ਪਿੰਡ ਦੀ ਪਾਰਲੀਮੈਂਟ : ਆਹ ਏਕਤਾ ਵਾਲਿਆਂ ਦੀ ਦੂਜਿਆਂ ਨਾਲ ਮੱਤ ਘੱਟ ਈ ਮਿਲਦੀ ਹੁੰਦੀ

ਸੁਖਨੈਬ ਸਿੰਘ ਸਿੱਧੂ
ਭੁਲੇਖਾ ਸਿੰਘ : ਜਾਗਰਾ , ਯਾਰ ਭੈਣਨਾ ‘ਏਕਤਾ ‘ਦਾ ਕੀ ਮਲਬ ਹੁੰਦਾ ‘
ਜਾਗਰ : ਲੈ ਕਰ ਲਓ ਗੱਲ , ਇਹ ਤਾਂ ਹਰੇਕ ਨੂੰ ਪਤਾ ਵਈ ‘ ਏਕਤਾ- ਇਕੱਤਰਤਾ ਦਾ ਮਤਲਬ ਇੱਕ ਜੁੱਟ ਹੋਣਾ ਹੁੰਦਾ । ਜਿਵੇਂ ਕਿਸਾਨ ਯੂਨੀਅਨ ਏਕਤਾ ਭਾਵ ਕਿਸਾਨ ਦਾ ਕੱਠ , ਕਿਸਾਨਾਂ ਦਾ ਏਕਾ , ਆਏਂ ਈ ਪੰਜਾਬੀ ਏਕਤਾ ਪਾਰਟੀ ਪੰਜਾਬੀਆਂ ਦਾ ਏਕਾ ।
ਚੁੱਪਕੀਤੀ : ਬਹਿਜਾ ਬਹਿਜਾ , ਵੱਡਾ ਅਰਸਤੂ , ਖਹਿਰੇ ਦੇ ਵਿਰੋਧੀਆਂ ਦੇ ਕੂਮੈਂਟ ਦੇਖ ਬੂਥੜਬੁੱਕ ਤੇ, ਅਗਲੇ ਸੁਖਪਾਲ ਖੈਹਿਰੇ ਨੂੰ ਕਿਮੇਂ ਘੇਰੀ ਜਾਂਦੇ ਅਖੇ, ਬਣਾਈ ‘ਪੰਜਾਬ ਏਕਤਾ ਪਾਰਟੀ’ ਆਪ ਕਿਸੇ ਨਾਲ ਏਕਤਾ ਰੱਖੀ ਨਹੀਂ । ਕਾਂਗਰਸ ‘ਚ ਸੀ ਤਾਂ ਕਾਂਗਰਸ ਖਿਲਾਫ਼ , ‘ਆਪ’ ਚ ਗਏ ਤਾਂ ਕੇਜਰੀਵਾਲ ਖਿਲਾਫ਼ ਬੋਲੀ ਗਏ, ਜਿੰਨ੍ਹਾਂ ਚਿਰ ਵਿਰੋਧੀ ਦੇ ਨੇਤਾ ਸੀ ਏਕਤਾ ਟੈਮ ਰਹੀ , ਫਿਰ ਖੁਦਮੁਖਤਿਆਰੀ ਦਾ ਖਿਆਲ ਆ ਗਿਆ। ਕਿਤੇ ਜਗੀਰ ਕੌਰ ਵੰਗਾਰੀ ਜਾਂਦੀ ਕਿ ਮੇਰੇ ਬਰਾਬਰ ਲੜੇ , ਕਿਤੇ ਭਗਵੰਤ ਮਾਨ ਕਹਿੰਦਾ ਸਤੀਫਾ ਦੇ ਕੇ ਲੜ ਕੇ ਦੇਖੇ ਭੁਲੱਥ ਵਾਲੇ ਕਿੰਨੀਆਂ ਕੁ ਵੋਟਾਂ ਪਾਉਂਦੇ ?
ਬੰਤ ਬੜਬੋਲਾ : ਬਾਈ ਇਹ ਤਾਂ ਸਿਆਸੀ ਗੱਲਾਂ ਬਾਤਾਂ ਨੇ । ਇੱਕ – ਦੂਜੇ ਨੂੰ ਨਿੰਦਣਾ ਸਲਾਹੁਣਾ ਹੀ ਚੱਲਦਾ ,ਫਿਰ ਹੀ ਲੋਕ ਪਿੱਛੇ ਲੱਗਦੇ । ਊਂ ਜਿਹੜੇ ਖਹਿਰੇ ‘ਤੇ ਦੋਸ਼ ਲਾਉਂਦੇ ਉਹ ਕਿੰਨੇ ਕੁ ਦੁੱਧ ਧੋਤੇ ।
ਜਾਗਰ : ਆਹ ਗੱਲ ਤਾਂ ਠੀਕ ਐ ਤੇਰੀ
ਬੰਤ ਬੜਬੋਲਾ : ਪਹਿਲਾਂ ਕਿਸਾਨ ਯੂਨੀਅਨਾਂ ਦਾ ਹਾਲ ਦੇਖ ਲਓ , ਲਿਖਿਆ ਹੁੰਦਾ ਕਿਸਾਨ ਯੂਨੀਅਨ ਏਕਤਾ , ( ਉਗਰਾਹਾਂ ਗਰੁੱਪ , ਅਗਾਹਾਂ ਗਰੁੱਪ, ਪਿਛਾਹਾਂ ਗਰੁੱਪ, ਹੇਠਾਂ ਗਰੁੱਪ -ਤਾਹਾਂ ਗਰੁੱਪ ) ਪਰ ਹੁੰਦੇ ਆਪਸ ‘ਚ ਖੱਖੜੀਆਂ ਕਰੇਲੇ , ਜੇ ਐਨੀ ਏਕਤਾ ਫਿਰ ਕੱਠੇ ਕਿਉਂ ਨਹੀਂ ਹੁੰਦੇ , ਆਖਣਗੇ 17 ਕਿਸਾਨ ਜਥੇਬੰਦੀਆਂ ਦੇ ਆਗੂ ਕੱਠੇ ਹੋਏ ਪਰ ਹੁੰਦੇ ਗਿਣਤੀ ਦੇ । ਉਂ ਇੱਕ ਗੱਲ ਐ ਕਹਿੰਦੇ ਹੁੰਦੇ ਜੱਟਾਂ ਮੁੰਡਾ ਅੱਡ ਹੋਵੇ ਤਾਂ ਜ਼ਮੀਨ ਵੰਡੀ ਜਾਂਦੀ ਤੇ ਬਾਣੀਆਂ ਅੱਡ ਹੋਵੇ ਤਾਂ ਦੁਕਾਨ ਨਵੀਂ ਖੁੱਲ੍ਹਦੀ । ‘ਆਪ’ ਸੀ ਤਾਂ ਅਗਰਵਾਲਾਂ ਦੇ ਮੁੰਡੇ ਦੀ ਪਾਰਟੀ , ਅੱਗੇ ਪੰਜਾਬ ‘ਚ 3 ਪਾਰਟੀਆਂ ਹੋਰ ਬਣੀਆਂ । ਪਹਿਲਾਂ ਸੁੱਚੇ ਸਿਹੁੰ ਦੀ ਪਾਰਟੀ , ਫਿਰ ਡਾ: ਗਾਂਧੀ ਦਾ ਫਰੰਟ ਹੁਣ ਖਹਿਰੇ ਦਾ । ਇਹ ਵੀ ਨਹੀਂ ਪਤਾ ਇਹਦੇ ‘ਚ ਕੀਹਦਾ ਕੀਹਦਾ ਸਾਹ ਘੁੱਟਦਾ ਹੋਊ , ਫਿਰ ਇੱਕ ਨਵੀਂ ਪਾਰਟੀ ਬਣਾ ਲਵੇ । ਊਂ ਵਿਰੋਧੀ ਪਾੜੋਧਾੜ ਦੀਆਂ ਪਾਰਟੀਆਂ ਕਰਦੇ ਹੋਣੇ । ਇਹੋ ਜਿਹੀ ਇੱਕ ਗੱਲ ਯਾਦ ਆਗੀ ਮੇਰੇ ਕੇਰਾਂ ਇੱਕ ਬੰਦੇ ਨੇ ਭਾਸ਼ਣ ਦੇਣ ਜਾਣਾ ਸੀ । ਉਹ ਆਪਣੇ ਭੁਲੇਖੇ ਵਰਗਾ ਕਦੇ ਵਿਚਾਰਾ ਬੋਲਿਆ ਨਈ ਸੀ । ਚੁੱਪਕੀਤੀ ਹੁੰਦੀ ਤਾਂ ਟੁੱਟੇ ਛਿੱਤਰ ਵਾਂਗੂੰ ਵੱਧਦੀ ਜਾਂਦੀ ।
ਚੁੱਪਕੀਤੀ : ਭਾਈ ਜੀ, ਖ਼ਬਰਦਾਰ ਜੇ ਮੇਰਾ ਨਾਂਅ ਲਿਆ ਤਾਂ , ਨਹੀਂ ਤਾਂ ਮੈਥੋਂ ਬੁਰੀ ਕੋਈ ਨਈਂ । ਤੂੰ ਆਂਵਦੀ ਗੱਲ ਪੂਰੀ ਕਰ ਮੈਂ ਜਾ ਕੇ ਧਾਰ ਕੱਢਨੀ ।
ਜਾਗਰ : ਭਰਦਾਨ ਆਹ ਗੱਲ ਤਾਂ ਸੱਚ ਤੇਰੀ ਭਰਜਾਈ ਦੀ । ਇਹਦੇ ਤੋਂ ਬੁਰਾ ਹੋਰ ਹੋਣਾ ਵੀ ਕੌਣ ।
ਬੰਤ ਬਾਈ ਗੱਲ ਗਾਹਾਂ ਤੋਰ ।
ਚੁੱਪਕੀਤੀ : ਢਕਿਆ ਢਕਿਆ ਰਹਿ ,
ਭੁਲੇਖਾ : ਪੱਲੀ ਪਾ ਢੱਕ ਦੇ ਭਾਬੀ ਜਿਵੇਂ ਬੁੜੀਆਂ ਦੁੱਧ ਨੂੰ ਜਾਗ ਲਾ ਢੱਕਦੀਆਂ ਠੰਡ ‘ਚ
ਬੰਤ ਬੜਬੋਲਾ : ਬੱਲੇ ਬੱਲੇ ਅੱਜ ਤਾਂ ਭੁਲੇਖਾ ਸਿੰਘ ਦੀ ਵੀ ਚੱਲਗੀ , ਚਲੋ ਗੱਲ ਸੁਣੋ , ਰਾਮ ਕਹਾਣੀ ਫੇਰ ਛੇੜ ਲਿਓ। ਬੰਦੇ ਨੂੰ ਲੈਚਕਰ ਦੇਣਾ ਨਈਂ ਆਉਂਦਾ ਸੀ , ਕਿਸੇ ਨੇ ਸਲਾਹ ਦੇਤੀ ਪਹਿਲਾਂ ਕੁਰਸੀਆਂ ਕੋਲ ਬੋਲ ਕੇ ਝੱਕਾ ਖੋਲ੍ਹ , ਫਿਰ ਲੋਕਾਂ ‘ਚ ਬੋਲ ਪਈ । ਉਹਨੇ ਖਾਲੀ ਕੁਰਸੀਆਂ ਨੂੰ ਭਾਸ਼ਣ ਸੁਣਾਇਆ ਹੌਸਲਾ ਵੱਧ ਗਿਆ । ਗਾਹਾਂ ਸਟੇਜ ‘ਤੇ ਜਾਂਦੇ ਦੀਆਂ ਲੱਤਾਂ ਚੱਲਦੀ ਨੇਰ੍ਹੀ ਸਰਕਾਰੀ ਤਾਰ ‘ਤੇ ਕੱਚੀ ਲਾਈ ਕੁੰਡੀ ਵਾਂਗੂੰ ਹਿੱਲਣ । ਗੱਲ ਔੜੇ ਨਾ , ਬੋਲੇ ਬਿਨਾ ਸਰੇ ਵੀ ਨਾ । ਹਿੰਮਤ ਜੀ ਕਰਕੇ ਕਹਿੰਦਾ , ‘ ਭਾਈ ਕੁਰਸੀਆਂ – ਕੁਰਸੀਆਂ ਈ ਹੁੰਦੀਆਂ, ਬੰਦੇ ਬੰਦੇ ਈ ਹੁੰਦੇ ਪਰ ਕਰਿਆ ਕੀ ਜਾਵੇ ਲੀਡਰਾਂ ਦਾ ਉਹ ਹਾਲ ਐ। ਬਾਕੀ ਦੇਖੀ ਜਾਓ ।

Total Views: 131 ,
Real Estate