ਔਰਤਾਂ ਦੀਆਂ ੧੦੧ ਲਾਸ਼ਾਂ ਨਾਲ ਖੇਹ ਖਰਾਬੀ ਕਰਨ ਵਾਲਾ ਹੈਵਾਨ

ਕੁਲਵੰਤ ਸਿੰਘ ਢੇਸੀ
ਜਦੋਂ ਕਿਸੇ ਮਨੁੱਖ ਦੇ ਸਿਰ ‘ਤੇ ਕਾਮ ਦਾ ਭੂਤ ਸਵਾਰ ਹੋ ਜਾਵੇ ਤਾਂ ਉਹ ਇਸ ਹੱਦ ਤਕ ਵੀ ਗਿਰ ਸਕਦਾ ਹੈ ਕਿ ਸੁਣਨ ਵਾਲਾ ਸੁੰਨ ਹੋ ਜਾਂਦਾ ਹੈ। ਹੈਵਾਨੀਅਤ ਦੀਆਂ ਐਸੀਆਂ ਹੀ ਘਟਨਾਵਾਂ ਨੂੰ ਅੰਜਾਮ ਦਿੱਤਾ ਇੰਗਲੈਂਡ ਵਿਚ ਰਹਿੰਦੇ ਡੇਵਿਡ ਫੁਲਰ ਨਾਮ ਦੇ ਵਿਅਕਤੀ ਨੇ। ਕੈਂਟ ਹਸਪਤਾਲ ਦੇ ਮੁਰਦਾਘਰ ਵਿਚ ਇਲੈਕਟਰੀਸ਼ਨ ਵਜੋਂ ਕੰਮ ਕਰਨ ਵਾਲੇ ੬੮ ਸਾਲਾ ਡੇਵਿਡ ਫੁਲਰ ਨੂੰ ਸੰਨ ੨੦੨੧ ਵਿਚ ਅਦਾਲਤ ਨੇ ਦੋ ਔਰਤਾਂ ਦੇ ਕਤਲ ਸਬੰਧੀ ਉਮਰ ਕੈਦ ਦੀ ਲਮਕਵੀਂ ਸਜ਼ਾ ਦਿੱਤੀ ਸੀ। ਫੁਲਰ ਨੇ ਸੰਨ ੨੦੦੮ ਤੋਂ ੨੦੨੦ ਦੇ ਦਰਮਿਆਨ ਟਨਬਰਿਜ ਵੈਲਜ਼,ਕੈਂਟ ਅਤੇ ਸਸੈਕਸ ਦੇ ਹਸਪਤਾਲਾਂ ਦੇ ਮੁਰਦਾਘਰਾਂ ਵਿਚ ੭੮ ਔਰਤਾਂ ਦੀਆਂ ਲਾਸ਼ਾਂ ਨਾਲ ਵਿਭਚਾਰਕ ਖੇਹ ਖਰਾਬੀ ਕਰਨ ਦੇ ਦੋਸ਼ ਸਵੀਕਾਰ ਕੀਤੇ ਸਨ। ਇਸ ਸਾਲ ਨਵੰਬਰ ਵਿਚ ਉਸ ਨੇ ਹਸਪਤਾਲਾਂ ਦੇ ਮੁਰਦਾਘਾਟਾਂ ਵਿਚ ੨੩ ਹੋਰ ਔਰਤਾਂ ਦੀਆਂ ਲਾਸ਼ਾਂ ਨਾਲ ਹੈਵਾਨਗੀ ਦੇ ਦੋਸ਼ ਸਵੀਕਾਰੇ ਸਨ। ਉਸ ਦੀ ਹੈਵਾਨੀਅਤ ਦਾ ਸ਼ਿਕਾਰ ਹੋਈਆਂ ਔਰਤਾਂ ਵਿਚ ਇੱਕ ੯ ਸਾਲ ਦੀ ਬੱਚੀ ਦੀ ਅਤੇ ਇੱਕ ਸੌ ਸਾਲ ਦੀ ਔਰਤ ਦੀ ਲਾਸ਼ ਵੀ ਸ਼ਾਮਲ ਸੀ। ਨੈਸ਼ਨਲ ਹੈਲਥ ਸਰਵਿਸ ਦੇ ਇੱਕ ਅਦਾਰੇ ਨੇ ਕਿਹਾ ਹੈ ਕਿ ਫੁਲਰ ਦੀਆਂ ਕਾਲੀਆਂ ਕਰਤੂਤਾਂ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਜਿਹਨਾ ਰਿਸ਼ਤੇਦਾਰਾਂ ਨੂੰ ਮਾਨਸਿਕ ਪੀੜਾ ਵਿਚੀਂ ਨਿਕਲਣਾ ਪਿਆ ਹੈ ਉਹ ਸਾਢੇ ਬੱਤੀ ਹਜ਼ਾਰ ਤੱਕ ਦੇ ਇਵਜਾਨੇ ਦਾ ਦਾਅਵਾ ਕਰ ਸਕਦੇ ਹਨ। ਡੇਵਿਡ ਫੁਲਰ ਇੱਕ ਇਲੈਕਟਰੀਸ਼ਨ ਦੇ ਤੌਰ ‘ਤੇ ਕੰਮ ਕਰਦਾ ਸੀ ਅਤੇ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਏਨਾ ਲੰਬਾ ਸਮਾਂ ਬਿਨਾ ਕਿਸੇ ਦੇ ਧਿਆਨ ਵਿਚ ਆਇਆਂ ਇਹ ਕੁਕਰਮ ਕਿਵੇਂ ਕਰਦਾ ਰਿਹਾ।

Total Views: 239 ,
Real Estate