ਸੁਖਨੈਬ ਸਿੰਘ ਸਿੱਧੂ
ਕੱਲ੍ਹ ਸੈਟਰਲ ਯੂਨੀਵਰਸਿਟੀ ਬਠਿੰਡਾ ਦੇ ‘ਪ੍ਰੋਫੈਸਰ ਆਫ ਪ੍ਰੈਕਟਿਸ’ ਨਿੰਦਰ ਘੁਗਿਆਣਵੀ ਨੂੰ ਮਿਲਿਆ । ਮੈਂ ਤੇ ਬਾਈ ਨਿੰਦਰ ਘੁਗਿਆਣਵੀ ਇੱਕ – ਦੂਜੇ ਨੂੰ 1997 ਦੇ ਜਾਣਦੇ ਹਾਂ । ਅਸੀਂ ਜਦੋਂ ਵੀ ਮਿਲਦੇ ਬੱਸ ਖਹਿਬੜਦੇ । ਮਿਊਜਿ਼ਕ ਟਾਈਮਜ਼ ‘ਚ ਅਸੀਂ ਕੱਠੇ ਹੁੰਦੇ ਸੀ । ਉਦੋਂ ਮੇਰਾ ਇੱਕ ਕਾਲਮ ‘ਸੋਲਾ ਆਨੇ ਸੱਚ’ ਵੀ ਛੱਪਦਾ ਹੁੰਦਾ ਸੀ ਜੀਹਦੇ ‘ਚ ਸੰਗੀਤ ਇੰਡਸਟਰੀ ਦੇ ਖੱਬੀ ਖਾਨਾਂ ਦੇ ਬੱਖੀਏ ਉਧੇੜੇ ਹੁੰਦੇ ਸੀ । ਨਿੰਦਰ , ਉਦੋਂ ਵੀ ਬਹੁਤ ਕੰਮ ਕਰ ਰਿਹਾ ਸੀ , ਕਈ ਕਿਤਾਬਾਂ ਲਿਖੀਆਂ ਸੀ । ਅਸੀਂ ਦੋਵੇ ਮਲਵਈ ਅਤੇ ਮੂੰਹ ਫੱਟ ਜਦੋਂ ਮਿਲਣਾ ਉਦੋਂ ਈ ਟੱਕਰ ਪੈਣਾ । ਉਹਨਾ ਵੇਲਿਆਂ ਦੀਆਂ ਗੱਲਾਂ ਛਿੜੀਆਂ । ਹੱਸੇ ਵੀ ਬਹੁਤ ਤੇ ਕਈ ਘੰਟਿਆਂ ‘ਚ ਗੱਲਾਂ ਕਰਦੇ ਕਰਦੇ ਉਹਦੀਆਂ ਅੱਖਾਂ ਨਮ ਵੀ ਹੋਈਆਂ । ਉਹਨੇ ਮੇਰੇ ਬਾਰੇ ਕਦੇ ਹੀ ਸ਼ਾਇਦ ਕਿਸੇ ਨੂੰ ਮਾੜਾ ਕਿਹਾ ਹੋਵੇ ਤੇ ਮੇਰੇ ਕੋਲੋਂ ਸ਼ਾਇਦ ਹੀ ਚੰਗਾ ਸਰਿਆ ਹੋਵੇ । ਗਾਹੇ-ਬਗਾਹੇ ਬਹੁਤ ਪੰਗੇ ਲਏ । ਪਰ ਜੋ ਕੱਲ੍ਹ ਬੈਠ ਕੇ ਅਸੀਂ ਆਪਣੀ ਦੋਸਤੀ ਅਤੇ ਮੂੰਹਫੱਟ ਹੋਣ ਤੇ ਮਾਣ ਕੀਤਾ ਉਦੋਂ ਇੱਕ ਵਾਰ ‘ਜੱਜ ਦੇ ਅਰਦਲੀ’ ਅੰਦਰਲੇ ਵਿਦਵਾਨ ਅਤੇ ਆਲ੍ਹਾ ਇਨਸਾਨ ਦੀ ਸੋਚ ਸਾਹਮਣੇ ਰੱਖੀ ।
ਕੇਰਾਂ ਅਸੀਂ ਸਿ਼ਵਚਰਨ ਜੱਗੀ ਕੁੱਸੇ ਕੇ ਘਰੇ ਕੱਠੇ ਹੋਏ , ਆਖੰਡ ਪਾਠ ਦਾ ਭੋਗ ਸੀ ਸ਼ਾਇਦ । ਉੱਥੇ ਸਾਡਾ ਪਹਿਲਾਂ ਮੇਲ ਹੋਇਆ ਫੇਰ ਟਾਕਰੇ । ਪਤਾ ਨਹੀਂ ਕਿਉਂ ਰੰਜਿ਼ਸ ਨਹੀਂ ਕਦੇ ਨਹੀਂ ਮਨ ‘ਚ ਪਰ ਭਿੜ ਬਿਨਾ ਗੱਲ ਤੋਂ ਪੈਂਦੇ ਸੀ ।
ਮੈਂ ਅੱਜ ਹਿਸਾਬ ਕਿਤਾਬ ਜਾ ਲਾ ਕੇ ਸੋਚਦਾਂ ਕਿ ਦੁਨੀਆ ਦੇ ਦੋ ਹੀ ਇਨਸਾਨ ਜਿੰਨ੍ਹਾਂ ਨਾਲ ਖਹਿਬੜਨ ਪਿੱਛੇ ਜਦੋਂ ਫਿਰ ਮਿਲਦੇ ਤਾਂ ਪਹਿਲਾਂ ਵਾਲੀ ਰੜਕ ਸੁਭਾਅ ‘ਚ ਨਹੀਂ ਰਹਿੰਦੀ । ਨਿੰਦਰ ਉਹਨਾ ਵਿੱਚੋਂ ਪਹਿਲਾਂ ।
ਕੱਲ੍ਹ ਮੈਨੂੰ ਕਹਿੰਦਾ ‘ ਸੁਖਨੈਬ ਤੇਰੇ ਬਾਰੇ ਮੈਂ ਕਦੇ ਕਿਸੇ ਬੰਦੇ ਤੋਂ ਗਲ਼ਤ ਨਹੀਂ ਸੁਣਿਆ। ‘
ਮੈਂ ਕਿਹਾ ‘ ਮੈਂ ਕੋਈ ਬਹੁਤਾ ਚੰਗਾ ਬੰਦਾ , ਬੱਸ ਤੈਨੂੰ ਉਹ ਮਿਲੇ ਨਹੀਂ ਜਿੰਨ੍ਹਾਂ ਨਾਲ ਮੈਂ ਗਲ਼ਤ ਕੀਤਾ ।’
ਸ਼ਬਦਾਂ ਦੇ ਲੜ ਲੱਗ ਕੇ ਨਿੰਦਰ ਬਾਈ ਨੇ ਜਿਹੜਾ ਮੁਕਾਮ ਹਾਸਿਲ ਕਰ ਲਿਆ ਇਹ ਹਾਰੀ- ਸਾਰੀ ਦੇ ਹਿੱਸੇ ਨਹੀਂ ਆਉਂਦਾ । ਕੰਮ ਦੇ ਮਾਮਲੇ ‘ਚ ਨਿੰਦਰ ਊਰੀ ਵਾਂਗੂੰ ਘੁੰਮਦਾ ਅਤੇ ਗਲੋੜੇ ਵਾਂਗੂੰ ਉਧੜਦਾ ।
ਜਦੋਂ ਮਿਲੂ , ਆਂਏ ਲੱਗੂ ਗਲਤੀ ਨਾਲ ਕਿਸੇ ਖੂਨ ਦੀ ਥਾਂਵੇ ਇਹਦੇ ਪੈਟਰੋਲ ਦੀ ਬੋਤਲ ਚਾੜਤੀ ਹੋਵੇ , ਟਪੂੰ ਟਪੂੰ ਕਰਦਾ ਦਿਸਦਾ ਸੀ , ਪਰ ਕੱਲ੍ਹ ਜਿੰਨ੍ਹਾਂ ਸ਼ਾਂਤ ਨਿੰਦਰ ਦਿਸਿਆ ਉਹ ਵੀ ਕਮਾਲ ਸੀ । ਜਿੰਨੀਆਂ ਚੰਗੀਆਂ ਅਤੇ ਖੁੱਲ੍ਹ ਕੇ ਅਸੀਂ ਗੱਲਾਂ ਕੀਤੀਆਂ ਇਹ ਮੁੱਦਤ ਬਾਅਦ ਹੋਈਆਂ , ਕਿਉਂਕਿ ਅੱਜਕੱਲ੍ਹ ਦੋਸਤਾਂ ਨਾਲ ਤੁਸੀਂ ਖੁੱਲ੍ਹ ਨਹੀਂ ਸਕਦੇ ਅਤੇ ਦੁਸ਼ਮਣ ਨਾਲ ਆਪਾਂ ਕਲਾਮ ਨਹੀਂ ਕਰਦੇ ।
ਨਿੰਦਰ ਬਾਈ , ਤੂੰ ਸੱਚੀਂ ਵੱਡਾ ਬੰਦਾ , ਬਹੁਤ ਵੱਡਾ , ਨਹੀਂ ਜਿੰਨੀਆਂ ਤੇਰੇ ਨਾਲ ਕੁਝ ਕਲਾਕਾਰਾਂ ਨੇ ਕੀਤੀਆਂ ਤੇਰੇ ਥਾਵੇਂ ਮੈਂ ਹੁੰਦਾ ਹੁਣ ਤੱਕ ਖੇਡਣੇ ਜੇ ਖਿੱਲਰ ਜਾਣੇ ਸੀ । ਨਿੰਦਰ ਦੇ ਕੱਲੇ ਕੱਲੇ ਬੰਦੇ ਦਾ ਅਹਿਸਾਨ ਯਾਦ,ਆ , ਇਹ ਹੀ ਇਨਸਾਨੀਅਤ ਹੁੰਦੀ, ਜਰੂਰਤਾਂ ਸਭ ਦੀਆਂ ਹੁੰਦੀਆਂ , ਸਾਥ ਦੇਣ ਵਾਲੇ ਨੂੰ ਕੋਈ ਕੋਈ ਯਾਦ ਰੱਖਦਾ।
ਕਈ ਥਾਵਾਂ ਤੇ ਮੈਂ ਨਿੰਦਰ ਬਾਈ ਤੇਰੇ ਨਾਲ ਧੱਕਾ ਕੀਤਾ ਹੋਊ , ਅੱਜ ਜਨਤਕ ਮੁਆਫ਼ੀ ਮੰਗਦਾ ਯਾਰ ।
#ਸੁਖਨੈਬ_ਸਿੰਘ_ਸਿੱਧੂ #dunwatta #pnomediagroup #sukhnaibsinghsidhu



















