ਪੰਜਾਬੀਆਂ ਦਾ ਯੋਗ ਆਗੂ ਕਿਹੜਾ ?

Sukhnaib Sidhuਸੁਖਨੈਬ ਸਿੰਘ ਸਿੱਧੂ
ਜਦੋਂ ਦੇਸ਼ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਮਝ ਪੈਂਦਾ ਸਾਡੀਆਂ ਹੱਦਾਂ ਕਿੱਥੇ ਸਨ । ਕਾਬਲ -ਕੰਧਾਰ, ਦੱਰਾ ਖੈ਼ਬਰ, ਯੂਪੀ ਤੋਂ ਪਰੇ , ਹਰਿਆਣਾ ਹਿਮਾਚਲ ਦੀ ਹੋਂਦ ਤੋਂ ਗਾਹਾਂ । ਲਾਲ ਕਿਲ੍ਹੇ ‘ਤੇ ਝੂਲਿਆ ਕੇਸਰੀ ਨਿਸ਼ਾਨ , ਲਾਹੌਰ ਦਰਬਾਰ ‘ਤੇ ਰਣਜੀਤ ਸਿੰਘ ਦੀ ਸ਼ਾਨ , ਸਾਡੇ ਕੋਲ ਸਾਨੂੰ ਹਿੰਮਤ ਨੂੰ ਹੁਲਾਰਾ ਦੇਣ ਵਾਸਤੇ ਬਹੁਤ ਕੁਝ ਹੈ । ਸਿਕੰਦਰ ਨੂੰ ਰੋਕਣ ਵਾਲੇ ਪੋਰਸ ਅਤੇ ਦਿੱਲੀ ਦੀ ਸਲਤਨਤ ਨਾਲ ਟੱਕਰ ਲੈਣ ਵਾਲੇ ਦੁੱਲੇ ਵੀ ਸਾਡੇ ਸੀ । ਪਰ ਸਿਆਸੀ ਸਵਾਰਥਾਂ ‘ਚ ਬੱਝੇ ਸਾਡੇ ਆਗੂਆਂ ਨੇ ਦੇਸ ਪੰਜਾਬ ਤੋਂ ਇੱਕ ਸੂਬਾ ਬਣਾ ਕੇ ਸਾਹ ਲਿਆ ਅਤੇ ਹੁਣ ਅਸੀਂ ਪੰਜਾਬੀ ਨੂੰ ਪੰਜਾਬੀ ਬੋਲਦਾ ਇਲਾਕਾ ਵੀ ਨਹੀਂ ਰਹਿਣ ਦੇਣਾ । ਹੋਰਾਂ ਰਾਜਾਂ ਦੇ ਮਜਦੂਰ ਇੱਥੇ ਕਾਮਯਾਬ ਹੋ ਰਹੇ ਹਨ ਅਤੇ ਅਸੀਂ ਕਾਮਯਾਬੀ ਹਾਸਲ ਲਈ ਡੰਡਾ ਸੁੱਟ ਕੇ ਡੇਰਾ ਪੁੱਟ ਕੇ ਜਹਾਜ਼ ਚੜੀ ਜਾਂਦੇ ਹਾਂ । ਜਿਹੜੇ ਵਿਦੇਸ਼ ਪਹੁੰਚ ਗਏ ਜਾਂਦੇ ਹਨ ਉਹਨਾਂ ਦੇ ਉੱਥੇ ਪਹੁੰਚਦੇ ਹੀ ‘ਅਕਲ ਦਾ ਇੰਜਕੈਸ਼ਨ’ ਲੱਗ ਜਾਂਦਾ ਫਿਰ ਬਹੁਤਿਆਂ ਨੇ ਆਪਣਾ ਗਿਆਨ ਸੋਸ਼ਲ ਮੀਡੀਆ ‘ਤੇ ਪ੍ਰੋਫਾਈਲ ਬਣਾ ਕੇ ਬਿਨਾ ਮੰਗਿਆਂ ਥੋਪਣਾ ਹੁੰਦਾ ।
ਜਦੋਂ ਵੀ ਦੇਸ਼ ‘ਚ ਘੱਟ ਗਿਣਤੀਆਂ ਅੱਤਿਆਚਾਰ ਹੋਵੇ ਫਿਰ ਸੁਨੇਹਾ ਹੁੰਦੇ ਪੰਜਾਬੀਓ ਸੋਚੋ ਕੁਝ
ਜੇ ਦੂਰ ਬੈਠਿਆਂ ਦੇ ਮਤਲਬ ਦੀ ਸਰਕਾਰ ਨਾ ਬਣੇ ਫਿਰ ਸੁਨੇਹਾ ਹੁੰਦਾ ਕੁਝ ਨਹੀਂ ਹੋ ਸਕਦਾ ਪੰਜਾਬ ਦਾ । ਇੱਥੇ ਸਾਰੇ ਕੁਰੱਪਟ ਲੋਕ ਨੇ । ਕਿਸੇ ਸਿੱਖ ਦੀ ਕੁੱਟਮਾਰ ਦੀ ਖ਼ਬਰ ਪਹੁੰਚ ਗਈ ਬਹੁਤੇ ਵਾਰੀ ਮਾਮਲਾ ਸਾਹਮਣੇ ਨਹੀਂ ਆਇਆ ਹੁੰਦਾ । ਫਿਰ ਲਹਿਰ ਚੱਲਦੀ ਕਿ ਨਿਆਂ ਨਹੀਂ ਮਿਲ ਸਕਦਾ ਇਸ ਦੇਸ਼ ‘ਚ । ਹੋ ਸਕਦਾ ਨਾ ਵੀ ਮਿਲਦਾ ਹੋਵੇ । ਪਰ ਦਿਵਾਉਣਾ ਕੀਹਨੇ । ਅਸੀਂ ਕੀ ਸਕਦੇ ਹਾਂ। ਕਿੰਨੀਆਂ ਕੋਸਿ਼ਸ਼ਾਂ ਕਰਦੇ ਅਸੀਂ ਤੱਥਾਂ ਨੂੰ ਸਾਹਮਣੇ ਰੱਖਣ ‘ਚ ।
ਹੁਣ ਕਸਮੀਰ ‘ਚ ਧਾਰਾ 370 ਖਤਮ ਕਰਕੇ ਪੂਰੇ ਸੂਬੇ ਦੀ ਹਜ਼ਾਮਤ ਕਰਕੇ ਟਿੰਡ ਕੱਢ ਦਿੱਤੀ ਹੈ ਅਤੇ ਸਿਰ ਮੁਨਾਈ ਦਾ ਠੋਲਾ ਵੀ ਪੱਕਾ ਹੈ । ਇਹ ਗਲਤ ਹੋਇਆ ਜਾਂ ਠੀਕ ਇਹ ਗੱਲ ਨੂੰ ਵਿਚਾਰੇ ਬਿਨਾ ਬਿਆਨਬਾਜ਼ੀ ਚੱਲ ਰਹੀ ਹੈ ਕਿ ਅਗਲੀ ਵਾਰੀ ਪੰਜਾਬ ਦੀ ਹੈ। ਇਹ ਗੱਲ ਵੀ ਸਹੀ ਹੋ ਸਕਦੀ ਕਿ ਅਗਲੀ ਵਾਰੀ ਪੰਜਾਬ ਦੀ ਹੋ ਸਕਦੀ । ਕਹਿਣਗੇ -ਕਰੋ ਕੁਝ ? ਪਰ ਕਰੀਏ ਕੀ ?
ਬਹੁਤ ਸਾਰੀਆਂ ਮਾੜੀਆਂ ਘਟਨਾਵਾਂ ਤੋਂ ਸੂਬਾ ਪੰਜਾਬ ਦੇ ਪੰਜਾਬੀ ਵੀ ਦੁਖੀ ਹਨ ਅਤੇ ਚਿੰਤਤ ਵੀ । ਪਰ ਕੀਤਾ ਕੀ ਜਾਵੇ ?
ਅੱਜ ਤੱਕ ਪੰਜਾਬ ਨੂੰ ਨਾ ਸਿੱਖਾਂ ਨੂੰ ਨਿਰਵਿਵਾਦ ਆਗੂ ਨਹੀਂ ਮਿਲਿਆ। ਜਿਹੜਾ ਮੂਹਰੇ ਆਇਆ ਉਹੀ ਸਾਨੂੰ ਗੰਦਲਾਂ ਵਾਂਗੂੰ ਮੁੱਛ ਕੇ ਔਹ ਗਿਆ ਔਹ ਗਿਆ ।
ਕਿਸਾਨ ਯੂਨੀਅਨਾਂ ਨੇ ਕਿਸਾਨਾਂ ਦਾ ਵਿਸਵਾਸ਼ ਲਗਭਗ ਗੁਆ ਲਿਆ ਹੈ। ਕਿੰਨੇ ਕੁ ਲੋਕ ਨੇ ਜਿਹੜੇ ਹੁਣ ਇਹਨਾ ਮਗਰ ਜਾਂਦੇ । ਕਿਉਂਕਿ ਲੀਡਰਾਂ ਨੇ ਹੱਥ ਰੰਗ ਲਏ ਕਿਸਾਨ ਵਿਚਾਰੇ ਪੱਗਾਂ ਰੰਗਣ ਜੋਗੇ ਵੀ ਨਈਂ ਰਹਿਗੇ।
ਪੰਥਕ ਧਿਰਾਂ ਨੇ ਜਿਹੜਾ ਵੱਖ ਵੱਖ ਮੋਰਚਿਆਂ ਮੁਹਿੰਮਾਂ ਰਾਹੀਂ ਲੋਕਾਂ ਜੋੜਿਆਂ ਤਾਂ ਸੀ ਪਰ ਆਪ ਕਦੇ ਜੁੜਕੇ ਨਹੀਂ ਬੈਠੇ ਕੀ ਪੰਜਾਬੀ ਉਹਨਾਂ ਦੀ ਅਗਵਾਈ ਕਬੂਲਣ ?
ਬਲਵੰਤ ਰਾਮੂਵਾਲੀਆ ਅਤੇ ਮਨਪ੍ਰੀਤ ਬਾਦਲ ਨੂੰ ਪੰਜਾਬ ਦਾ ਹੇਜ ਜਾਗਿਆ ਸੀ ਪਰ ਜਦੋਂ ਇਹਨਾਂ ਦੀਆਂ ਪਾਰਟੀ ਦੇ ਪੈਰ ਨਾ ਲੱਗੇ ਇਹ ਆਪ ਵੀ ਦੂਜੀਆਂ ਛੱਤਰੀਆਂ ‘ਤੇ ਜਾ ਬੈਠੇ , ਬੇਸੱ਼ਕ ਪੀਪਲਜ ਪਾਰਟੀ ਨੂੰ ਡੋਬਣ ਵਾਲਿਆਂ ‘ਚ ਪੀ ਪੀ ਡੇਅਲੀ ਪੀ , ਚੱਤੋਪਹਿਰ ਪੀਣ ਵਾਲਿਆਂ ਦਾ ਯੋਗਦਾਨ ਵੀ ਘੱਟ ਨਹੀਂ ਸੀ ਅਤੇ ਸਵਾਰਥ ‘ਚ ਬੱਝੇ ਬਾਕੀ ਆਗੂਆਂ ਨੇ ਵੀ ਘੱਟ ਨਈਂ ਕੀਤੀ ਸੀ । ਪਰ ਪੰਜਾਬੀ ਤਾਂ ਉਦੋ ਵੀ ਨਾਲ ਸੀ । ਜਦ ਵੋਟਾਂ ਤੋਂ ਪਹਿਲਾਂ ਇਹਨਾ ਲੀਡਰਾਂ ਦੇ ਤੌਰ ਤਰੀਕੇ ਦੇਖੇ ਤਾਂ ਪੰਜਾਬ ਵਾਲਿਆਂ ਨੇ ਆਪਣੇ ਤਰੀਕੇ ਨਾਲ ਸੋਚ ਲਿਆ ।
ਕੈਪਟਨ ਦੀ ਪਿਛਲੀ ਸਰਕਾਰ ਆਈ । ਲੋਕਾਂ ਨੂੰ ਲੱਗਿਆ ਵਧੀਆ ਰਿਹਾ ਕੰਮ । ਪਰ ਬਾਦਲਾਂ ਨੇ ਜਨਤਾ ਨੂੰ ਜਿ਼ਆਦਾ ਖੁਸ਼ ਕਰ ਲਿਆ ਤੇ 10 ਬਾਦਲਾਂ ਦਾ ‘ਰਾਜ ਨਹੀਂ ਸੇਵਾ’ ਵਾਲਾ ਪੀਰੀਅਡ ਚੱਲਿਆ ਫਿਰ ਕੈਪਟਨ ਮੂਹਰੇ ਲਾਇਆ ਪਰ ਜੋ ਕੁਝ ਹੁਣ ਪੰਜਾਬ ‘ਚ ਹੋ ਰਿਹਾ ਉਹ ਤਾਂ ਕਹਿਣ ਸੁਣਨ ਤੋਂ ਪਰ੍ਹੇ ਦੀ ਗੱਲ ।
‘ਆਪ’ ਦੇ ਲੋਕ ਸਭਾ ‘ਚ ਪੈਰ ਪੰਜਾਬੀਆਂ ਨੇ ਲਵਾਏ । ਪਰ ਵਿਧਾਨ ਸਭਾ ‘ਚ ‘ਆਪ’ ਵਿੱਚ ਮੁੱਖ ਮੰਤਰੀ ਦੇ ਦਾਅਵੇਦਾਰ ਜਿ਼ਆਦਾ ਬਣੇ ਵਾਲੰਟੀਅਰ ਘੱਟ ਰਹੇ ਅਤੇ ਮਾਂਜੇ ਪੰਜਾਬੀ ਗਏ । ਵਿਦੇਸ਼ਾਂ ਵਿੱਚੋਂ ਬੇਹਿਸਾਬ ਪੈਸੇ ਪਾਰਟੀ ਕੋਲ ਆਉਣ ਦੇ ਚਰਚੇ ਹਮੇਸਾਂ ਚੱਲਦੇ ਰਹੇ । ਸੰਭਾਵੀ ਕੈਬਨਿਟ ਨੇ ਨਤੀਜਿਆਂ ਤੋਂ ਪਹਿਲਾਂ ਹੱਥ ਰੰਗਣੇ ਸੁਰੂ ਕਰਤੇ ਸੀ ।
‘ਆਪ’ਵਿੱਚੋਂ ਖਹਿਰਾ ਧੜਾ ਅਲੱਗ ਹੋਇਆ ਹੁਣ ਉਹਦੇ ਵਿੱਚੋਂ ਅਲੱਗ ਧੜਾ ਬਣਿਆ ਫਿਰਦਾ ਲੋਕ ਕਿਹੜੇ ਖੁਦਮੁਖਤਿਆਰ ‘ਤੇ ਯਕੀਨ ਕਰਨ ।
ਬੈਂਸ ਭਰਾਵਾਂ ਨੇ ਲੋਕ ਇਨਸਾਫ ਪਾਰਟੀ ਬਣਾਈ । ਪਰ ਵੋਟ ਬੀਜੇਪੀ ਨੂੰ ਪਾਈ , ਪਹਿਲਾਂ ਕਿੰਨੇ ਵਾਰੀ ਅਕਾਲੀ ਦੇ ਜੁੱਟ ਰਹੇ , ਹੁਣ ਕਿਮੇਂ ਯਕੀਨ ਕਰੀਏ ਕਿ ਉਹ ਪੰਜਾਬ ਦੇ ਹੱਕ ‘ਚ ਰਹਿਣਗੇ ਜਾਂ ਕਮਲ ਦੇ ਫੁੱਲ ਕੋਲ ਬਹਿਣਗੇ।
ਹਾਥੀ ਵਾਲੇ ਆਪਣੀ ਮਸਤੀ ‘ਚ ਹਨ ਉਹਨਾਂ ਦਾ ਇੱਥੇ ਕੋਈ ਆਧਾਰ ਨਹੀਂ । ਕਾਮਰੇਡਾਂ ਦੀਆਂ ਕਿੰਨੀਆਂ ਧਿਰਾਂ ਪਰ ਉਹ ਸਾਰੀਆਂ ਰਲ ਕੇ ਵੀ ਸਿਆਸੀ ਆਧਾਰ ਨਹੀਂ ਸਿਰਜ ਸਕਦੀਆਂ ਕਿਸੇ ਦੀ ਵੁੱਕਤ ਨਹੀਂ ।
ਡਾਕਟਰ ਗਾਂਧੀ ਨੂੰ ‘ਆਪ’ ਦੀ ਸੀਟ ਤੋ ਜਿੱਤੇ । ਪਾਰਟੀ ਤੋਂ ਅਲੱਗ ਹੋ ਕੇ ‘ਆਪ’ ਉਮੀਦਵਾਰਾਂ ਨੂੰ ਹਰਾਉਣ ਲਈ ਕਾਂਗਰਸ ਦੇ ਅਸਿੱਧੇ ਸਾਥੀ ਬਣੇ ਪਰ ਲੋਕ ਸਭਾ ਚੋਣਾਂ ‘ਚ ਉਹਨਾ ਦੀ ਲੋਟਨੀ ਲੱਗ ਗਈ ਹੁਣ ਛੇਤੀ ਛੇਤੀ ਪੈਰ ਨਹੀਂ ਲੱਗਣੇ ।
ਸਰ਼ੋਮਣੀ ਕਮੇਟੀ ਚੋਣਾਂ ‘ਚ ਬਾਦਲਾਂ ਦਾ ਮੁਕਾਬਲਾ ਕਰਨ ਲਈ ਕਿੰਨੇ ਦਲ ਇਕੱਠੇ ਹੋ ਜਾਂਦੇ ਪਰ ਵੋਟਾਂ ਵਾਲੇ ਦਿਨ ਤੱਕ ਕਿੰਨੇ ਕੁ ਰਲ ਕੇ ਰਹਿੰਦੇ ਸਭ ਨੂੰ ਪਤਾ ।
ਫਿਰ ਬਚਿਆ ਕੌਣ ਜੀਹਦਾ ਪੰਜਾਬੀ ਸਾਥ ਦੇਣ । ਇੱਥੋ ਦੇ ਲੋਕਾਂ ਦਾ ਹਾਲ ਵੀ ਕਸ਼ਮੀਰੀਆਂ ਵਰਗਾ ਹੀ , ਸੁਹਿਰਦ ਲੀਡਰਸਿੱਪ ਕਾਰਨ ਹਰ ਪਾਸਿਓ ਮਾਰ ਪੰਜਾਬ ਨੂੰ ਪੈਂਦੀ ਹੈ । ਲੋਕ ਲੀਡਰਾਂ ਤੋਂ ਨਿਰਾਸ਼ ਹੋ ਚੁੱਕੇ ਹਨ, ਇਹਨਾਂ ਦਾ ਬਣਨਾ ਸੌਖਾ ਨਹੀਂ ਹੈ । ਵੋਟਾਂ ‘ਚ ਜਿੱਤ ਕਾਰਨ ਹੋਰ ਬਹੁਤ ਸਾਰੇ ਹਨ ਕਿ ਕਿਹੜੀ ਧਿਰ ਕਿਵੇਂ ਜਿੱਤਦੀ ਹੈ। ਇਹ ਵੱਖਰਾ ਵਿਸ਼ਾ ਪਰ ਲੋਕਾਂ ਦੇ ਦਿਲ ਜਿੱਤਣ ਵਾਲਾ ਆਗੂ ਸਾਡੇ ਕੋਲ ਨਹੀਂ ਜਿਹੜਾ ਪੰਜਾਬੀਆਂ ਨੂੰ ਅਗਵਾਈ ਦੇ ਸਕੇ ।
Total Views: 32 ,
Real Estate