ਮੋਟਰ ਮਕੈਨਿਕ ਨੂੰ ਆਇਆ ED ਦਾ 5 ਕਰੋੜ ਦਾ ਨੋਟਿਸ

ਸਾਨੇਵਾਲ ਅੰਦਰ ਇਕ ਮੋਟਰ ਮਕੈਨਿਕ ਨੂੰ ਜੀਐਸਟੀ ਦਾ ਨੰਬਰ ਲੈਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸਦੇ ਘਰ ਈਡੀ ਨੇ ਰੇਡ ਕਰ ਦਿਤੀ ਅਤੇ ਉਸ ਨੂੰ ਪੰਜ ਕਰੋੜ ਦਾ ਜੀਐਸਟੀ ਵਿਭਾਗ ਵਲੋਂ ਨੋਟਿਸ ਆ ਗਿਆ। ਪੱਤਰਕਾਰਾਂ ਨੂੰ ਜੀਐਸਟੀ ਵਲੋਂ ਭੇਜੇ ਨੋਟਿਸ ਦੀ ਕਾਪੀ ਵਿਖਾਉਂਦਿਆਂ ਜਸਵੀਰ ਸਿੰਘ ਨੇ ਦਸਿਆ ਕਿ ਉਹ ਲੰਮੇ ਸਮੇਂ ਤੋਂ ਬਿਜਲੀ ਦੀਆਂ ਮੋਟਰਾਂ ਰਿਪੇਅਰ ਕਰਨ ਦਾ ਕੰਮ ਕਰਦਾ ਹੈ।ਉਸ ਨੇ ਦਸਿਆ ਕਿ ਉਹ ਬੈਂਕ ਤੋਂ ਲੋਨ ਲੈ ਕੇ ਅਪਣਾ ਕੰਮ ਵਧਾਉਣਾ ਚਾਹੁੰਦਾ ਸੀ ਜਿਸ ਲਈ ਉਹ ਅਪਣੇ ਨਾਲ ਦੇ ਹਰਮਨ ਕੈਫੇ ’ਚ ਪਹੁੰਚਿਆ ਜਿਥੇ ਉਸ ਨੂੰ ਪਤਾ ਲਗਿਆ ਕਿ ਲੋਨ ਲਈ ਪਹਿਲਾਂ ਉਸ ਨੂੰ ਜੀਐਸਟੀ ਨੰਬਰ ਲੈਣਾ ਪਵੇਗਾ। ਜਿਸ ਕਰ ਕੇ ਉਸ ਨੇ ਅਪਣੇ ਸਾਰੇ ਕਾਗ਼ਜ਼ ਕੈਫੇ ਦੇ ਮਾਲਕ ਹਰਮਨ ਨੂੰ ਦੇ ਦਿਤੇ। ਪਰ ਨਾ ਤਾਂ ਮੇਰਾ ਜੀਐਸਟੀ ਨੰਬਰ ਆਇਆ ਅਤੇ ਨਾ ਹੀ ਮੈਨੂੰ ਲੋਨ ਮਿਲਿਆ। ਪਰ 2022 ਦੇ ਵਿਚ ਉਨ੍ਹਾਂ ਦੇ ਘਰ ਸਵੇਰੇ ਤਿੰਨ ਵਜੇ ਈਡੀ ਦੇ ਅਧਿਕਾਰੀਆਂ ਨੇ ਰੇਡ ਕਰ ਦਿਤੀ, ਉਸ ਸਮੇਂ ਉਹ ਤੇ ਉਨ੍ਹਾਂ ਦੀ ਪਤਨੀ ਘਰ ਵਿਚ ਇਕੱਲੇ ਸਨ। ਈਡੀ ਦੀ ਟੀਮ ਨੇ ਉਨ੍ਹਾਂ ਦੇ ਮੋਬਾਈਲ ਫੜ ਲਏ ਅਤੇ ਦਰਵਾਜੇ ਬੰਦ ਕਰ ਕੇ ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦਿਤਾ ਅਤੇ ਉਨ੍ਹਾਂ ਤੋਂ ਪੁਛਗਿਛ ਕਰਨ ਲੱਗੇ। ਉਨ੍ਹਾਂ ਨੇ ਈਡੀ ਦੀ ਟੀਮ ਨੂੰ ਦਸਿਆ ਕਿ ਉਨ੍ਹਾਂ ਨੇ ਤਾਂ ਜੀਐਸਟੀ ਨੰਬਰ ਲੈਣ ਲਈ ਅਪਣੇ ਕਾਗ਼ਜ਼ ਕੈਫੇ ਵਾਲੇ ਨੂੰ ਦਿਤੇ ਸਨ।ਜਿਸ ਤੋਂ ਬਾਅਦ ਮੌਕੇ ’ਤੇ ਹੀ ਈਡੀ ਨੇ ਕੈਫੇ ਦੇ ਮਾਲਕ ਅਤੇ ਉਸਦੇ ਪਿਤਾ ਨੂੰ ਬੁਲਾ ਲਿਆ। ਉਨ੍ਹਾਂ ਮੰਨਿਆ ਕਿ ਇਹ ਕਾਗ਼ਜ਼ ਸਾਨੂੰ ਹੀ ਜੀਐਸਟੀ ਨੰਬਰ ਲੈਣ ਵਾਸਤੇ ਦਿਤੇ ਗਏ ਸਨ, ਜਿਹੜੇ ਕਿ ਅਸੀਂ ਅੱਗੇ ਇਕ ਸੀਏ ਨੂੰ ਭੇਜੇ ਸਨ ਅਤੇ ਸੀਏ ਦੇ ਦਫ਼ਤਰ ’ਚੋਂ ਇਹ ਕਾਗ਼ਜ਼ ਕਿਸੇ ਨੇ ਚੋਰੀ ਕਰ ਲਏ ਅਤੇ ਗ਼ਲਤ ਤਰੀਕੇ ਨਾਲ ਵਰਤ ਲਏ। ਜਿੱਥੇ ਹਰਮਨ ਅਤੇ ਸੀਏ ਨੇ ਸਾਨੂੰ ਵਿਸ਼ਵਾਸ ਦਿਤਾ ਕਿ ਕੁੱਝ ਸਮੇਂ ਬਾਅਦ ਹੀ ਉਹ ਸਾਰੇ ਮਾਮਲੇ ਨੂੰ ਹੱਲ ਕਰਵਾ ਦੇਣਗੇ, ਪਰ ਹੁਣ ਉਨ੍ਹਾਂ ਦੇ ਘਰ ਮੁੜ ਈਡੀ ਦਾ 5 ਕਰੋੜ ਰੁਪਏ ਦਾ ਨੋਟਿਸ ਆਇਆ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਤਾ ਜਾਵੇ ਅਤੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਕੈਫੇ ਦੇ ਮਾਲਕ ਹਰਮਨ ਸਿੰਘ ਨੇ ਕਿਹਾ ਕਿ ਉਹ ਤਾਂ ਪੀੜਤ ਪਰਵਾਰ ਦੇ ਨਾਲ ਹਨ ਅਤੇ ਚਾਹੁੰਦੇ ਹਨ ਕਿ ਜਾਂਚ ਹੋਵੇ ਅਤੇ ਜਿਹੜੇ ਵੀ ਦੋਸ਼ੀ ਹਨ ਉਨ੍ਹਾਂ ’ਤੇ ਬਣਦੀ ਕਾਰਵਾਈ ਹੋਵੇ।

Total Views: 1 ,
Real Estate