‘ਮਿਸ਼ਨ ਪੰਜਾਬ’ ਰਾਹੀਂ ਨਸ਼ਿਆਂ ਵਿਰੁੱਧ ਆਵਾਜ਼ ਕੌਮਾਂਤਰੀ ਮੰਚਾਂ ਤੱਕ ਪਹੁੰਚਾਉਣਾ ਜ਼ਰੂਰੀ : ਹਰਜੀਤ ਸਿੰਘ ਬੌਬੀ ਬਰਾੜ

ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿਖੇ ਵਸਦੇ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਘਣੀਏ ਵਾਲਾ ਦੇ ਜੰਮਪਲ ਉੱਦਮੀ ਸ਼ਖ਼ਸੀਅਤ ਹਰਜੀਤ ਸਿੰਘ ਬੌਬੀ ਬਰਾੜ ਨੇ ਮਾਨਸਾ ਵਾਸੀ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਸੰਘਰਸ਼ ਕਿਸੇ ਇੱਕ ਵਿਅਕਤੀ, ਜਥੇਬੰਦੀ ਜਾਂ ਸਿਆਸੀ ਧਿਰ ਦਾ ਨਹੀਂ, ਸਗੋਂ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੀ ਸੋਚ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣਾ ਅਤੇ ਪੰਜਾਬ ਵਿੱਚ ਨਸ਼ਿਆਂ ਕਾਰਨ ਪੈਦਾ ਹੋਏ ਸੰਕਟ ਵੱਲ ਕੌਮਾਂਤਰੀ ਭਾਈਚਾਰੇ ਦਾ ਧਿਆਨ ਖਿੱਚਣਾ ਸਮੇਂ ਦੀ ਮੁੱਖ ਲੋੜ ਹੈ।
ਬੇਸ਼ਕ ‘ਮਿਸ਼ਨ ਪੰਜਾਬ’ ਕੋਈ ਅਧਿਕਾਰਤ ਨਾਂਅ ਨਹੀਂ, ਪਰ ਮੌਜੂਦਾ ਹਾਲਾਤ ਦੀ ਨਜ਼ਾਕਤ ਨੂੰ ਦੇਖਦਿਆਂ ਇਹ ਨਾਂਅ ਇਸ ਮੁਹਿੰਮ ਦੇ ਉਦੇਸ਼ ਦੀ ਸਹੀ ਤਰਜਮਾਨੀ ਕਰਦਾ ਹੈ। ਇਸ ਨਾਂਅ ਨਾਲ ਇੱਕ ਕੁਦਰਤੀ ਮੇਲ ਵੀ ਜੁੜਿਆ ਹੋਇਆ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਆ ਕੇ ਬ੍ਰਿਟਿਸ਼ ਕੋਲੰਬੀਆ ਦੇ ਖ਼ੂਬਸੂਰਤ ਸ਼ਹਿਰ ਮਿਸ਼ਨ ਵਿੱਚ ਵਸੇ ਤਕਰੀਬਨ ਦਸ ਹਜ਼ਾਰ ਪੰਜਾਬੀ ਭਾਵੇਂ ਆਪਣੀ ਜਨਮਭੂਮੀ ਤੋਂ ਦੂਰ ਰਹਿੰਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿੱਚ ਪੰਜਾਬ ਵਸਦਾ ਹੈ। ਪੰਜਾਬ ਦੀ ਖ਼ੈਰ-ਸੁੱਖ ਅਤੇ ਨੌਜਵਾਨ ਪੀੜ੍ਹੀ ਦਾ ਭਵਿੱਖ ਉਨ੍ਹਾਂ ਦੇ ਫ਼ਿਕਰਾਂ ਦਾ ਅਹਿਮ ਹਿੱਸਾ ਹੈ।
ਬੌਬੀ ਬਰਾੜ ਦੀ ਆਵਾਮ ਨੂੰ ਅਪੀਲ ਹੈ ਕਿ ਇਸ ਵਾਰ ਦੀਵੇ ਨਾ ਜਗਾ ਕੇ ਕੇ ਦੀਵਾਲੀ ਕਾਲ਼ੀ ਰੱਖੀ ਜਾਵੇ। ਕਿਉਂਕਿ ਜਦੋਂ ਦੀਵਾਲੀ ਮੌਕੇ ਭਾਰਤ ਦੇ ਬਹੁਤੇ ਹਿੱਸੇ ਰੌਸ਼ਨੀਆਂ ਨਾਲ ਜਗਮਗਾ ਰਹੇ ਹੁੰਦੇ ਹਨ, ਉਸੇ ਸਮੇਂ ਪੰਜਾਬ ਦੇ ਕਈ ਘਰ ਨਸ਼ਿਆਂ ਕਾਰਨ ਛਾਏ ਹਨੇਰੇ ਨਾਲ ਜੂਝ ਰਹੇ ਹੁੰਦੇ ਹਨ। ਇਹ ਸਿਰਫ਼ ਸਮਾਜਿਕ ਸੰਕਟ ਨਹੀਂ, ਸਗੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਨਾਲ ਜੁੜਿਆ ਗੰਭੀਰ ਸਵਾਲ ਹੈ। ਇਸੇ ਲਈ ‘ਮਿਸ਼ਨ ਪੰਜਾਬ’ ਦਾ ਮਕਸਦ ਇਸ ਪੀੜ ਨੂੰ ਦੁਨੀਆਂ ਸਾਹਮਣੇ ਲਿਆਉਣਾ ਅਤੇ ਪਰਵਿੰਦਰ ਸਿੰਘ ਝੋਟਾ ਦੀ ਸੋਚ ਨੂੰ ਸੰਯੁਕਤ ਰਾਸ਼ਟਰ ਵਰਗੇ ਕੌਮਾਂਤਰੀ ਮੰਚਾਂ ਤੱਕ ਪਹੁੰਚਾਉਣ ਲਈ ਲੋਕ-ਸਮਰਥਨ ਜੁਟਾਉਣਾ ਹੈ।
ਬੌਬੀ ਬਰਾੜ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਜਾਤ, ਧਰਮ, ਪਾਰਟੀ ਅਤੇ ਸਮਾਜਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਨਸ਼ਿਆਂ ਵਿਰੁੱਧ ਇਸ ਸੰਘਰਸ਼ ਦਾ ਹਿੱਸਾ ਬਣਨ। ਨਸ਼ਿਆਂ ਦੇ ਦੈਂਤ ਨੂੰ ਠੱਲ੍ਹ ਪਾਉਣ ਲਈ ਲੋਕ-ਚੇਤਨਾ, ਨੌਜਵਾਨਾਂ ਦੀ ਸੁਰੱਖਿਆ, ਨਸ਼ਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਅਤੇ ਸਮਾਜਿਕ ਏਕਤਾ ਬੇਹੱਦ ਜ਼ਰੂਰੀ ਹਨ। ਇਹ ਲੜਾਈ ਕਿਸੇ ਨਾਲ ਵੈਰ ਪਾਲਣ ਦੀ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਦੀ ਹੈ।
ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੀ ਸੋਚ ਨੂੰ ਸਿਰਫ਼ ਯਾਦਾਂ ਤੱਕ ਸੀਮਤ ਰੱਖਣ ਦੀ ਬਜਾਏ ਇਸ ਨੂੰ ਇੱਕ ਸਾਂਝੀ ਲੋਕ-ਲਹਿਰ ਵਿੱਚ ਬਦਲਣ ਦੀ ਲੋੜ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਆਵਾਜ਼ ਨੂੰ ਵਿਸ਼ਵ ਪੱਧਰ ’ਤੇ ਬੁਲੰਦ ਕੀਤਾ ਜਾ ਸਕੇਗਾ।
ਅੱਜ ਲੋੜ ਸਿਰਫ਼ ਹਨੇਰੇ ’ਤੇ ਅਫ਼ਸੋਸ ਕਰਨ ਦੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੇਰ ਲਿਆਉਣ ਵਾਸਤੇ ਇਕੱਠੇ ਹੋ ਕੇ ਯਤਨ ਕਰਨ ਦੀ ਹੈ। ‘ਮਿਸ਼ਨ ਪੰਜਾਬ’ ਇਸੇ ਸਾਂਝੀ ਸੋਚ, ਸਮਾਜਿਕ ਜ਼ਿੰਮੇਵਾਰੀ ਅਤੇ ਨਸ਼ਾ-ਮੁਕਤ ਪੰਜਾਬ ਦੇ ਸੁਪਨੇ ਨੂੰ ਸਮਰਪਿਤ ਹੈ।

Real Estate