ਬੜੌਗ – ਦਿਲ ਖਿੱਚਵਾਂ ਸਥਾਨ

ਸੁਖਨੈਬ ਸਿੰਘ ਸਿੱਧੂ
ਹਿਮਾਚਲ ਦੀਆਂ ਪਹਾੜੀਆਂ ਬਚਪਨ ਤੋਂ ਚੰਗੀਆਂ ਲੱਗਦੀਆਂ । ਜਦੋਂ ਦਿਲ ‘ਚ ਕਰੇ ਹਿਮਾਚਲ ‘ਚ ਤੁਰ ਜਾਂਦਾ । ਬੀਤੇ ਸੁੱਕਰਵਾਰ ਸਲਾਹ ਕੀਤੀ ਅਤੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋ ਦੇ ਦੱਸੇ ਮੁਤਾਬਿਕ ਸ਼ਨੀਵਾਰ ਵਾਲੇ ਦਿਨ ਪਰਿਵਾਰ ਸਮੇਤ ਗੱਡੀ ਹਿਮਾਚਲ ਵੱਲ ਤੌਰ ਦਿੱਤੀ । ਸੋਲਨ ਦਾ ਨਾਂਮ ਹੀ ਸਰੂਰ ਦੇ ਦਿੰਦਾ ਪਰ ਸੋਲਨ ਤੋਂ 6 ਕੁ ਕਿਲੋਮੀਟਰ ਪਹਿਲਾਂ ਬੜੌਗ ਦੇ ਰੇਲਵੇ ਸਟੇਸ਼ਨ ‘ਤੇ ਰੁੱਕਣਾ ਸੀ । ਢਿੱਲੋਂ ਸਾਹਿਬ ਨੇ ਦੱਸਿਆ ਸੀ ਕਿ ਰਸਤੇ ਧਰਮਪੁਰ ਤੋਂ ਸਿ਼ਮਲੇ ਵਾਸਤੇ ਰੇਲ ਦੀਆਂ ਟਿਕਟਾਂ ਲੈ ਲਿਓ , ਇਹਦੇ ਨਾਲ ਰੇਲਵੇ ਗੈਸਟ ਹਾਊਸ ਵਿੱਚ ਬੁਕਿੰਗ ਸੌਖੀ ਹੋ ਜਾਂਦੀ । ਧਰਮਪੁਰ ਸਟੇਸ਼ਨ ਤੇ ਜਾ ਕੇ ਟਿਕਟਾਂ ਮੰਗੀਆਂ ਤਾਂ ਸਿ਼ਮਲਾ ਜਾਣ ਵਾਲੀਆਂ ਸਾਰੀਆਂ ਗੱਡੀਆਂ ਲੰਘ ਚੁੱਕੀਆਂ ਸਨ ਇਸ ਲਈ ਟਿਕਟਾਂ ਮਿਲ ਨਹੀਂ ਸਕੀਆਂ ਪਰ ਜਦੋਂ ਗੈਸਟ ਹਾਊਸ ਵਿੱਚ ਰਾਤ ਠਹਿਰਨ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਖਾਲੀ ਹੋਣਾ ਮਿਲ ਜਾਣਾ ਤੁਹਾਨੂੰ ।
ਰਸਤੇ ਵਿੱਚ ਰੇਲਵੇ ਸਟੇਸ਼ਨ ਦਾ ਪਤਾ ਕੀਤਾ ਤਾਂ ਕਿਸੇ ਸੱਜਣ ਨੇ ਦੱਸਿਆ ਕਿ ਕਾਰ ਹਾਈਵੇ ‘ਤੇ ਪਾਰਕ ਕਰਕੇ ਅੱਧਾ ਕਿਲੋਮੀਟਰ ਹੇਠਾਂ ਜਾ ਕੇ ਰੇਲਵੇ ਸਟੇਸ਼ਨ ਹੈ। ਰੇਲਵੇ ਸਟੇਸ਼ਨ ਦਾ ਬੋਰਡ ਦੇਖ ਕੇ ਕਾਰ ਰੋਕੀ ਅਤੇ ਨਾਲ ਦੀ ਦੁਕਾਨ ਵਾਲਿਆਂ ਤੋਂ ਜਾਣਕਾਰੀ ਲਈ ਤਾਂ ਉਹਨਾਂ ਦੱਸਿਆ ਕਿ ਕਾਰ ਇੱਥੇ ਰੋਕ ਕੇ ਹੇਠਾਂ ਤੁਰ ਕੇ ਜਾਓ ।
ਬੱਚਿਆਂ ਸਮੇਤ ਅਸੀਂ ਰੇਲਵੇ ਸਟੇਸ਼ਨ ਵੱਲ ਹੋ ਤੁਰੇ ਪਹਿਲਾਂ ਤਾਂ ਤਿਰਛੀ ਸੜਕ ਤੋਂ ਹੇਠਾਂ ਉਤਰ ਰਹੇ ਸੀ । ਲਗਭਗ 150 ਕੁ ਮੀਟਰ ਜਾ ਕੇ ਸੜਕ ਖਤਮ ਹੋ ਜਾਂਦੀ ਹੈ ਅਤੇ ਇੱਕ ਪਹਾੜੀ ਪਗਡੰਡੀ ਕੋਲ ‘ਰੇਲਵੇ ਸਟੇਸ਼ਨ’ ਦਾ ਰਾਹ ਸੂਚਕ ਬੋਰਡ ਲੱਗਿਆ ਸੀ ਬੱਸ ਨਹੀਂ ਰਸਤਾ ਨਜ਼ਰ ਨਹੀਂ ਆਉਂਦਾ ਸੀ । ਓਬੜ-ਖਾਬੜ ਪੱਗਡੰਡੀ ਵਿੱਚੋਂ ਉਤਰ ਕੇ ਜਦੋਂ ਰੇਲਵੇ ਸਟੇਸ਼ਨ ਤੇ ਪਹੁੰਚੇ ਤਾਂ ਬਹੁਤ ਰਮਣੀਕ ਨਜ਼ਾਰਾ ਸੀ । ਰੇਲਵੇ ਦੇ ਅਧਿਕਾਰੀਆਂ ਲਈ ਇੱਕ ਗੈਸਟ ਹਾਊਸ ਬਣਿਆ ਹੋਇਆ। ਸਾਹਮਣੇ ਯਾਤਰੂਆਂ ਲਈ ਪਲੇਟ ਫਾਰਮ ਇੱਕ ਚਾਹ ਦੀ ਦੁਕਾਨ ਦੂਜੀ ਦੁਕਾਨ ਤੇ ਹੋਰ ਨਿੱਕ-ਸੁੱਕ ਦਾ ਸਮਾਨ । ਸਾਹਮਣੇ ਇੱਕ ਸਰੁੰਗ ਦੇ ਨਾਲ ਸਟੇਸ਼ਨ ਮਾਸਟਰ ਦਾ ਕਮਰਾ ਅਸੀਂ ਸਟੇਸ਼ਨ ਮਾਸਟਰ ਨੂੰ ਜਾ ਫਤਹਿ ਬੁਲਾਈ । ਕਮਰਾ ਲੈਣ ਬਾਰੇ ਪੁੱਛਿਆ ਤੇ ਉਹਨਾਂ ਨੇ ਇੱਕ ਮੁੰਡੇ ਨੂੰ ਆਵਾਜ਼ ਮਾਰ ਕੇ ਚਾਬੀ ਫੜਾਈ ਤੇ ਕਿਹਾ , ‘ ਪਹਿਲਾਂ ਕਮਰਾ ਦੇਖ ਲਵੋ।’ ਅਸੀਂ ਸਿ਼ਵਾਲਿਕ ਕਾਟੇਜ ਦੀਆਂ ਪੌੜੀਆਂ ਚੜ੍ਹਕੇ ਇੱਕ ਗੈਸਟ -ਕਮ-ਰਿਟਾਇਰਇੰਗ ਰੂਮ ‘ਚ ਦਾਖਲ ਹੋਏ ਡਬਲ ਬੈੱਡ – ਦੋ ਕੁਰਸੀਆਂ , ਆਦਮ ਕੱਟ ਸ਼ੀਸ਼ਾ , ਮੇਜ਼ ਵਗੈਰਾ , ਸਭ ਕੁਝ ਪੁਰਾਤਨ ਦਿਖ ਵਾਲਾ , ਬਿਜਲੀ ਦੇ ਬਟਨ ਵੀ ਕੌਲੀਆਂ ਜਿੱਡੇ -ਜਿੱਡੇ ।
ਕਮਰਾ ਪਸੰਦ ਆ ਗਿਆ । 2000 ਰੁਪਏ ਦੀ ਬੁਕਿੰਗ ਸੀ । ਖਾਣੇ ਬਾਰੇ ਪੁੱਛਿਆ ਉਹਨਾਂ ਕਿਹਾ ਗੈਸਟ ਹਾਊਸ ਤੇ ਇੱਕ ਨੁੱਕਰ ‘ਤੇ ਕੰਨਟੀਨ ਹੈ। ਉਹਨਾਂ ਨੂੰ ਦੱਸ ਦਿਓ ਕਿ ਕਿੰਨਿਆਂ ਬੰਦਿਆਂ ਦਾ ਖਾਣਾ ਖਾਉਗੇ ।
ਕੰਨਟੀਨ ਵਾਲੇ ਸੱਜਣ ਨੇ ਦੱਸਿਆ 8:30 ਵਜੇ ਖਾਣਾ ਮਿਲੇਗਾ । ਦਾਲ – ਸਬਜ਼ੀ ਰੋਟੀ ਅਤੇ ਚਾਵਲ , ਉਹੀ ਜਿਹੜੀ ਰੇਲ ਵਿੱਚ ਸਪਲਾਈ ਹੁੰਦਾ । ਅਸਲ ਵਿੱਚੋਂ ਸਿ਼ਮਲਾ – ਕਾਲਕਾ ਰੇਲਵੇ ਲਈ ਖਾਣਾ ਇੱਥੋਂ ਹੀ ਸਪਲਾਈ ਹੁੰਦਾ ।
ਸ਼ਾਮ ਨੂੰ ਰੇਲਵੇ ਦੇ ਮੁਲਾਜ਼ਮ ਅਤੇ ਸਥਾਨਕ ਲੋਕ ਰੇਲਵੇ ਟਰੈਕ ‘ਤੇ ਸੈਰ ਕਰਦੇ ਹਨ ਅਸੀਂ ਵੀ ਸ਼ਾਂਤ ਵਾਤਾਵਰਨ ਵਿੱਚ ਰੇਲਵੇ ਟਰੈਕ ‘ਤੇ ਸੈਰ ਕੀਤੀ ।
ਸਵੇਰੇ ਉੱਠ ਕੇ ਪਹਿਲਾਂ ਬੱਚਿਆਂ ਨੂੰ ਤਿਆਰ ਕਰਕੇ ਪੁਰਾਣੀ ਸੁਰੰਗ ਦੇਖਣ ਜਾਣਾ ਸੀ । 7 ਕੁ ਵਜੇ ਚਾਹ ਪੀ ਕੇ ਸੁਰੰਗ ਦੇਖਣ ਲਈ ਪਹਾੜੀ ਪਗਡੰਡੀ ਪੁੱਛ ਕੇ ਤੁਰਨ ਲੱਗੇ । ਮੇਰਾ ਬੇਟਾ ਕੰਵਰ ਤਾਂ 100 ਮੀਟਰ ਜਾ ਕੇ ਕਹਿੰਦਾ ਥੱਕ ਗਿਆ , ਪਰ ਰੂਪ ਕੰਵਲ ਮੂਹਰੇ ਮੂਹਰੇ ਜਾ ਰਹੀ ਸੀ । 300-400 ਮੀਟਰ ਜਾਣ ਤੱਕ ਤਾਂ ਹਰੇਕ ਮੋੜ ‘ਤੇ ਲੱਕੜ ‘ਤੇ ਸੁਰੰਗ ਦੇ ਰਸਤੇ ਦੀ ਦੂਰੀ ਲਿਖੀ ਹੁੰਦੀ ਸੀ । ਫਿਰ ਅਚਾਨਕ ਥੋੜਾ ਵਧੀਆ ਸਾਫ਼ ਜਿਹਾ ਰਾਹ ਸੁਰੂ ਹੋ ਗਿਆ ਪਰ ਰਾਹ ਦਸੇਰੇ ਨਿਸ਼ਾਨ ਗਾਇਬ ਹੋ ਗਏ ।
ਨੈਰੋ ਗੇਜ ਰੇਲਵੇ ਟਰੈਕ ਨੂੂੰ ਅੰਗਰੇਜਾਂ ਨੇ ਬਣਾਇਆ ਸੀ । ਇੱਥੇ ਜਿਸ ਪੁਰਾਣੀ ਸਰੁੰਗ ਨੂੰ ਦੇਖਣ ਲਈ ਲੋਕ ਆਉਂਦੇ ਹਨ ਉਹ ਬੜੌਗ ਨੇ ਬਣਵਾਈ ਸੀ। ਬੜੌਗ ਨਾਂਮ ਦਾ ਅੰਗਰੇਜ ਇੰਜੀਨੀਅਰ ਇਸ ਸੁਰੰਗ ਦਾ ਇੰਚਾਰਜ ਸੀ । ਜੁਲਾਈ 1900 ਤੋਂ ਸਤੰਬਰ 1903 ਤੱਕ ਪਹਾੜ ਕੱਟ ਕੇ ਸੁਰੰਗ ਬਣਾਈ ਗਈ ਸਿਜ ਉਪਰ 8 ਲੱਖ 40 ਰੁਪਏ ਖਰਚ ਆਏ ਸਨ । ਲਗਭਗ 1143.61 ਮੀਟਰ ਲੰਬੀ ਸੁਰੰਗ ਦੇ ਦੋਵੇ ਸਿਰੇ ਆਪਸ ਵਿੱਚ ਨਾ ਮਿਲੇ ਤਾਂ ਵਿਭਾਗ ਨੇ ਉਸਨੂੰ ਇੱਕ ਰੁਪਇਆ ਜੁਰਮਾਨਾ ਕੀਤਾ ਸੀ ।
ਆਪਣੀ ਨਮੋਸ਼ੀ ਨਾ ਸਹਾਰਦੇ ਇੰਜੀਨੀਅਰ ਬੜੌਗ ਨੇ ਸੁਰੰਗ ਕੋਲ ਆਪਣੇ ਪਾਲਤੂ ਕੁੱਤੇ ਸਮੇਤ ਖੁਦਕਸ਼ੀ ਕਰ ਲਈ ਸੀ ।
ਜਿੱਥੇ ਸਟੇਸ਼ਨ ਹੈ , ਉੱਥੋਂ ਉਹ ਸੁਰੰਗ ਲਗਭਗ 1700 ਮੀਟਰ ਦੂਰ ਹੈ ਜਿੱਥੇ ਬਹੁਤ ਮੁਸ਼ਕਿਲ ਪਗਡੰਡੀ ਰਾਹੀਂ ਪਹੁੰਚਿਆ ਜਾਂਦਾ ਹੈ। ਅਸੀਂ ਸੁਰੰਗ ਭਾਲਦੇ- ਭਾਲਦੇ ਹੋਰ ਰਸਤੇ ਪੈ ਕੇ 2 -3 ਕਿਲੋਮੀਟਰ ਦੂਰ ਜਾ ਕੇ ਸੜਕ ‘ਤੇ ਨਿਕਲੇ । ਸੜਕ ਤੋਂ ਅਸੀਂ ਬੱਸ ਚੜੇ ਇਹ ਪਤਾ ਨਹੀਂ ਸੀ ਅਸੀਂ ਕਿੱਥੇ ਖੜ੍ਹੇ ਹਾਂ । ਕੰਡਕਟਰ ਨੂੰ ਕਿਹਾ ਅਗਲੇ ਸ਼ਹਿਰ ਦੀ ਟਿਕਟ ਦੇ ਦੇ , ਉਹ ਕਹਿੰਦੇ ਅੱਗੇ ਤਾਂ ਬੜੌਗ ਹੈ , ਮੈਂ ਕਿਹਾ ਬੜੌਗ ਤੋਂ ਤਾਂ ਅਸੀਂ ਆਏ ਫਿਰ ਉਹਨੇ ਸਮਝਾਇਆ ਕਿ ਰੇਲਵੇ ਸਟੇਸ਼ਨ ਤੇ ਸ਼ਹਿਰ ਦੀ ਦੂਰੀ 2-3 ਕਿਲੋਮੀਟਰ ਹੈ । ਵੈਸੇ ਬੜੌਗ ਕੋਈ ਸ਼ਹਿਰ ਨਹੀਂ ਐਵੇ 10 -20 ਕੁ ਦੁਕਾਨਾਂ ਹਨ । ਖੈਰ , ਅਸੀਂ ਬੱਸ ‘ਚ ਬੈਠ ਕੇ ਧਰਮਪੁਰ ਸਟੇਸ਼ਨ ਤੇ ਆਏ ,ਉੱਥੇ ਚਾਹ ਪੀ ਕੇ 10 ਕੁ ਵਜੇ ਸਿ਼ਮਲਾ ਵਾਲੀ ਰੇਲ ਆ ਗਈ । ਅਸੀਂ ਬੱਚਿਆਂ ਨੂੰ ਛੋਟੀ ਗੱਡੀ ਦਾ ਸਫ਼ਰ ਕਰਾਉਣਾ ਸੀ ਇਸ ਕਰਕੇ ਧਰਮਪੁਰ ਆਏ ਸੀ । ਧਰਮਪੁਰ ਤੋਂ 26 ਮਿੰਟ ਦਾ ਫਾਸਲਾ ਰੇਲ ਲਗਭਗ 1 ਘੰਟੇ ਤੋਂ ਵੱਧ ਸਮੇਂ ‘ਚ ਕਰਦੀ ਹੈ। ਪਰ ਸਾਡੇ ਜਵਾਕ ਇਸ ਸਫ਼ਰ ਦਾ ਆਨੰਦ ਮਾਣ ਰਹੇ ਸਨ।
ਆ ਕੇ ਅਸੀਂ ਕਮਰਾ ਖਾਲੀ ਕਰਕੇ ਜਦੋਂ ਚਾਬੀ ਵਾਪਸ ਦੇਣ ਲੱਗੇ ਤਾਂ ਸਟੇਸ਼ਨ ਮਾਸਟਰ ਨੂੰ ਦੱਸਿਆ ਕਿ ਸੁਰੰਗ ਨਹੀਂ ਮਿਲੀ ਤਾਂ ਉਹ ਕਹਿੰਦੇ ਅਗਲੀ ਵਾਰ ਜਦੋਂ ਆਏ ਉਦੋਂ ਮੁੰਡਾ ਨਾਲ ਭੇਜ ਦਿਆਂਗੇ।
ਬੜੌਗ ਸਟੇਸ਼ਨ ‘ਤੇ ਇਸ ਰੇਲਵੇ ਟਰੈਕ ਦੀ ਸਭ ਤੋਂ ਲੰਬੀ ਸੁਰੰਗ ਹੈ, ਸਿ਼ਮਲਾ ਤੋਂ ਕਾਲਕਾ ਤੱਕ 102 ਸੁਰੰਗਾਂ ਵਿੱਚ ਗੱਡੀ ਲੰਘ ਨੇ ਆਪਣੇ ਮੰਜਿ਼ਲ ‘ਤੇ ਪਹੁੰਚਦੀ ਹੈ।
ਜੇ ਕਿਸੇ ਦੋਸਤ ਨੇ ਬੜੌਗ ਜਾਣਾ ਹੋਵੇ ਤਾਂ ਵਧੀਆ ਹੈ ਕਿ ਉਹ ਰੇਲ ਰਸਤੇ ਹੀ ਉੱਥੇ ਜਾਵੇ ਕਿਉਂਕਿ ਸਟੇਸ਼ਨ ਤੇ ਹੀ ਗੈਸਟ ਹਾਊਸ । ਨਹੀਂ ਤਾਂ ਹਾਈਵੇ ਤੇ ਕਾਰ ਖੜ੍ਹਾ ਕੇ ਦੋ ਵਾਰ ਹੇਠਾਂ ਉੱਤੇ ਜਾਣਾ ਪੈ ਗਿਆ ਤਾਂ ਆਮ ਬੰਦੇ ਦੀ ਜੀਭ ਨਿਕਲ ਜਾਂਦੀ ਹੈ ਕਿਉਂਕਿ ਅਸੀਂ ਪਹਾੜੀ ਚੜਾਈਆਂ ਚੜ੍ਹਨ ਦੇ ਆਦੀ ਨਹੀਂ ।
ਦੂਜੀ ਅਹਿਮ ਗੱਲ ਜਿਹੋ ਜਿਹਾ ਤੁਸੀ ਖਾਣਾ ਪੀਣਾ ਚਾਹੁੰਦੇ ਹੋ ਆਪਣਾ ਸਮਾਨ ਨਾਲ ਲੈ ਕੇ ਜਾਓ । ਕਿਉਂਕਿ ਕੰਨਟੀਨ ‘ਤੇ ਸਾਦੀ ਰੋਟੀ ਮਿਲਦੀ ਹੈ ਜਿਹੜੀ ਵਧੀਆ ਹੁੰਦੀ ਪਰ ਬਹੁਤੀ ਵਾਰ ਬੱਚੇ ਨਾਲ ਹੋਣ ਕਰਕੇ ਵੱਖ -ਵੱਖ ਤਰ੍ਹਾਂ ਦੇ ਖਾਣਿਆਂ ਦੀ ਮੰਗ ਕਰਦੇ ਹਨ ਤਾਂ ਉਹ ਉੱਥੇ ਮਿਲਦਾ ਨਹੀਂ । ਉੱਥੇ ਤਾਂ ਸਕੂਨ ਹੀ ਮਿਲਦਾ ।

Total Views: 109 ,
Real Estate