ਦੇਸ਼, ਦੋਸ਼ ਅਤੇ ਦੋਸ਼ੀ – ਅਵਤਾਰ ਸਿੰਘ

ਅਵਤਾਰ ਸਿੰਘ
ਫੋਨ: 9417518384
ਕਿਸੇ ਵੀ ਗੱਲ ਲਈ ਦੂਸਰੇ ਨੂੰ ਦੋਸ਼ ਦੇਣਾ ਸੌਖਾ ਹੁੰਦਾ ਹੈ। ਬਲਕਿ ਚੰਗਾ ਵੀ ਲਗਦਾ ਹੈ। ਕਿਉਂਕਿ ਦੂਸਰੇ ਨੂੰ ਦੋਸ਼ ਦੇ ਕੇ ਅਸੀਂ ਆਪ ਬਰੀ ਹੋ ਜਾਂਦੇ ਹਾਂ। ਇਸਦੇ ਉਲਟ ਆਪਣਾ ਦੋਸ਼ ਲੱਭਣਾ ਤੇ ਮੰਨਣਾ ਮੁਸ਼ਕਲ ਹੁੰਦਾ ਹੈ ਤੇ ਬੁਰਾ ਵੀ ਲਗਦਾ ਹੈ। ਅਸਲ ਵਿਚ ਅਸੀਂ ਆਪਣਾ ਦੋਸ਼ ਲੱਭ ਕੇ ਖੁਦ ਕਟਹਿਰੇ ‘ਚ ਖੜ੍ਹੇ ਹੋ ਜਾਂਦੇ ਹਾਂ ਤੇ ਕਿਸੇ ਨੂੰ ਵੀ ਆਪਣਾ ਆਪ ਕਟਹਿਰੇ ‘ਚ ਖੜ੍ਹਾ ਚੰਗਾ ਨਹੀਂ ਲਗਦਾ। ਕਿਸੇ ਹੋਰ ਨੂੰ ਕਟਹਿਰੇ ‘ਚ ਖੜ੍ਹਾ ਦੇਖ ਕੇ ਹਰ ਕੋਈ ਲੁੱਡੀਆਂ ਪਾਉਂਦਾ ਹੈ ਤੇ ਮੌਕਾ ਮਿਲਣ ‘ਤੇ ਨਸੀਹਤਾਂ ਦੀ ਪੰਡ ਖੋਲ੍ਹ ਕੇ ਬਹਿ ਜਾਂਦਾ ਹੈ ਕਿ ‘ਮੈਂ ਤਾ ਪਹਿਲਾਂ ਹੀ ਕਿਹਾ ਸੀ’ ਜਾਂ ‘ਮੈਨੂੰ ਤਾਂ ਪਤਾ ਹੀ ਸੀ ਕਿ ਅਜਿਹਾ ਹੋਣਾ ਹੈ’।
ਇਹ ਜੋ ਅਮਰੀਕਾ ਨੇ ਸਾਡੇ ਮੁਲਕ ਦੇ ਕੁਝ ਲੋਕ ਵਾਪਸ ਮੋੜ ਦਿੱਤੇ ਹਨ, ਇਸ ਗੱਲ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਕੋਈ ਕਿਸੇ ਨੂੰ ਦੋਸ਼ ਦੇ ਰਿਹਾ ਹੈ ਤੇ ਕੋਈ ਕਿਸੇ ਨੂੰ ਬੁਰਾ ਦੱਸ ਰਿਹਾ ਹੈ। ਪਰ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਗਲਤੀ ਆਪਣੀ ਹੈ। ਵਾਪਸ ਆਉਣ ਵਾਲੇ ਲੋਕ ਆਪ ਹੀ ਦੱਸ ਰਹੇ ਹਨ ਕਿ ਉਹ ਚੁਤਾਲੀ ਲੱਖ ਲਾ ਕੇ ਗਿਆ ਸੀ ਤੇ ਕੋਈ ਸੱਤਰ ਲੱਖ ਲਾ ਕੇ ਗਿਆ ਸੀ। ਜੇ ਕੋਈ ਪਤਾ ਕਰੇ ਕਿ ਏਨੇ ਪੈਸੇ ਉਨ੍ਹਾਂ ਨੇ ਕਿਹਨੂੰ, ਕਦ ਅਤੇ ਕਿੱਦਾਂ ਦਿਤੇ ਸਨ ਤਾ ਬੜੇ ਹੀ ਸਨਸਨੀਖ਼ੇਜ਼ ਤੱਥ ਸਾਹਮਣੇ ਆ ਸਕਦੇ ਹਨ।
ਸਾਰੇ ਜਾਣੇ ਬਸ ਇਹੀ ਰਟ ਲਾਈ ਜਾਂਦੇ ਹਨ ਕਿ ਉਨ੍ਹਾਂ ਨਾਲ ਬਹੁਤ ਧੱਕਾ ਹੋਇਆ ਹੈ ਤੇ ਨਾਲ ਬੇਇਜ਼ਤੀ ਵੀ ਹੋਈ ਹੈ। ਕਿਉਂਕਿ ਉਨ੍ਹਾਂ ਨੂੰ ਹੱਥਕੜੀਆਂ ਲਾ ਕੇ ਤੇ ਪੱਗਾਂ ਉਤਾਰ ਕੇ ਲਿਆਂਦਾ ਗਿਆ ਹੈ। ਸਾਰੇ ਜਾਣੇ ਇਹ ਵੀ ਦੱਸਦੇ ਹਨ ਕਿ ਉਹ ਫਲਾਣੇ ਮੁਲਕ ਦੀ ਸਰਹੱਦ ਟੱਪ ਕੇ ਡੌਂਕੀ ਲਗਾ ਕੇ, ਜੰਗਲ ਬੀਆਬਾਨ ਲੰਘ ਕੇ ਅਮਰੀਕਾ ਵਿਚ ਵੜਿਆ ਹੀ ਸੀ ਕਿ ਪੁਲਿਸ ਨੇ ਫੜ ਲਿਆ ਤੇ ਜਹਾਜ ਵਿਚ ਵਾਪਸ ਭੇਜ ਦਿਤਾ।
ਇਹ ਤਾਂ ਇਸਤਰਾਂ ਦੀ ਗੱਲ ਹੋਈ ਕਿ ਚੋਰ ਕਿਸੇ ਦੀ ਰਸੋਈ ਦੀ ਖਿੜਕੀ ਤੋੜ ਕੇ ਅੰਦਰ ਵੜ ਜਾਵੇ, ਫਿਰ ਡਾਇਨਿੰਗ ਹਾਲ ‘ਚੋਂ ਹੋ ਕੇ ਲੌਬੀ ਵਿਚ ਚਲਿਆ ਜਾਵੇ ਤੇ ਜਦ ਸਟੋਰ ਦਾ ਦਰਵਾਜ਼ਾ ਤੋੜਨ ਲੱਗੇ ਤਾਂ ਘਰ ਵਾਲਿਆਂ ਦੀ ਅੱਖ ਖੁੱਲ੍ਹ ਜਾਵੇ। ਜਦ ਘਰ ਵਾਲੇ ਉਸਨੂੰ ਫੜ ਕੇ ਕੁੱਟ ਫਾਂਟ ਕਰਕੇ ਪੁਲਿਸ ਹਵਾਲੇ ਕਰ ਦੇਣ ਤਾਂ ਚੋਰ ਕਹੇ ‘ਦੇਖੋ ਜੀ ਨਾਲੇ ਮੈਨੂੰ ਕੁੱਟਿਆ ਤੇ ਨਾਲੇ ਪੁਲਿਸ ਕੋਲ ਫੜਾ ਦਿਤਾ’। ਫਿਰ ਕਹੇ ਕਿ ‘ਇਹ ਵਧੀਕੀ ਅਤੇ ਬੇਇਜ਼ਤੀ ਹੋਈ ਹੈ’। ਕੋਈ ਪੁੱਛੇ ਕਿ ਚੋਰਾਂ ਨੂੰ ਚੌਰ ਕਰਕੇ ਕੌਣ ਘਰੇ ਛੱਡਣ ਜਾਂਦਾ ਹੈ?
ਇਕ ਗੱਲ ਹੋਰ ਸਾਹਮਣੇ ਆਈ ਹੈ ਕਿ ਇਨ੍ਹਾਂ ਵਿਚੋਂ ਕਈ ਦੱਸ ਰਹੇ ਹਨ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਪੈਸੇ ਦਿਤੇ ਸਨ ਤੇ ਕਈ ਦੱਸ ਰਹੇ ਹਨ ਕਿ ਉਨ੍ਹਾਂ ਨੇ ਖੇਤ ਵੇਚ ਕੇ ਪੈਸੇ ਦਿੱਤੇ ਸਨ। ਬੜੀ ਹੈਰਾਨੀ ਹੈ ਕਿ ਇਕ ਨੰਬਰ ਵਿਚ ਕਿਸੇ ਨੇ ਕੋਈ ਕੰਮ ਕਰਨਾ ਹੋਵੇ ਤਾਂ ਉਸ ਲਈ ਕਰਜ਼ਾ ਲੈਣ ਅਤੇ ਦੇਣ ਵਾਲੇ ਦੀ ਸਮਝ ਆਉਂਦੀ ਹੈ। ਇਹ ਕੌਣ ਹਨ ਜੋ ਓਪਰੇ ਦੇਸ਼ ਵਿੱਚ ਗ਼ੈਰਕਾਨੂੰਨੀ ਤੌਰ ਪਰ ਵੜਨ ਲਈ ਕਰਜ਼ਾ ਦਿੰਦੇ ਅਤੇ ਲੈਂਦੇ ਹਨ। ਕੋਈ ਨਹੀਂ ਦੇਖਦਾ ਕਿ ਇਹਨੇ ਕਾਹਦੇ ਲਈ ਕਰਜ਼ਾ ਲੈਣਾ ਹੈ? ਕਿਤੇ ਸੰਨ੍ਹ ਲਾਉਣ ਲਈ ਵੀ ਕਦੇ ਕੋਈ ਕਿਸੇ ਨੂੰ ਕਰਜ਼ਾ ਦਿੰਦਾ ਹੈ?
ਇਹ ਵੀ ਸਵਾਲ ਹੈ ਕਿ ਦੋ ਨੰਬਰ ਦੇ ਕੰਮ ਲਈ ਖੇਤ ਵੇਚਣ ਵਾਲੇ ਨੂੰ ਕੋਈ ਭੈਣ ਭਾਈ ਜਾਂ ਰਿਸ਼ਤੇਦਾਰ ਵੀ ਨਹੀਂ ਰੋਕਦਾ ਕਿ ਨਾ ਭਾਈ ਦੋ ਨੰਬਰ ਦੇ ਕੰਮ ਨਹੀਂ ਕਰੀਦੇ ਜਾਂ ਘੱਟੋ ਘੱਟ ਅਜਿਹੇ ਕੰਮਾਂ ਲਈ ਖੇਤ ਨਹੀਂ ਵੇਚੀਦੇ। ਕਿਸੇ ਸਿਆਣੇ ਦੀ ਸਲਾਹ ਲਏ ਦਿਤੇ ਬਗੈਰ ਅਜਿਹੇ ਕੰਮ ਕਰਨ ਵਾਲਿਆਂ ਨੂੰ ਹੁਣ ਕੋਈ ਕੀ ਕਹੇ।
ਜਲੰਧਰ ਦੂਰਦਰਸ਼ਨ ‘ਤੇ ਸਕਿੱਟ ਆਈ ਸੀ ਕਿ ਇਕ ਢਾਬੇ ‘ਤੇ ਕੋਈ ਰੋਟੀ ਖਾਣ ਲੱਗਾ ਤਾ ਖਾਣੇ ਵਿਚ ਕੋਈ ਨੁਕਸ ਸੀ। ਸ਼ਿਕਾਇਤ ਕਰਨ ਲਈ ਜਦ ਉਸਨੇ ਵੇਟਰ ਤੋਂ ਮਾਲਕ ਬਾਰੇ ਪੁੱਛਿਆ ਤਾਂ ਵੇਟਰ ਕਹਿਣ ਲੱਗਾ ਕਿ ਉਹ ਤਾ ਨਾਲ ਦੇ ਢਾਬੇ ‘ਤੇ ਖਾਣਾ ਖਾਣ ਗਿਆ ਹੈ। ਇਥੇ ਸਾਡੇ ਖੇਤਾਂ ਵਾਲੇ ਸੱਜਣ ਰੋਜ਼ ਤਾਹਨੇ ਮਾਰਦੇ ਹਨ ਕਿ ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ। ਪਰ ਇਹ ਦੇਸ਼ ਦਾ ਢਿੱਡ ਭਰਨ ਵਾਲੇ ਆਪਣਾ ਢਿੱਡ ਭਰਨ ਲਈ ਖੇਤ ਵੇਚ ਕੇ, ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵੜੇ ਹੋਏ ਹਨ। ਸਮਝ ਨਹੀਂ ਲਗਦੀ ਕਿ ਜਿਹਦਾ ਆਪਣਾ ਢਿੱਡ ਖਾਲੀ ਹੈ, ਉਹ ਕਿਸੇ ਦਾ ਢਿੱਡ ਕਿਵੇਂ ਭਰ ਸਕਦਾ ਹੈ? ਪਤਾ ਨਹੀਂ ਇਨ੍ਹਾਂ ਦੇ ਢਿੱਡ ਵਿਚ ਕੀ ਹੈ। ਇਥੇ ਹੁੰਦੇ ਹੋਏ ਇਹ ਰੱਜੇ ਹੋਣ ਦਾ ਡਰਾਮਾ ਕਰਦੇ ਹਨ ਤੇ ਬਾਹਰਲੇ ਮੁਲਕਾਂ ‘ਚ ਸੰਨ੍ਹ ਲਾਉਣ ਲਈ ਖਾਲੀ ਢਿੱਡ ਵਜਾਉਂਦੇ ਹਨ। ਅਸਲ ਵਿਚ ਸਿਰੇ ਦਾ ਦੋਗਲਾਪਣ ਹੈ। ਅਜਿਹੇ ਲੋਕ ਉਨ੍ਹਾਂ ਦਾ ਵੀ ਜੀਣਾ ਦੁੱਭਰ ਕਰਦੇ ਹਨ, ਜਿਹੜੇ ਉਧਰ ਇਕ ਨੰਬਰ ਵਿਚ ਗਏ ਹਨ ਤੇ ਗਏ ਵੀ ਕਿਸੇ ਮਜਬੂਰੀ ਵਸ ਹਨ।
ਮੇਰੇ ਆਪਣੇ ਕਈ ਰਿਸ਼ਤੇਦਾਰ ਤੇ ਮਿਤਰ ਦੋਸਤ ਇਕ ਨੰਬਰ ਵਿਚ ਬਾਹਰ ਗਏ ਹੋਏ ਹਨ ਤੇ ਉਥੇ ਵੀ ਇਕ ਨੰਬਰ ਵਿਚ ਇਜ਼ਤ ਵਾਲੇ ਕੰਮਕਾਰ ਕਰਦੇ ਹਨ। ਉਹ ਕਦੇ ਕਿਸੇ ਕਿਸਮ ਦੀਆਂ ਡੀਂਗਾਂ ਨਹੀਂ ਮਾਰਦੇ ਤੇ ਨਾ ਹੀ ਦਮਗਜੇ ਮਾਰਦੇ ਹਨ। ਉਹ ਬੜੇ ਹੀ ਸਾਊ ਲਹਿਜ਼ੇ ਵਿਚ ਗੱਲਬਾਤ ਕਰਦੇ ਹਨ। ਕਦੇ ਕਿਸੇ ਦੀ ਬੇਲੋੜੀ ਤੇ ਬੇਸਿਰਪੈਰੀ ਭੰਡੀ ਨਹੀਂ ਕਰਦੇ।
ਬੇਸ਼ਕ ਇਹਦੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਦੇਸ਼ ਵਿਚ ਵੀ ਦੋਸ਼ ਹਨ। ਅਸਲ ਵਿਚ ਇਹ ਦੋਸ਼ ਸਾਡੇ ਹਨ ਤੇ ਸਾਡੇ ਨਾਲ ਹੀ ਸਾਡਾ ਦੇਸ਼ ਹੈ। ਜਿਹੋ ਜਿਹੇ ਅਸੀਂ ਹਾਂ, ਉਹੋ ਜਿਹੀ ਅਸੀਂ ਸਰਕਾਰ ਚੁਣ ਲੈਂਦੇ ਹਾਂ ਤੇ ਉਹ ਸਰਕਾਰ ਉਹੋ ਜਿਹੇ ਕੰਮ ਕਰਦੀ ਹੈ, ਜਿਹੋ ਜਿਹਾਂ ਦੇ ਅਸੀਂ ਹੱਕਦਾਰ ਹੁੰਦੇ ਹਾਂ। ਕਹਿੰਦੇ ਹਨ ਬੁਰੇ ਨੂੰ ਬੁਰਾ ਸੌ ਵਲ਼ ਪਾ ਕੇ ਵੀ ਟੱਕਰ ਪੈਂਦਾ ਹੈ। ਬੁਰਾਈ ਲੱਭਣੀ ਮੁਸ਼ਕਲ ਨਹੀਂ ਹੁੰਦੀ।
ਬਾਹਰ ਗਏ ਹੋਏ ਲੋਕਾਂ ਦੇ ਸਰਟੀਫਿਕੇਟ ਦੇਖੇ ਜਾਣ ਤਾਂ ਬਹੁਤ ਥੋੜੇ ਲੋਕਾਂ ਦੇ ਸਰਟੀਫਿਕੇਟ ਸਹੀ ਹੋਣਗੇ। ਵੱਡੀ ਗਿਣਤੀ ਵਿਚ ਲੋਕਾਂ ਦੇ ਜਾਲ੍ਹੀ ਸਰਟੀਫਿਕੇਟ ਹੋਣਗੇ। ਕਿਸੇ ਨੇ ਰਾਜਸੀ ਪਨਾਹ ਲਈ ਜਾਲ੍ਹੀ ਦਸਤਾਵੇਜ਼ ਤਿਆਰ ਕੀਤੇ ਹੋਏ ਹੋਣਗੇ ਤੇ ਕਿਸੇ ਨੇ ਬਾਹਰ ਜਾਣ ਲਈ ਕਿਸੇ ਦੇ ਨਿਆਣੇ ਕਿਸੇ ਹੋਰ ਦੇ ਨਾਂ ਲਿਖਾਏ ਹੋਣਗੇ ਤੇ ਕਿਸੇ ਨੇ ਆਪਣੇ ਭੈਣ ਭਾਈਆਂ ਤੇ ਚਾਚੇ ਤਾਇਆਂ ਨਾਲ ਗਲਤ ਕਾਗਜ਼ੀ ਰਿਸ਼ਤੇ ਜੋੜੇ ਹੋਣਗੇ। ਇਥੋਂ ਤਕ ਕਿ ਗੁਰੂ ਗ੍ਰੰਥ ਸਾਹਿਬ ਅੱਗੇ ਝੂਠੀਆਂ ਲਾਵਾਂ ਵਾਲੇ ਲੋਕ ਵੀ ਲੱਭ ਜਾਣਗੇ। ਇਹੋ ਜਿਹੇ ਲੋਕ ਗਲਤ ਮਲਤ ਅਤੇ ਜਾਲ੍ਹੀ ਕਾਗਜ਼ ਪੱਤਰ ਬਣਾ ਕੇ ਬਾਹਰ ਜਾਂਦੇ ਹਨ ਤੇ ਉਥੇ ਜਾ ਕੇ ਆਪਣੇ ਦੇਸ਼ ਦੇ ਹੇਰਵੇ ‘ਚ ਗੁਰਦੁਆਰੇ ਫੋਨ ਕਰਕੇ ਪੁੱਛਦੇ ਹਨ ‘ਭਾਈ ਸਾਹਬ ਕੜ੍ਹੀ ਕਿਹੜੇ ਦਿਨ ਬਣਨੀ ਹੈ?’
ਮੈਂ ਅਜਿਹੇ ਦੋਸ਼ੀਆਂ ਦਾ ਦੋਖੀ ਨਹੀਂ ਹਾਂ। ਅਸਲ ਵਿਚ ਇਨ੍ਹਾਂ ਦੇ ਮਾਪੇ, ਰਿਸ਼ਤੇਦਾਰ, ਵਾਕਿਫਕਾਰ ਤੇ ਮਿਤਰ ਆਦਿ ਨਾਸਮਝ ਹੋਣ ਕਾਰਨ ਇਹ ਲੋਕ ਗੁਮਰਾਹ ਹੋਏ ਹੋਏ ਹਨ। ਇਨ੍ਹਾਂ ਨੂੰ ਕੋਈ ਰਾਹੇ ਪਾਉਣ ਵਾਲਾ ਨਹੀਂ ਮਿਲਿਆ; ਜੇ ਮਿਲਿਆ ਤਾਂ ਉਸਨੇ ਇਨ੍ਹਾਂ ਨੂੰ ਸਹੀ ਲਹਿਜ਼ੇ ਵਿਚ ਨਹੀਂ ਸਮਝਾਇਆ। ਕਈ ਲੋਕ ਮੱਤਾਂ ਹੀ ਇਸ ਲਹਿਜ਼ੇ ਵਿਚ ਦਿੰਦੇ ਹਨ, ਜੋ ਨਿਰੀਆਂ ਜ਼ਹਿਰ ਦੀਆਂ ਪੁੜੀਆਂ ਲਗਦੀਆਂ ਹਨ। ਸਾਡੇ ਮੱਤਾਂ ਦੇਣ ਵਾਲੇ ਲੋਕਾਂ ਵਿਚ ਵੀ ਕਮੀਂ ਹੈ। ਕਿਉਂਕਿ ਉਨ੍ਹਾਂ ਦੀਆਂ ਦਲੀਲਾਂ ਵਿਚ ਸੱਚ ਤਾਂ ਹੁੰਦਾ ਹੈ, ਪਰ ਉਹ ਅਪਣੱਤ ਨਹੀਂ ਹੁੰਦੀ, ਜਿਹਦੇ ਕਰਕੇ ਕੋਈ ਉਸ ਦਲੀਲ ਨੂੰ ਮੰਨ ਲਵੇ। ਮੇਰੇ ਕੋਲ ਵੀ ਕੋਈ ਅਜਿਹੀ ਦਲੀਲ ਨਹੀਂ ਹੈ, ਜੋ ਅਜਿਹੇ ਨਾਸਮਝ ਮਾਪਿਆ ਤੇ ਅਸਰ ਕਰ ਸਕੇ, ਜਿਨ੍ਹਾਂ ਦੇ ਗੁਮਰਾਹ ਹੋਏ ਹੋਏ ਬੱਚੇ ਸਿਰਫ ਬਾਹਰ ਜਾਣ ਲਈ ਕਿਸੇ ਵੀ ਹੱਦ ਤਕ ਬੁਰਾਈ ਵਿਚ ਧਸ ਸਕਦੇ ਹਨ।
ਇਹ ਲੋਕ ਧਰਮ ਗ੍ਰੰਥਾਂ ਦੀਆਂ ਸਿਖਿਆਵਾਂ ਵੱਲ ਮੂੰਹ ਨਹੀਂ ਕਰਦੇ। ਕਿਉਂਕਿ ਇਹ ਲੋਕ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਹੀ ਧਰਮ ਗ੍ਰੰਥਾਂ ਦੀ ਵਰਤੋਂ ਕਰਦੇ ਹਨ। ਕਈ ਵਿਦਵਾਨ ਕਿਸਮ ਦੇ ਅਤੇ ਧਰਮੀ ਪਹਿਰਾਵੇ ਵਾਲੇ ਲੋਕ ਬੜੇ ਹੀ ਗਲਤ ਮਲਤ ਅਤੇ ਜਾਲ੍ਹੀ ਦਸਤਾਵੇਜ਼ ਬਣਵਾ ਕੇ ਬਾਹਰ ਗਏ ਹੋਏ ਹਨ ਤੇ ਉਥੇ ਜਾ ਕੇ ਦੱਸਦੇ ਹਨ ਕਿ ਉਹ ਸਾਰਾ ਸਾਰਾ ਦਿਨ ਲਾਇਬ੍ਰੇਰੀਆਂ ਵਿਚ ਬਹਿੰਦੇ ਹਨ। ਹੁਣ ਉਹ ਉਪਦੇਸ਼ਾਂ ਦੀਆਂ ਪੰਡਾਂ ਸਿਰ ‘ਤੇ ਚੁੱਕੀ ਫਿਰਦੇ ਹਨ ਤੇ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਦੀਆਂ ਸਿਖਿਆਵਾਂ ‘ਤੇ ਅਮਲ ਕਰਨ; ਸਿਰਫ ਅਮਲ ਹੀ ਨਾ ਕਰਨ, ਬਲਕਿ ਮਰ ਮਿਟਣ। ਅਜਿਹੇ ਲੋਕਾਂ ਦੀਆਂ ਨਸੀਹਤਾਂ ਵਿਚ ਰੱਤੀ ਭਰ ਵੀ ਦੰਮ ਨਹੀਂ ਹੁੰਦਾ। ਇਥੋਂ ਤਕ ਕਿ ਉਨ੍ਹਾਂ ਨੂੰ ਦੇਖਦਿਆਂ ਹੀ ਪਤਾ ਲਗ ਜਾਂਦਾ ਹੈ ਕਿ ਉਹ ਝੂਠ ਬੋਲ ਰਹੇ ਹਨ।
ਕਈ ਪੜ੍ਹੇ ਲਿਖੇ ਸਮਝਦਾਰ ਲੋਕ ਜਦ ਇਕ ਨੰਬਰ ਵਿਚ ਬਾਹਰ ਜਾਂਦੇ ਹਨ ਤੇ ਉਥੇ ਜਾ ਕੇ ਇਹੋ ਜਿਹੀਆਂ ਫੋਟੋਆਂ ਖਿਚਵਾ ਕੇ ਫੇਸਬੁਕ ‘ਤੇ ਪਾਉਂਦੇ ਹਨ ਤਾ ਉਹ ਇਥੇ ਰਹਿਣ ਵਾਲੇ ਅਨੋਭੜ ਮੁੰਡੇ ਕੁੜੀਆਂ ਨੂੰ ਬਾਹਰ ਜਾਣ ਲਈ ਉਕਸਾ ਰਹੇ ਹੁੰਦੇ ਹਨ। ਜਿਸ ਕਰਕੇ ਇਥੇ ਰਹਿਣ ਵਾਲੇ ਅਨੋਭੜ ਮੁੰਡੇ ਕੁੜੀਆਂ ਬਾਹਰ ਦੇ ਬਹਿਕਾਵੇ ਵਿਚ ਆ ਜਾਂਦੇ ਹਨ ਤੇ ਉਹ ਇਸ ਲਈ ਕੁਝ ਵੀ ਗਲਤ ਮਲਤ ਤੇ ਜਾਲ੍ਹੀ ਕਰਨ ਲਈ ਤਿਆਰ ਹੋ ਜਾਂਦੇ ਹਨ।
ਅਜਿਹੀ ਉਕਸਾਹਟ ਲਈ ਆਈਲਟ ਸੈਂਟਰ ਤੇ ਏਜੰਟਾਂ ਦੇ ਚਮਕੀਲੇ ਤੇ ਭੜਕੀਲੇ ਦਫਤਰ ਵੀ ਜਿੰਮੇਦਾਰ ਹਨ, ਜੋ ਉਨ੍ਹਾਂ ਨੂੰ ਯਕੀਨ ਦੁਆਉਂਦੇ ਹਨ ਤੇ ਹਰ ਤਰਾਂ ਦੇ ਗਲਤ ਮਲਤ ਤੇ ਜਾਲ੍ਹੀ ਦਸਤਾਵੇਜ਼ ਬਣਾਉਣ ਦੇ ਰਾਹ ਦੱਸਦੇ ਹਨ ਤੇ ਇਸ ਵਿਚ, ਮਣਾਂ ਮੂੰਹੀ ਪੈਸੇ ਲੈ ਕੇ, ਹਰ ਤਰਾਂ ਦੀ ਮੱਦਦ ਦਾ ਭਰੋਸਾ ਦਿੰਦੇ ਹਨ। ਉਨ੍ਹਾਂ ਦੇ ਚੁੰਗਲ ਵਿਚ ਅਨਪੜ੍ਹ ਮਾਪਿਆਂ ਦੇ ਅਨੋਭੜ ਬੱਚੇ ਉਹ ਸਭ ਕੁਝ ਕਰਦੇ ਹਨ, ਜਿਸਦੇ ਖਮਿਆਜ਼ੇ ਬਾਰੇ ਉਨ੍ਹਾਂ ਨੂੰ ਰੱਤੀ ਭਰ ਇਲਮ ਨਹੀਂ ਹੁੰਦਾ।
ਇਕ ਪਿੰਡ ਦਾ ਬੜਾ ਹੀ ਸਾਊ, ਸਮਝਦਾਰ ਤੇ ਤੇਜ-ਬੁੱਧ ਮੁੰਡਾ ਮੇਰਾ ਵਿਦਿਆਰਥੀ ਸੀ। ਉਹ ਬੜਾ ਹੀ ਸਾਦਾ ਬਣ ਕੇ ਰਹਿੰਦਾ ਸੀ। ਜਦ ਉਹ ਬੋਲਦਾ ਤਾ ਇਸਤਰਾਂ ਲਗਦਾ ਸੀ, ਜਿਵੇਂ ਕੋਈ ਹੋਣਹਾਰ ਤੇ ਦੇਸ਼ਭਗਤ ਵਿਦਵਾਨ ਬੋਲਦਾ ਹੋਵੇ। ਉਹ ਕਹਿੰਦਾ ਸੀ ਕਿ ਉਸਨੇ ਐਮ ਏ ਅੰਗਰੇਜ਼ੀ ਕਰਨੀ ਹੈ ਤਾਂ ਮੈਂ ਉਸਨੂੰ ਅੰਗਰੇਜ਼ੀ ਸਾਹਿਤ ਦੇ ਇਤਿਹਾਸ ਦੀ ਕਿਤਾਬ ਦਿਤੀ। ਉਹ ਬੀ ਏ ਕਰ ਗਿਆ। ਥੋੜੇ ਦਿਨਾਂ ਬਾਦ ਫੇਸਬੁੱਕ ‘ਤੇ ਮੈਂ ਉਸਦੀ ਬਦਲੀ ਹੋਈ ਫੋਟੋ ਦੇਖ ਕੇ ਦੰਗ ਰਹਿ ਗਿਆ। ਵਾਲਾਂ ਨੂੰ ਜੈਲ, ਕਾਲੀ ਐਨਕ, ਲਿਸ਼ਕਦਾ ਚਿਹਰਾ, ਚਿੱਟੀ ਕਮੀਜ਼ ਤੇ ਗਲ ਵਿਚ ਚੈਨੀ ਦੇਖ ਕੇ ਮੇਰਾ ਜੀ ਕਰੇ ਇਸਤੋਂ ਕਿਤਾਬ ਵਾਪਸ ਮੰਗ ਲਵਾਂ। ਪਤਾ ਲੱਗਿਆ ਕਿ ਉਹ ਆਈਲੈਟ ਸੈਂਟਰ ਵਿਚ ‘ਪੜ੍ਹਾਉਣ’ ਲੱਗ ਪਿਆ ਹੈ ਤੇ ਉਥੇ ਪੜ੍ਹਾਉਣ ਦਾ ਮਤਲਬ ਮੁੰਡੇ ਕੁੜੀਆਂ ਨੂੰ ਬਾਹਰ ਜਾਣ ਲਈ ਉਕਸਾਉਣਾ ਹੁੰਦਾ ਹੈ। ਇਸ ਲਈ ਉਹ ਇਹ ਸਭ ਕੁਝ ਸੈਂਟਰ ਵਾਲਿਆਂ ਦੇ ਕਹਿਣ ‘ਤੇ ਕਰ ਰਿਹਾ ਹੈ।
ਇਸਦੇ ਇਲਾਵਾ ਅਨੋਭੜ ਮੁੰਡੇ ਕੁੜੀਆਂ ਨੂੰ ਗੁਮਰਾਹ ਕਰਨ ਅਤੇ ਉਤਸਾਹ ਵਿਚ ਵਾਧਾ ਕਰਨ ਲਈ ਸਾਡੇ ਗਾਣਿਆਂ ਦੇ ਬੁੱਚੜ ਬੋਲ ਅਤੇ ਢੋਲ ਵੀ ਕੰਮ ਆਉਂਦੇ ਹਨ। ਸਾਡੇ ਗਾਣੇ ਹਰ ਗਲਤ ਅਤੇ ਜਾਲ੍ਹੀ ਕੰਮ ਲਈ ਉਕਸਾਉਂਦੇ ਹਨ ਤੇ ਹਿੰਸਾ ਭੜਕਾਉਂਦੇ ਹਨ। ਇਹ ਗਾਣੇ ਕਾਮ ਵਾਸ਼ਨਾ ਨੂੰ ਤੀਲ੍ਹੀਆਂ ਲਾਉਂਦੇ ਹਨ ਤੇ ਉਨ੍ਹਾਂ ਨੂੰ ਉਜੱਡਤਾ ਦੇ ਰਾਹ ਤੋਰਦੇ ਹਨ। ਫਿਰ ਕਾਮ ਸਿਰਫ ਵਾਸ਼ਨਾ ਨਹੀਂ ਰਹਿੰਦੀ ਬਲਕਿ ਵਹਿਸ਼ੀਪੁਣੇ ਤੋਂ ਵੀ ਵਧਕੇ ਦਰਿੰਦਗੀ ਵਿਚ ਤਬਦੀਲ ਹੋ ਜਾਂਦੀ ਹੈ। ਸਾਡੇ ਗਾਣਿਆ ਵਿਚ ਅਜਿਹੀ ਦਰਿੰਦਗੀ ਦਾ ਹੀ ਬੋਲਬਾਲਾ ਹੈ। ਬੇਸ਼ਕ ਕਿਤੇ ਕਿਤੇ ਕੋਈ ਚੰਗਾ ਗਾਣਾ ਵੀ ਹੈ, ਪਰ ਉਨ੍ਹਾਂ ਦਾ ਬੋਲਬਾਲਾ ਨਹੀਂ ਹੈ ਤੇ ਮੈਂ ਬੋਲਬਾਲੇ ਦੀ ਗੱਲ ਕਰ ਰਿਹਾ ਹਾਂ।
ਮੈਂ ਕਿਸੇ ਨੂੰ ਕੋਈ ਸਿਖਿਆ ਨਹੀਂ ਦੇਣੀ ਚਾਹੁੰਦਾ ਤੇ ਨਾ ਹੀ ਮੇਰੇ ਕੋਲ ਕੋਈ ਕਾਰਗਰ ਸਿਖਿਆ ਹੈ। ਬਸ ਮੈਂ ਏਨਾ ਹੀ ਕਹਾਂਗਾ ਕਿ ਆਪਣਾ ਬੁਰਾ ਭਲਾ ਆਪ ਸੋਚਿਆ ਜਾਵੇ। ਦੂਸਰੇ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੀ ਜਾਵੇ ਕਿ ਅਸੀਂ ਕਦ, ਕਿੱਥੇ, ਕਿਉਂ ਅਤੇ ਕਿੰਨੇ ਗਲਤ ਸਾਂ। ਇਹ ਸੋਚ ਕੇ ਅਸੀਂ ਆਪ ਏਨੇ ਸ਼ਰਮਸ਼ਾਰ ਹੋਣੋ ਬਚ ਸਕਦੇ ਹਾਂ, ਆਪਣੇ ਮਾਪਿਆਂ ਦੀ ਇੱਜ਼ਤ ਬਚਾ ਸਕਦੇ ਹਾਂ ਤੇ ਆਪਣੇ ਦੇਸ਼ ਦੀ ਬੇਰੋਬੀ ਹੋਣੋ ਵੀ ਰੋਕ ਸਕਦੇ ਹਾਂ। ਕਿਉਂਕਿ ਦੋਸ਼ ਸਿਰਫ ਦੇਸ਼ ਵਿਚ ਹੀ ਨਹੀਂ, ਸਾਡੇ ਵਿਚ ਵੀ ਹੈ ਤੇ ਅਸੀਂ ਹੀ ਦੇਸ਼ ਹਾਂ।
ਜਦ ਤਕ ਸਾਡੇ ਸੂਝਵਾਨ ਸੱਜਣ ਇਨ੍ਹਾ ਬਿਮਾਰੀਆਂ ਦੀ ਨਿਸ਼ਾਨਦੇਹੀ ਨਹੀਂ ਕਰਦੇ ਉਦੋਂ ਤੱਕ ਇਨ੍ਹਾਂ ਦਾ ਇਲਾਜ ਸੰਭਵ ਨਹੀਂ ਹੈ ਤੇ ਇਲਾਜ ਬਿਨਾ ਤੰਦਰੁਸਤੀ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਕਿਉਂਕਿ ਬਿਮਾਰ ਬੰਦਾ ਸੁਪਨੇ ਵਿਚ ਵੀ ਬਿਮਾਰ ਹੀ ਹੁੰਦਾ ਹੈ ਤੇ ਉਸਨੂੰ ਸੁਪਨੇ ਵੀ ਬਿਮਾਰ ਹੀ ਆਉਂਦੇ ਹਨ। ਇਹੀ ਕਾਰਣ ਹੈ ਕਿ ਸਾਡੇ ਬੱਚੇ ਸੁਪਨੇ ਲੈਂਦੇ ਹਨ, ਪਰ ਉਨ੍ਹਾਂ ਦੇ ਸੁਪਨੇ ਤੰਦਰੁਸਤ ਨਹੀਂ ਹੁੰਦੇ। ਬਿਮਾਰ ਸੁਪਨੇ ਉਨ੍ਹਾਂ ਦੀ ਬਿਮਾਰੀ ਵਿਚ ਹੋਰ ਵਾਧਾ ਕਰਦੇ ਹਨ ਤੇ ਉਨ੍ਹਾਂ ਨੂੰ ਸੋਚਣ ਵੀ ਨਹੀਂ ਦਿੰਦੇ ਕਿ ਉਹ ਬਿਮਾਰ ਹਨ।
ਅੱਜ ਪੰਜਾਬ ਇਕ ਅਜਿਹਾ ਹਸਪਤਾਲ ਬਣਿਆ ਹੋਇਆ ਹੈ, ਜਿਥੇ ਮਰੀਜ਼ ਹਨ, ਪਰ ਡਾਕਟਰ ਕੋਈ ਨਹੀਂ ਹੈ। ਇਹ ਕਿਹੋ ਜਿਹਾ ਹਸਪਤਾਲ ਹੈ, ਜਿਥੇ ਕੋਈ ਡਾਕਟਰ ਹੀ ਨਹੀਂ ਹੈ। ਹਸਪਤਾਲ ਮਰੀਜ਼ਾਂ ਨਾਲ ਨਹੀਂ ਬਣਦਾ, ਡਾਕਟਰਾਂ ਨਾਲ ਹੁੰਦਾ ਹੈ। ਪੰਜਾਬ ਵਿਚ ਡਿਗਰੀ ਡਾਕਟਰ ਬਥੇਰੇ ਹਨ, ਪਰ ਪੰਜਾਬ ਦਾ ਇਲਾਜ ਕਰਨ ਵਾਲੇ ਅਸਲੀ ਡਾਕਟਰ ਕਿਤੇ ਨਜ਼ਰ ਨਹੀਂ ਆਉਂਦੇ।
Total Views: 8 ,
Real Estate