ਕਰੋੜਾਂ ਦੀਆਂ ਕਿਤਾਬਾਂ ਛਾਪਣ ਵਾਲੇ ਮੋਤਾ ਸਿੰਘ ਸਰਾਏ ਨਾਲ ਮੁਲਾਕਾਤ ਦਾ ਸਬੱਬ

ਸੁਖਨੈਬ ਸਿੰਘ ਸਿੱਧੂ

15 ਦਸੰਬਰ ਨੂੰ ਆਥਣੇ ਰੋਟੀ ਵੇਲੇ ਇੱਕ ਸੁਨੇਹਾ ਮੈਸੇਜ਼ਰ ਤੇ ਸੀ ਨਾਲ ਯੂਕੇ ਤੇ ਪੰਜਾਬ ਦਾ ਨੰਬਰ ਲਿਖੇ ਸੀ । ਗੱਲ ਕਰਨ ਨੂੰ ਆਖਿਆ ਸੀ , ਇਹ ਮੈਸੇਜ ਮੋਤਾ ਸਿੰਘ ਸਰਾਏ ਦਾ ਸੀ ।
ਜਾਣਦੇ ਤਾਂ ਅਸੀਂ ਇੱਕ-ਦੂਜੇ ਬਾਰੇ ਵਾਅਵਾ ਸੀ , ਪਰ ਕਦੇ ਗੱਲ ਨਹੀਂ ਹੋਈ ਸੀ। ਜਦੋਂ ਗੱਲ ਹੋਈ ਤਾਂ ਸਰਾਏ ਸਾਹਿਬ ਨੇ ਜੇਹੜੀ ਅਪਣੱਤ ਨਾਲ ‘ਸੁਖਨੈਬ’ ਕਹਿ ਕੇ ਗੱਲ ਛੇੜੀ ਇਹੋ ਜਿਹਾ ਅਹਿਸਾਸ ਵਿਰਲਿਆਂ ਵਿੱਚੋਂ ਹੁੰਦਾ ।
ਉਹਨਾ ਨੇ ਦਿਲਜੀਤ ਦੋਸਾਂਝ ਬਾਰੇ ਮੇਰੀ ਵੀਡਿਓ ਦੀ ਤਾਰੀਫ਼ ਕੀਤੀ ਪਰ ਮੈਂ ਗਾਉਣ ਵਾਲਿਆਂ ਵਾਂਗੂੰ ਸਿੱਧਾ ਸੰਮ ਤੇ ਆਇਆ ‘ਉਹਨਾ ਨੂੰ ਮਿਲਣ ਬਾਰੇ ਪੁੱਛਿਆ ਸੀ। ਕਹਿੰਦੇ ਹੁਣ ਮੈਂ ਬਠਿੰਡਾ ਸਾਈਡ ਆਉਣਾ ਨਹੀਂ ਬੱਸ ਵਾਪਸ ਜਾਣ ਦੀ ਤਿਆਰੀ ਹੈ।
ਮੇਰਾ ਇੱਕੋਂ ਜਵਾਬ ਸੀ ‘ ਐਨਾ ਕੁ ਤੇਲ ਮੇਰੀ ਗੱਡੀ ‘ਚ ਹੈਗਾ ਪੰਜਾਬ ਦੇ ਕਿਸੇ ਕੋਨੇ ਤੇ ਜਾ ਸਕਦੇ , ਤੁਸੀਂ ਸਮਾਂ ਦਿਓ ।’
ਉਹਨਾ ਕਿਹਾ ਮੇਰਾ ਪਿੰਡ ਨਕੋਦਰ ਕੋਲ ਆਉਣ ਚ ਬਹੁਤ ਸਮਾਂ ਲੱਗ ਜਾਣਾ ।
ਮੈਂ ਕਿਹਾ ਬਾਈ ਜੀ ਜੇ ਤੁਹਾਡੇ ਸਮਾਂ ਹੈ ਤਾਂ ਦੱਸੋ । ਲੋਕ ਤਾਂ ਚੰਦ ਤੇ ਚੜੇ ਕੋਈ ਦੂਰ ਨਹੀਂ ਕੁਝ ਵੀ ।
ਮੇਰੇ ਮਿਲਣ ਵਾਲੇ ਜਾਣਦੇ ਜਿੰਨ੍ਹਾਂ ਨੂੰ ਮਿਲਣਾ ਉਹਨਾ ਵਾਸਤੇ ਸਭ ਕੁਝ ਛੱਡ ਕੇ ਜਾਂਦਾ , ਜੀਹਦੇ ਨਾਲ ਰੱਚਕ ਨਹੀਂ ਰਲਦੀ ਉਹਦਾ ਫੋਨ ਵੀ ਨਹੀਂ ਚੁੱਕਦਾ , ਮੈਨੂੰ ਕੋਈ ਬਲੌਕ ਕਰੇ ਅਣਬਲੌਕ ਕਰੇ ਪਰ ਜੀਹਨੂੰ ਮੈਂ ਕਰਦਾ ਮੁੜਕੇ ਖੋਲਿਆਂ ਨਹੀਂ ,ਛੇਤੀ ਕੀਤੇ ਕਰਦਾ ਨਹੀ । ਪਤਾ ਨਹੀ ਇਹ ਮਾੜਾ ਪੱਖ ਜਾਂ ਚੰਗਾ , ਪਰ ਮੇਰੇ ਸੁਭਾਅ ਦਾ ਹਿੱਸਾ ।

ਡਾ: ਰਾਮ ਮੂਰਤੀ, ਮੋਤਾ ਸਿੰਘ ਸਰਾਓ , ਮੈਂ , ਸੰਤ ਸੰਧੂ ਅਤੇ ਗੁਰਤੇਜ ਸਿੰਘ ਸਿੱਧੂ (ਬੂਟਾ ਬੇਗੇ ਵਾਲਿਆਂ )

ਤਿੰਨ ਦਿਨਾਂ ਬਾਅਦ ਉਹਨਾ ਦੀ ਫਲਾਈਟ ਸੀ , ਅਸੀਂ ਸਮਾਂ ਸੈੱਟ ਕਰ ਲਿਆ, ਨਹੀਂ ਸੱਚ ਘੜੀ ਸੈੱਟ ਕਰ ਲਈ ਸਮਾਂ ਤੇ ਕਿੱਥੇ ਸੈੱਟ ਹੁੰਦਾ।
ੰਨਕੋਦਰ , ਤੀਰਥ ਦਿਓਲ ਦੇ ਸਹੁਰਿਆਂ ਦੇ ਘਰ ਮੂਹਰਿਓ ਨਿਕਲ ਕੇ ਅਸੀਂ ਸਰਾਏ ਸਾਹਿਬ ਦੀ ਭੇਜੀ ਹੋਈ ਲੋਕੇਸ਼ਨ ਤੇ ਪਹੁੰਚੇ । ਮੈਨੂੰ ਉਹਨਾ ਦੇ ਉਪਰਾਲਿਆਂ ਬਾਰੇ ਪਤਾ ਸੀ ਪਰ ਐਨਾ ਨਹੀਂ ਪਤਾ ਸੀ ਜਿੰਨ੍ਹਾਂ ਉਹ ਕੰਮ ਕਰ ਰਹੇ । ਉਹ ਕਿਤਾਬਾਂ ਛਾਪਦੇ ਹਨ। ਦੁਨੀਆਂ ਭਰ ‘ਚ ਸਾਹਿਤਿਕ ਸੱਥਾਂ ਬਣਾ ਕੇ ਪੰਜਾਬੀਆਂ ਨੂੰ ਸ਼ਬਦ ਨਾਲ ਜੋੜ ਰਹੇ। ਜਦੋਂ ਪਰਿਵਾਰ ਨੂੰ ਮਿਲਿਆ ਤਾਂ ਖੁਸ਼ੀ ‘ਚ ਹੋਰ ਵੀ ਵਾਧਾ ਹੋਇਆ। ਵਲੈਤੀਆਂ ਨੇ ਖੇਤ ‘ਚ ਘਰ ਪਾਇਆ ਐਨਆਰਆਈ ਵਾਲੀ ਕੋਠੀ ਨਈਂ । ਜਿ਼ਲ੍ਹਾ ਸਿੱਖਿਆ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਉਹਨਾ ਦੇ ਛੋਟੇ ਭਰਾ ਮਿਲੇ ਫਿਰ ਸਰਾਏ ਸਾਹਿਬ ਆ ਗਏ । ਥੋੜ੍ਹੀ ਥੋੜ੍ਹੀ ਸੁਰੂ ਹੁੰਦੀ ਠੰਡ ‘ਚ ਰਿਸ਼ਤਿਆਂ ਦਾ ਕੋਸਾ ਕੋਸਾ ਨਿੱਘ ਮਹਿਸੂਸ ਹੋ ਰਿਹਾ ਸੀ ।
ਸ: ਮੋਤਾ ਸਿੰਘ ਸਰਾਏ , ਨਾ ਲੇਖਕ ਹਨ ਕੋਈ ਹੋਰ ਮੀਡੀਆ ਹਾਊਸ ਚਲਾਉਂਦੇ ਹਨ ਪਰ ਉਹ ਨੇ ਕਿਤਾਬਾਂ ਉਹ ਕਿਤਾਬਾਂ ਜਿਹੜੀਆਂ ਪੜ੍ਹ ਕੇ ਦਿਮਾਗ ਦੇ ਬੰਦ ਪਏ ਖਾਨੇ ਖੁੱਲ੍ਹਦੇ ਹਨ , ਉਹ ਛਾਪਦੇ ਹਨ। ਹੁਣ ਸੈਂਕੜੇ ਕਿਤਾਬਾਂ ਉਪਰ ਕਰੋੜਾਂ ਰੁਪਏ ਲਾ ਕੇ ਉਹ ਪੰਜਾਬੀਆਂ ਦੀ ਦਿਮਾਗ ਨੂੰ ਰੁਸ਼ਨਾਉਣ ਲਈ ਯਤਨ ਕਰ ਰਹੇ ਹਨ।
ਉਹਨਾ ਨੇ ਮੇਜ਼ ਤੇ 10 -12 ਕਿਤਾਬਾਂ ਰੱਖੀਆਂ ਹੋਈਆਂ ਸਨ ਜੀਹਦੇ ਵਿੱਚੋਂ ਜਿ਼ਆਦਾਤਰ 1500-2000 ਦੀ ਕੀਮਤ ਵਾਲੀਆਂ ਸਨ । ਇਹਨਾ ਵਿੱਚੋਂ ਇੱਕ ਮੇਰਾ ਧਿਆਨ ਖਿੱਚ ਰਹੀ ਉਹ ਸੀ ‘ ਗੁਰ ਤੀਰਥ ਸਾਈਕਲ ਯਾਤਰਾ’ ਇਹ ਕਿਤਾਬ ਧੰਨਾ ਸਿੰਘ ਚਹਿਲ ਪਟਿਆਲਵੀ ਦੀ ਬ੍ਰਿਟਿਸ਼ ਰਾਜ ਸਮੇਂ ਸਿੱਖ ਗੁਰਧਾਮਾਂ ਦੀ ਯਾਤਰਾ ਨਾਲ ਸਬੰਧਤ ਬੇਸ਼ਕੀਮਤੀ ਕਿਤਾਬ ਹੈ। ਸਬੱਬ ਦੇਖੋ ਇਹ ਹੀ ਕਿਤਾਬ ਦਾ ਜਿ਼ਕਰ ਮੇਰੇ ਨਾਲ ਲਾਹੌਰ ਹੋਟਲ ਦੀ ਲੌਬੀ ‘ਚ ਖੜ੍ਹੁੇ ਕੁੱਝ ਲਹਿੰਦੇ ਪੰਜਾਬ ਦੇ ਖੋਜੀਆਂ ਨੇ ਕੀਤਾ ਸੀ ਜਿੱਥੋਂ ਉਹ ਵੇਰਵੇ ਲੈ ਕੇ ਉਹਨਾ ਗੁਰੂਧਾਮਾਂ ਦੀ ਖੋਜ ਕਰ ਰਹੇ ਸਨ , ਜਿਹੜੇ ਆਮ ਸੰਗਤ ਨੂੰ ਹਾਲੇ ਪਤਾ ਨਹੀਂ ਜਿੱਥੇ ਕਿਸੇ ਹੋਰ ਦੇ ਕਬਜ਼ੇ ਹਨ। ਕਿਤਾਬ ਦਾ ਨਾਂਮ ਮੇਰੇ ਯਾਦ ਨਹੀਂ ਸੀ ,ਪਰ ਸੋਚਦਾ ਸੀ ਉਹ ਕਿਤਾਬ ਲੈਣੀ , ‘ ਕੁਦਰਤ’ ਨੇ ਉਹ ਮੇਰੀ ਸਾਹਮਣੇ ਲਿਆ ਰੱਖੀ ਸੀ ।
ਸਰਾਏ ਸਾਹਿਬ ਨੇ ਜਿੰਨੀਆਂ ਕਿਤਾਬਾਂ ਦਿੱਤੀਆਂ ਉਹਨਾ ਬਾਰੇ ਸੰਖੇਪ ਜਾਣਕਾਰੀ ਵੀ ਸਾਂਝੀ ਕੀਤੀ , ਇਹਨਾ ‘ਚ ‘ਦਸਤਾਰ ਬਾਰੇ ਇੱਕੋ ਇੱਕ ਕਿਤਾਬ ਜੀਹਦੇ ਬਾਰੇ ਉਹਨਾ ਨੇ ਦੱਸਿਆ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ‘ਚ ਲੋਕ ਪੱਗ ਕਿਸੇ ਨਾ ਕਿਸੇ ਰੂਪ ‘ਚ ਬੰਨਦੇ ਹਨ ਪਰ ਕਿਸੇ ਭਾਸ਼ਾ ਕੋਈ ਕਿਤਾਬ ਦਸਤਾਰ ਬਾਰੇ ਨਹੀਂ ਮਿਲਦੀ , ਸਿੱਖਾਂ ‘ਚ ਪੱਗ ਦਾ ਰੁਤਬਾ ਕਿੱਡਾ ਪਰ ਕੋਈ ਨਹੀਂ , ਫਿਰ ਕਿਤਾਬ ਛਾਪੀ ਜਿਹੜੀ ਤੇਰੇ ਹੱਥ ‘ਚ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਹੁਣ ਲਿਖਿਆ ਸਾਰਾ ਸਾਹਿਤ ਇੱਕ ਕਿਤਾਬ ‘ਚ ਜੀਹਦੇ ਗੁਰੂ ਸਾਹਿਬਾਨ ਦੇ 52 ਕਵੀਆਂ ਵਿੱਚੋਂ 2 ਦੀਆਂ ਲਿਖਤਾਂ ਵੀ ਸ਼ਾਮਿਲ ਹਨ , ਪੰਜ ਕਰਾਰਾਂ ਬਾਰੇ ਕੋਈ ਕਿਤਾਬ ਨਹੀਂ ਮਿਲਦੀ ਸੀ ਉਹ ਇਹਨਾ ਦੇ ਉਪਰਾਲੇ ਨਾਲ ਪੰਜਾਬੀ , ਹਿੰਦੀ ਅਤੇ ਅੰਗਰੇਜ਼ੀ ‘ਚ ਛਪੀ ਅਤੇ ਹੋਰ ਬਹੁਤ ਸਾਰੀਆਂ ਅਣਮੋਲ ਕਿਤਾਬਾਂ ਜਿੰਨਾਂ ਬਾਰੇ ਇੱਥੇ ਸਾਂਝੀ ਨਹੀਂ ਕਰਨੀ ਕਿਉਕਿ ਬਾਈ ਜੀ ਵਧੀਆ ਤਰੀਕੇ ਨਾਲ ਕੱਲੀ ਕੱਲੀ ਕਿਤਾਬ ਬਾਰੇ ਖੁੱਲ੍ਹ ਕੇ ਦੱਸ ਸਕਦੇ ਹਨ ਅਤੇ ਉਹ ਦੱਸਣਗੇ ਵੀ , ਛੇਤੀ ਉਹਨਾ ਵੱਡਮੁੱਲੀਆਂ ਕਿਤਾਬਾਂ ਬਾਰੇ ਅਸੀਂ ਪ੍ਰੋਗਰਾਮ ਸੁਰੂ ਕਰਾਂਗੇ ਜਿਸ ਵਿੱਚ ਉਹਨਾ ਕਿਤਾਬਾਂ ਦੀ ਗੱਲ ਹੋਵੇਗੀ ਜਿਹੜੀਆਂ ਇੱਕ ਪੰਜਾਬੀ ਨੂੰ ਪੜ੍ਹਂਨੀਆਂ ਚਾਹੀਦੀਆਂ ।
ਸਰਾਏ ਸਾਹਿਬ , ਉਹਨਾ ਦੇ ਸਾਥੀਆਂ ਅਤੇ ਪਰਿਵਾਰ ਨੇ ਮਿਲ ਕੇ ਪੰਜਾਬੀ ਸੱਥ ਲਾਬੜਾ ਹੋਵੇ ਜਾਂ ਯੂਰੋਪੀ ਪੰਜਾਬੀ ਸੱਥ ਵਾਲਸਾਲ ਹੋਵੇ ਉਹਨਾ ਦੀ ਸਥਾਪਨਾ ਕੀਤੀ ਹੁਣ ਦੁਨੀਆਂ ਭਰ ‘ਚ ਇਹ ਸੱਥਾਂ ‘ਚ ਸਿਲਸਿਲਾ ਚੱਲ ਰਿਹਾ । ਸਾਡੇ ਪੰਜਾਬੀਆਂ ‘ਚ ਐਹੋ ਜਿਹੇ ਲੋਕ ਵੀ ਹਨ ਜਿਹੜੇ ਬਿਨਾ ਕਿਸੇ ਸਵਾਰਥ ਦੇ ਵੀ ਇੱਕੋਂ ਸਵਾਰਥ ਲੈ ਕੇ ਚੱਲਦੇ ਕਿ ਪੰਜਾਬੀਆਂ ਦੇ ਦਿਮਾਗ ਰੌਸ਼ਨ ਹੋਣ ਤਾਂ ਉਹ ਹਨ ਮੋਤਾ ਸਿੰਘ ਸਰਾਏ ।

Total Views: 227 ,
Real Estate