ਕਲਾ ਅਤੇ ਸਵੈਮਾਣ ਦੀ ਬੁਲੰਦੀ:- ਸੁੰਮੀ ਸਾਮਰੀਆ

ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਆਪਣੀਆਂ ਸਮਾਜਿਕ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਸ਼ਿੱਦਤ ਨਾਲ ਪੂਰਦੇ ਹੋਏ ਵੀ ਆਪਣੇ ਸ਼ੌਕ ਨੂੰ ਜ਼ਿੰਦਾ ਰੱਖਦੇ ਹਨ। ਉਹ ਲੋਕ ਹੋਰ ਵੀ ਹਿੰਮਤ ਵਾਲੇ ਹੁੰਦੇ ਹਨ ਜਿਹੜੇ ਕਲਾ ਨੂੰ ਸਿਰਫ਼ ਸਮਾਜ ਦਾ ਸ਼ੀਸ਼ਾ ਸਮਝਦੇ ਹੀ ਨਹੀਂ, ਖ਼ੁਦ ਵੀ ਉਸ ਸ਼ੀਸ਼ੇ ਰਾਹੀਂ ਸਮਾਜ ਨੂੰ ਸੋਹਣਾ ਕਰਨ ਲਈ ਤੱਤਪਰ ਰਹਿੰਦੇ ਹਨ। ਇਹ ਜ਼ਿਮੇਵਾਰੀ ਜੇਕਰ ਇੱਕ ਔਰਤ ਨਿਭਾ ਰਹੀ ਹੋਵੇ ਤਾਂ ਇਹ ਕਾਰਜ ਹੋਰ ਵੀ ਦਿਲਚਸਪ ਅਤੇ ਵਿਲੱਖਣ ਜਾਪਦਾ ਹੈ। ਸੁੰਮੀ ਸਮਰੀਆ ਇੱਕ ਐਸਾ ਹੀ ਨਾਮ ਹੈ, ਜਿਸ ਨੇ ਪਰਿਵਾਰਕ ਫ਼ਰਜ਼ਾਂ ਨੂੰ ਪੂਰਦੇ ਹੋਏ ਵੀ ਆਪਣੀ ਕਲਮ ਨੂੰ ਔਰਤ ਦੀ ਹੋਂਦ ਦੇ ਹੱਕ ਵਿੱਚ, ਆਪਣੇ ਸੁਪਨਿਆਂ ਦੀ ਜ਼ਰਖੇਜ਼ ਮਿੱਟੀ ਤੇ ਹੋਰ ਰੀਝਾਂ ਦੇ ਫ਼ੁੱਲ ਉਗਾਉਣ ਲਈ, ਸਮਾਜ ਸੁਧਾਰ ਅਤੇ ਮਨੁੱਖਤਾ ਦੀ ਸੁੱਧ ਬੁੱਧ ਲਈ ਇੱਕ ਹਥਿਆਰ ਵਜੋਂ ਵਰਤਿਆ। ਇੱਕ ਅਧਿਆਪਕਾ, ਇੱਕ ਪਤਨੀ, ਇੱਕ ਮਾਂ ਹੋਣ ਦੇ ਬਾਵਜੂਦ ਵੀ ਸੁੰਮੀ ਨੇ ਆਪਣੇ ਆਪ ਨੂੰ ਖੰਭ ਦਿੱਤੇ ਤਾਂ ਕਿ ਉਹ ਆਪਣੇ ਸੁਪਨਿਆਂ ਦੇ ਅੰਬਰ ਤੇ ਖੁੱਲ੍ਹੀ ਉਡਾਰੀ ਭਰ ਸਕੇ। ਉਸਨੇ ਕਵਿਤਾ, ਲੇਖ, ਗੀਤ ਅਤੇ ਹੋਰ ਕਾਵਿਕ ਵਿਧਾਵਾਂ ਰਾਹੀਂ ਆਪਣੇ ਭਾਵਾਂ ਨੂੰ ਵਿਅਕਤ ਕੀਤਾ। ਜ਼ਿਆਦਾ ਮਕਬੂਲੀਅਤ ਉਸਨੂੰ ਪ੍ਰਸਿੱਧ ਸ਼੍ਰੋਮਣੀ ਗਾਇਕ ਅਤੇ ਉਸਤਾਦ ਸੁਰਿੰਦਰ ਸ਼ਿੰਦਾ ਅਤੇ ਪੰਜਾਬੀ ਲੋਕ ਗਾਇਕ ਹਰਿੰਦਰ ਸੰਧੂ ਦੁਆਰਾ ਗਾਏ ਉਹਨਾਂ ਦੇ ਗੀਤਾਂ ਰਾਹੀਂ ਮਿਲੀ। ਸਾਹਿਤਕ ਮੇਲਿਆਂ, ਕਵੀ ਦਰਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਸਰਗਰਮ ਰਹਿਣ ਵਾਲੀ ਸੁੰਮੀ ਸਾਮਰੀਆ ਸਦਾ ਸੋਹਣੇ ਸਮਾਜ ਦੀ ਸਿਰਜਣਾ ਅਤੇ ਨਵੀਆਂ ਮੰਜ਼ਿਲਾਂ ਸਰ ਕਰਨ ਦੇ ਹੌਂਸਲੇ ਨਾਲ ਅੱਗੇ ਵਧਦੀ ਜਾ ਰਹੀ ਹੈ।
ਸ਼ਾਲਾ! ਕੁਦਰਤ ਉਸਦੇ ਸੁਪਨਿਆਂ ਨੂੰ ਬੂਰ ਪਾਵੇ। – ਮਨਜੀਤ ਸੂਖਮ

Total Views: 12 ,
Real Estate