ਬਰਤਾਨੀਆਂ ਦੇ ਸ਼ਾਹੀ ਪਰਿਵਾਰ ਵਿਚ ਨਸਲਵਾਦੀ ਬੋ ਮਿਜ਼ਾਜ ਦਾ ਮੁੱਦਾ ਫੇਰ ਭੜਕਿਆ


ਕੁਲਵੰਤ ਸਿੰਘ ਢੇਸੀ

ਇਸ ਸਬੰਧੀ ਕਿੰਗ ਚਾਰਲਸ ਦੇ ਛੋਟੇ ਬੇਟੇ ਅਤੇ ਨੂੰਹ ਰਾਣੀ ਦੀ ਇੱਕ ਇੰਟਰਵਿਊ ਨੇ ਵੱਡਾ ਧਮਾਕਾ ਕੀਤਾ ਸੀ ਜਦੋਂ ਹੈਰੀ ਅਤੇ ਮੇਘਨ ਨੇ ਅਮਰੀਕਾ ਵਿਚ ਓਪਰਾ ਵੈਨਫਰੇ ਨੂੰ ਦਿੱਤੀ ਆਪਣੀ ਇੰਟਰਵਿਊ ਵਿਚ ਇਹ ਖੁਲਾਸਾ ਕੀਤਾ ਸੀ ਕਿ ਰਾਇਲ ਪਰਿਵਾਰ ਉਹਨਾ ਦੇ ਬੇਟੇ
ਆਰਚੀ ਦੇ ਰੰਗ ਨੂੰ ਲੈ ਕੇ ਸਵਾਲ ਜਵਾਬ ਕਰਦਾ ਰਿਹਾ ਸੀ। ਹੁਣ ਇੱਕ ਹੋਰ ਨਵਾਂ ਧਮਾਕਾ ਉਸ ਸਮੇ ਹੋਇਆ ਜਦੋਂ ਕਿ ਭੂਤਪੂਰਵ ਮਹਾਂਰਾਣੀ ਅਲਿਜ਼ਬੈਥ ਦੀ ਨੇੜੇ ਦੀ ਦੋਸਤ ਅਤੇ ਰਾਜਕੁਮਾਰ ਵਿਲੀਅਮ ਦੀ ਗੌਡ ਮਦਰ ਆਖੀ ਜਾਣ ਵਾਲੀ ੮੬ ਸਾਲਾ ਲੇਡੀ ਸੂਜ਼ਨ ਹਸੀ ਨਾਮ ਦੀ ਔਰਤ ਦਾ ਨਾਮ ਨਸਲਵਾਦੀ ਟਿਪਣੀਆਂ ਕਾਰਨ ਸੁਰਖੀਆਂ ਵਿਚ ਆਇਆ। ਮੰਗਲਵਾਰ ੨੯ ਨਵੰਬਰ ਨੂੰ ਹੋਏ ਇੱਕ ਚੈਰਿਟੀ ਸਮਾਰੋਹ ਵਿਚ ਲੇਡੀ ਸੂਜ਼ਨ ਨੇ ਅੰਗੋਜ਼ੀ ਫੁਲਾਨੀ ਨਾਮ ਦੀ ਇੱਕ ਸਿਆਹ ਫਾਮ ਔਰਤ ਨਾਲ ਜਿਸ ਤਰਾਂ ਦਾ ਵਿਵਹਾਰ ਕੀਤਾ ਉਸ ਨੂੰ ਨਸਲਵਾਦੀ ਤਰਜ਼ ਦਾ ਕਿਹਾ ਗਿਆ ਸੀ। ਘਰੇਲੂ ਹਿੰਸਾ ਸਬੰਧੀ ਚੈਰਿਟੀ ਦੀ ਬਾਨੀ ਫੁਲਾਨੀ ਨੇ ਕਿਹਾ ਹੈ ਕਿ ਉਸ ਨੂੰ ਸਮਾਰੋਹ ਵਿਚ ਗਿਆਂ ਮਸੀਂ ਪੰਜ ਮਿੰਟ ਹੀ ਹੋਏ ਸਨ ਕਿ ਇੱਕ ਔਰਤ ਉਸ ਦੇ ਕੇਸਾਂ ਦੀਆਂ ਮੀਢੀਆਂ ਨੂੰ ਪਾਸੇ ਕਰਕੇ ਉਸ ਦੇ ਨਾਮ ਦੀ ਤਖਤੀ ਪੜ੍ਹਨ ਦੀ ਕੋਸ਼ਿਸ਼ ਕਰਦੀ ਰਹੀ। ਲੇਡੀ ਸੁਜ਼ਨ ਦੀ ਇਸ ਹਰਕਤ ‘ਤੇ ਅੰਗੋਜ਼ੀ ਫੁਲਾਨੀ ਇੱਕ ਕਦਮ ਪਿੱਛੇ ਹਟ ਜਾਂਦੀ ਹੈ ਤਾਂ ਸੂਜ਼ਨ ਉਸ ਨੂੰ ਸਵਾਲ ਕਰਦੀ ਹੈ ਕਿ ਤੂੰ ਕਿੱਥੋਂ ਆਈ ਏਂ? ਕਿਓਂਕਿ ਇਹ ਸਮਾਰੋਹ ਚੈਰਿਟੀ ਸਬੰਧੀ ਸੀ ਸੋ ਫੁਲਾਨੀ ਕਹਿੰਦੀ ਹੈ ਕਿ ਮੈਂ ‘ਸਿਸਟਰ ਸਪੇਸ’ ਤੋਂ ਆਈ ਹਾਂ ਜੋ ਕਿ ਉਸ ਦੀ ਚੈਰਿਟੀ ਦਾ ਨਾਮ ਹੈ। ਇਸ ਪਿੱਛੋਂ ਲੇਡੀ ਸੂਜ਼ਨ ਫਿਰ ਪੁੱਛਦੀ ਹੈ ਕਿ ਤੂੰ ਆਈ ਕਿੱਥੋਂ ਹੈਂ ਤਾਂ ਫੂਲਾਨੀ ਕਹਿੰਦੀ ਹੈ ਕਿ ਮੈਂ ਹੈਕਨੀ ਤੋਂ ਆਈ ਹਾਂ ਜਿਥੇ ਕਿ ਇਹ ਚੈਰਿਟੀ ਐਫਰੋ ਕੈਰਬੀਅਨ ਲੋਕਾਂ ਨਾਲ ਸਬੰਧਤ ਹੈ। ਇਸ ਪਿੱਛੋਂ ਲੇਡੀ ਸੂਜ਼ਨ ਫਿਰ ਪੁੱਛਦੀ ਹੈ ਕਿ ਤੂੰ ਅਫਰੀਕਾ ਦੇ ਕਿਹੜੇ ਇਲਾਕੇ ਚੋਂ ਆਈ ਹੈਂ ਤਾਂ ਫੁਲਾਨੀ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ। ਲੇਡੀ ਨੇ ਫਿਰ ਪੁੱਛਿਆ ਕਿ ਪਿੱਛੋਂ ਤੁਸੀਂ ਕਿਥੇ ਦੇ ਹੋ ਅਤੇ ਤੇਰੀ ਨੈਸ਼ਨੈਲਿਟੀ ਕੀ ਹੈ? ਇਸ ਤੇ ਫੁਲਾਨੀ ਨੇ ਕਿਹਾ ਕਿ ਮੈਂ ਤਾਂ ਇਥੋਂ ਦੀ ਹੀ ਹਾਂ ਅਤੇ ਮੇਰੀ ਨੈਸ਼ਨੈਲਿਟੀ ਬ੍ਰਿਟਿਸ਼ ਹੈ। ਇਸ ਗੱਲ ਨੇ ਏਨੀ ਤੂਲ ਫੜ ਲਈ ਕਿ ਲੇਡੀ ਸੂਜ਼ਨ ਹਸੀ ਨੂੰ ਆਪਣੀ ੬੦ ਸਾਲਾਂ ਦੀ ਨੌਕਰੀ ਤੋਂ ਤਤਕਾਲ ਅਸਤੀਫਾ ਦੇਣਾ ਪਿਆ। ਕੁਝ ਲੋਕਾਂ ਦਾ ਕਹਿਣਾ ਕਿ ਲੇਡੀ ਸੂਜ਼ਨ ਵਲੋਂ ਕੀਤੇ ਸਵਾਲਾਂ ਪਿੱਛੇ ਭਾਵਨਾ ਨਸਲਵਾਦੀ ਨਹੀਂ ਸੀ ਸਗੋਂ ਮਹਿਜ਼ ਉਤਸਕਤਾ ਸੀ ਕਿ ਉਹ ਫੁਲਾਨੀ ਦੇ ਪਿਛੋਕੜ ਬਾਰੇ ਜਾਣ ਸਕੇ ਜਦ ਕਿ ਫੁਲਾਨੀ ਦਾ ਕਹਿਣਾ ਹੈ ਕਿ ਜਦੋਂ ਇੱਕ ਹੀ ਸਵਾਲ ਤੁਹਾਡੇ ਤੋਂ ਸੱਤ ਅੱਠ ਵਾਰ ਪੁੱਛਿਆ ਜਾਵੇ ਤਾਂ ਤੁਸੀਂ ਕੀ ਮਹਿਸੂਸ ਕਰੋਗੇ? ਇਸ ਵੇਲੇ ਜਦੋਂ ਯੂਰਪ ਦੀ ਰਾਜਨੀਤੀ ਵਿਚ ਸੱਜੇ ਪੱਖੀ ਰੂਝਾਨ ਜੋਰ ਫੜਦੇ ਜਾ ਰਹੇ ਹਨ ਤਾਂ ਬਰਤਾਨੀਆਂ ਵਿਚ ਨਸਲੀ ਇੱਕਸੁਰਤਾ ਲਈ ਰੋਇਲ ਫੈਮਿਲੀ ਅਤੇ ਪ੍ਰਮੁਖ ਰਾਜਨੀਤਕ ਜਾਂ ਸਮਾਜਕ ਵਿਅਕਤੀਆਂ ਨੂੰ ਰੋਲ ਮਾਡਲ ਬਣਨ ਦੀ ਲੋੜ ਹੈ

Total Views: 43 ,
Real Estate