ਜੰਗ ਦਾ ਸੇਕ: ਪੰਜਾਬ ’ਚ ਬਣ ਸਕਦੈ ਖਾਦ ਸੰਕਟ!

ਚਰਨਜੀਤ ਭੁੱਲਰ- ਪੰਜਾਬ ’ਚ ਇਸ ਵਾਰ ਸਾਉਣੀ ਦੀ ਫ਼ਸਲ ਲਈ ਖਾਦ ਦਾ ਸੰਕਟ ਬਣ ਸਕਦਾ ਹੈ ਕਿਉਂਕਿ ਅਮਰੀਕਾ-ਇਰਾਨ ਜੰਗ ਕਾਰਨ ਖਾਦ ਦੀ ਸਪਲਾਈ ਠੱਪ ਹੈ। ਸੂਬੇ ਦੀਆਂ ਪੇਂਡੂ ਸਹਿਕਾਰੀ ਸਭਾਵਾਂ ’ਚ ਬੇਸ਼ੱਕ ਯੂਰੀਆ ਦਾ ਅਗਾਊਂ ਭੰਡਾਰ ਪਹੁੰਚ ਗਿਆ ਹੈ ਪਰ ਲੋੜ ਅਨੁਸਾਰ ਇਸ ਦੀ ਮਾਤਰਾ ਘੱਟ ਹੈ। ਸਾਉਣੀ ਦੀ ਫ਼ਸਲ ਲਈ 16 ਲੱਖ ਮੀਟ੍ਰਿਕ ਟਨ ਯੂਰੀਆ ਦੀ ਲੋੜ ਹੋਵੇਗੀ ਪਰ ਮੱਧ ਮਾਰਚ ਤੱਕ 4.80 ਲੱਖ ਮੀਟ੍ਰਿਕ ਟਨ ਯੂਰੀਆ ਪੰਜਾਬ ’ਚ ਆਇਆ ਹੈ।ਪੰਜਾਬ ’ਚ ਕੁੱਲ 3520 ਪੇਂਡੂ ਸਹਿਕਾਰੀ ਸਭਾਵਾਂ ਹਨ ਜਿਨ੍ਹਾਂ ਨੂੰ 75 ਫ਼ੀਸਦ ਖਾਦ ਦੀ ਸਪਲਾਈ ਮਾਰਕਫੈੱਡ ਦਿੰਦਾ ਹੈ ਅਤੇ 25 ਫ਼ੀਸਦ ਸਪਲਾਈ ਇਫਕੋ ਤੋਂ ਹੁੰਦੀ ਹੈ। ਸੂਬੇ ’ਚ ਝੋਨੇ ਦੀ ਲਵਾਈ ਦੇ ਨਾਲ ਹੀ ਕਰੀਬ 15 ਜੂਨ ਤੋਂ ਯੂਰੀਆ ਦੀ ਮੰਗ ਸ਼ੁਰੂ ਹੋ ਜਾਣੀ ਹੈ ਪਰ ਅਗੇਤੇ ਪ੍ਰਬੰਧਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਪੱਛਮੀ ਏਸ਼ੀਆ ਦੀ ਜੰਗ ਕਾਰਨ ਖਾਦ ਦਾ ਸੰਕਟ ਝੱਲਣਾ ਪੈ ਸਕਦਾ ਹੈ। ਮਾਰਕਫੈੱਡ ਨੇ ਸਹਿਕਾਰੀ ਸਭਾਵਾਂ ਨੂੰ ਹੁਣ ਤੱਕ ਦੋ ਲੱਖ ਮੀਟ੍ਰਿਕ ਟਨ ਅਤੇ ਇਫਕੋ ਨੇ ਡੇਢ ਲੱਖ ਟਨ ਯੂਰੀਆ ਸਪਲਾਈ ਕੀਤਾ ਹੈ। ਕਰੀਬ 15 ਹਜ਼ਾਰ ਮੀਟ੍ਰਿਕ ਟਨ ਡੀ ਏ ਪੀ ਸਹਿਕਾਰੀ ਸਭਾਵਾਂ ਨੂੰ ਸਪਲਾਈ ਹੋਈ ਹੈ।ਪੇਂਡੂ ਸਹਿਕਾਰੀ ਸਭਾਵਾਂ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਹਾਦਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਮੁਕਾਬਲੇ ਖਾਦ ਦੀ ਅਗੇਤੀ ਸਪਲਾਈ ’ਚ ਸੁਧਾਰ ਹੈ ਪਰ ਸਭਾਵਾਂ ਨੂੰ ਜੋ ਅਗੇਤਾ ਭੰਡਾਰ ਲੋੜੀਂਦਾ ਹੈ, ਉਸ ਮੁਕਾਬਲੇ 30 ਫ਼ੀਸਦ ਭੰਡਾਰ ਘੱਟ ਹੈ। ਹਰ ਸਹਿਕਾਰੀ ਸਭਾ ਕੋਲ ਇੱਕ-ਇੱਕ ਗੱਡੀ ਯੂਰੀਆ ਆ ਚੁੱਕਾ ਹੈ। ਮੱਕੀ ਵਾਲੇ ਕਿਸਾਨ ਯੂਰੀਆ ਲੈ ਗਏ ਹਨ ਅਤੇ ਡੇਢ ਮਹੀਨੇ ਬਾਅਦ ਝੋਨਾ ਕਾਸ਼ਤਕਾਰਾਂ ਨੂੰ ਲੋੜ ਪਵੇਗੀ।ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦਵਾਨ ਦੇ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਮੱਕੀ ਵਾਸਤੇ ਯੂਰੀਆ ਲੈਣ ਲਈ ਬਹੁਤ ਪਾਪੜ ਵੇਲਣੇ ਪਏ ਅਤੇ ਝੋਨੇ ਵਾਸਤੇ ਯੂਰੀਆ ਦੀ ਲੋੜ ਪੈਣੀ ਹੈ। ਕਿਸਾਨ ਆਖਦੇ ਹਨ ਕਿ ਬਾਜ਼ਾਰ ’ਚ ਖਾਦ ਡੀਲਰ ਯੂਰੀਆ ਨਾਲ ਹੋਰ ਕੀਟਨਾਸ਼ਕ ਅਤੇ ਨੈਨੋ ਯੂਰੀਆ ਦੀ ਪੇਸ਼ਕਸ਼ ਕਰ ਰਹੇ ਹਨ। ਜ਼ਿਲ੍ਹਾ ਪਟਿਆਲਾ ਦੇ ਪਿੰਡ ਕੁਲਾਰਾਂ ਕਲਾਂ ਦੀ ਸਹਿਕਾਰੀ ਸਭਾ ਦੇ ਦਰਸ਼ਨ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਕੋਲ ਮੌਜੂਦ ਖਾਦ ਦਾ ਭੰਡਾਰ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਖੇਤੀ ਵਿਭਾਗ ਨੇ ਅਧਿਕਾਰੀਆਂ ਨੂੰ ਵਿਕਰੀ ’ਤੇ ਨਜ਼ਰ ਰੱਖਣ ਲਈ ਕਿਹਾ ਹੈ।

ਝੋਨੇ ਲਈ ਸਵਾ ਦੋ ਬੋਰੀਆਂ ਦੀ ਸਿਫ਼ਾਰਸ਼: ਖੇਤੀ ਮਾਹਿਰ

ਖੇਤੀ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਆਖਦੇ ਹਨ ਕਿ ਝੋਨੇ ਦੀ ਪੂਰੀ ਫ਼ਸਲ ਲਈ ਖੇਤੀ ਯੂਨੀਵਰਸਿਟੀ ਵੱਲੋਂ ਸਵਾ ਦੋ ਬੋਰੀਆਂ ਖਾਦ ਦੀ ਸਿਫ਼ਾਰਸ਼ ਹੈ ਪਰ ਕਿਸਾਨ 4-5 ਬੋਰੀਆਂ ਪ੍ਰਤੀ ਏਕੜ ਵੀ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਖੇਤੀ ਯੂਨੀਵਰਸਿਟੀ ਸਾਉਣੀ ਦੀਆਂ ਫ਼ਸਲਾਂ ਲਈ ਡੀ ਏ ਪੀ ਦੀ ਸਿਫ਼ਾਰਸ਼ ਨਹੀਂ ਕਰਦੀ ਪਰ ਕਿਸਾਨ ਡੀ ਏ ਪੀ ਦੀ ਵਰਤੋਂ ਵੀ ਕਰਦੇ ਹਨ।

Real Estate