ਨੇ ਉਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਕਸਬਾ ਮਹੋਲੀ ਤੋਂ ਹਿੰਦੀ ਅਖ਼ਬਾਰ ਦੇ ਨਾਮਵਰ ਪੱਤਰਕਾਰ ਰਘਵੇਂਦਰ ਵਾਜਪਾਈ (35) ਨੂੰ ਮੋਟਰਸਾਈਕਲ ਸਵਾਰ ਗੁੰਡਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਆਗੂਆਂ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਪੱਤਰਕਾਰਾਂ ਨੂੰ ਬੇਹੱਦ ਜੋਖ਼ਮ ਭਰੇ ਹਾਲਾਤ ਵਿੱਚ ਕੰਮ ਕਰਨਾ ਪੈਂਦਾ ਹੈ। ਸੀਤਾਪੁਰ ਜ਼ਿਲ੍ਹੇ ਦੀ ਪੁਲੀਸ ਅਨੁਸਾਰ ਜ਼ਮੀਨੀ ਝਗੜੇ ਕਾਰਨ ਇਹ ਕਤਲ ਹੋਇਆ ਹੈ। ਜਦਕਿ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਰਘਵੇਂਦਰ ਵਾਜਪਾਈ ਨੇ ਪਿਛਲੇ ਸਮੇਂ ਝੋਨੇ ਦੀ ਖ਼ਰੀਦ ਵਿੱਚ ਘਪਲੇਬਾਜ਼ੀ ਅਤੇ ਜ਼ਮੀਨੀ ਖ਼ਰੀਦ-ਫ਼ਰੋਖ਼ਤ ਵਿੱਚ ਟੈਕਸੀ ਚੋਰੀ ਦਾ ਪਰਦਾਫਾਸ਼ ਕੀਤਾ ਸੀ ਅਤੇ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਨਤੀਜੇ ਵਜੋਂ ਉਸ ਨੂੰ ਜਾਨ ਤੋਂ ਹੱਥ ਧੋਣੇ ਪਏ ਹਨ। ਯੂਨੀਅਨ ਆਗੂਆਂ ਨੇ ਕਾਤਲਾਂ ਦੀ ਫ਼ੌਰੀ ਗ੍ਰਿਫ਼ਤਾਰੀ ਅਤੇ ਮ੍ਰਿਤਕ ਪੱਤਰਕਾਰ ਦੇ ਪਰਿਵਾਰ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਯੂਨੀਅਨ ਆਗੂਆਂ ਨੇ ਜਥੇਬੰਦੀ ਦੇ ਦੁਆਬਾ ਖੇਤਰ ਦੇ ਸਿਖਰਲੇ ਆਗੂ ਅਤੇ ਸੂਬਾਈ ਮੀਤ ਪ੍ਰਧਾਨ ਹਰਮੇਸ਼ ਵਿਰਦੀ ਦੀ ਬੇਵਕਤ ਮੌਤ ਉਪਰ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹਰਮੇਸ਼ ਵਿਰਦੀ ਨੂੰ ਪਿਆ ਦਿਲ ਦਾ ਦੌਰਾ ਜਾਨਲੇਵਾ ਸਾਬਤ ਹੋਇਆ। ਸਾਥੀ ਹਰਮੇਸ਼ ਵਿਰਦੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਲਈ ਲੜਾਈ ਵਿੱਚ ਮੋਹਰੀ ਆਗੂ ਵਜੋਂ ਭੂਮਿਕਾ ਨਿਭਾ ਰਹੇ ਸਨ ਅਤੇ ਇਲਾਕੇ ਦੇ ਨਾਮਵਰ ਪੱਤਰਕਾਰ ਸਨ। ਉਨ੍ਹਾਂ ਪੱਤਰਕਾਰ ਹਰਮੇਸ਼ ਵਿਰਦੀ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਮਿੱਤਰਾਂ ਨਾਲ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਹਮਦਰਦੀ ਪ੍ਰਗਟ ਕੀਤੀ ਹੈ।

Total Views: 1 ,
Real Estate