ਆਖਿਆ ਨਾਨਕ ਗੇੜੀ ਲਾਈਏ,
ਮਾਤ-ਲੋਕ ਮੁੜ ਵੇਖਣ ਜਾਈਏ।
ਸਿਫ਼ਤੀ ਦਾ ਇੱਕ ਸੁਣਿਆ ਘਰ,
ਚੱਲ ਮਰਦਾਨਿਆਂ ਅੰਬਰਸਰ।
ਅਜੇ ਡਿਉੜੀ ਪੈਰ ਹੀ ਪਾਇਆ,
ਬਰਛੇ ਵਾਲੇ ਆ ਧਮਕਾਇਆ।
ਕਰ ਨਾ ਦੇਵੇ ਝਟਕਾ ਕੋਈ,
ਸਿਰ ਤੇ ਬੰਨ ਲਓ ਪਟਕਾ ਕੋਈ।
ਕਿਸੇ ਕਿਸੇ ਨੂੰ ਘੇਰੀ ਜਾਂਦੇ,
ਦਾਹੜਿਆਂ ‘ਤੇ ਹੱਥ ਫੇਰੀ ਜਾਂਦੇ।
ਸੁਹਜ, ਸਲੀਕਾ, ਸੰਗ ਨਾ ਕੋਈ,
ਗੁਰਮਤਿ ਵਾਲਾ ਰੰਗ ਨਾ ਕੋਈ।
ਖੜੇ ਦੁਆਰੇ ਪਹਿਰਿਆਂ ਵਾਲੇ,
ਇਹ ਨੇ ਕੌਣ ਕਛਹਿਰਿਆਂ ਵਾਲੇ ?
ਵਾਂਗ ਜਨੇਊ ਪਾਈ ਫਿਰਦੇ,
ਗਲ਼ ਵਿਚ ਕੀ ਲਟਕਾਈ ਫਿਰਦੇ ?
ਚਾਰ-ਚੁਫੇਰੇ ਘਾਹਲੋ ਘਾਹਲੋ,
ਜੇ ਕੋਈ ਬੋਲੇ ਲੰਮਾ ਪਾ ਲੋ।
ਕਾਬਜ਼ ਹੋ ਗਏ ਕੌਣ ਦਬੰਗ ?
ਨਾਨਕ ਵੇਖ ਕੇ ਰਹਿ ਗਿਆ ਦੰਗ।
ਨਾ ਸਮਝਦੇ, ਨਾ ਸਮਝਾਉਂਦੇ,
ਇਹ ਤਾਂ ਬਾਬਾ ਸੋਧਾ ਲਾਉਂਦੇ।
ਕਿਸਨੇ ਕਿਸਦੀ ਗੱਲ ਵਿਚਾਰੀ ?
ਹਰ ਕੋਈ ਏਥੇ ਵਲੀ ਕੰਧਾਰੀ।
ਖੜਾ ਨਾ ਕਰ ਦੇਈਂ ਬਾਬਾ ਪੰਗਾ,
ਏਥੇ ਲਾਉਣ ਨਾ ਬਹਿਜੀਂ ਪੰਜਾ।
ਇਹ ਤਾਂ ਹੱਡੀਆਂ ਸੇਕ ਦੇਣਗੇ,
ਪੰਥ ‘ਚੋਂ ਤੈਨੂੰ ਛੇਕ ਦੇਣਗੇ।
ਬਾਬੇ ਪੈਰ ਜਾਹ ਅੰਦਰ ਪਾਇਆ,
ਨਜ਼ਰ ਸੁਨਹਿਰੀ ਮੰਦਰ ਆਇਆ।
ਚਾਰ-ਚੁਫੇਰੇ ਥੱਪਿਆ ਮਰਮਰ
ਲਾਈ ਮਾਇਆ ਬੋਰੇ ਭਰ ਭਰ।
ਕਹੇ ਮਰਦਾਨਾ ਬੋਲ ਨਾ ਬਾਬਾ,
ਬਹੁਤੀਆਂ ਪਰਤਾਂ ਖੋਲ ਨਾ ਬਾਬਾ।
ਅਗਲਿਆਂ ਏਥੇ ਰੱਖੀ ਫੋਰਸ,
ਵਾਹਿਗੁਰੂ ਦਾ ਬੋਲ ਤੂੰ ਕੋਰਸ।
ਸਿਰ ਤੇ ਚੱਕਰ, ਗੋਲ ਦੁਮਾਲੇ,
ਕਈਆਂ ਥਾਨ ਲਪੇਟੇ ਬਾਹਲੇ,
ਐਨਾ ਭਾਰ ਕਿਉਂ ਚੱਕੀ ਫਿਰਦੇ ?
ਵੈਰੀ ਬਣੇ ਨੇ ਕਾਹਤੋਂ ਸਿਰ ਦੇ।
ਆਹ ਤਾਂ ਜਾਪੇ ਲੱਗਿਆ ਲੰਗਰ,
ਚੱਲ ਮਰਦਾਨਿਆਂ ਚੱਲੀਏ ਅੰਦਰ।
ਬਈ ਏਥੇ ਤਾਂ ਪਕਵਾਨ ਬੜੇ ਨੇ,
ਦਾਨੀਆਂ ਦਿੱਤੇ ਦਾਨ ਬੜੇ ਨੇ।
ਮਾਇਆ ਆਈ ਮੋੜੀ ਕਿਸ ਨੇ ?
ਇਸ ਦੀ ਰੱਤ ਨਿਚੋੜੀ ਕਿਸ ਨੇ ?
ਕਿੱਥੋਂ ਆਈ ? ਕਿਵੇਂ ਕਮਾਈ ?
ਪਾਪਾਂ ਬਾਝ ਤਾਂ ਹੱਥ ਨਾ ਆਈ।
ਮੈਂ ਸੀ ਇੱਕੋ ਲਾਇਆ ਲੰਗਰ,
ਇਨ੍ਹਾਂ ਰੀਤ ਬਣਾਇਆ ਲੰਗਰ।
ਭੁੱਖਿਆਂ ਦੀ ਭੁੱਖ ਮਰ ਨਾ ਹੋਈ,
ਖਤਮ ਜਾਤ ਵੀ ਕਰ ਨਾ ਹੋਈ।
ਚੱਲ ਹਰਿਮੰਦਰ ਟੇਕੀਏ ਮੱਥਾ,
ਤਰਕ ਵਾਲਾ ਤੂੰ ਰਹਿਣ ਦੇ ਭੱਥਾ।
ਖੜਾ ਨਾ ਹੋ ਜਾਏ ਕੋਈ ਬਵਾਲ,
ਬਹੁਤੇ ਕਰ ਨਾ ਤਲਖ਼ ਸਵਾਲ।
ਇੱਥੇ ਘਿਓ ਨਾਲ ਡੂਨੇ ਚੋਂਦੇ,
ਫਿਰ ਕਿਉ ਲੋਕ ਨੇ ਭੁੱਖੇ ਸੋਂਦੇ ?
ਛੇਵੀਂ ਜੁਬਲੀ ਆ ਗਈ ਲਾਗੇ,
ਹਾਲੇ ਤੀਕ ਵੀ ਸਿੱਖ ਨਾ ਜਾਗੇ ?
ਤਾਣ ਚੰਦੋਏ, ਚਾੜ ਕੇ ਵਸਤਰ,
ਧਰੇ ਨੇ ਮੂਹਰੇ ਕਾਹਤੋਂ ਸ਼ਸਤਰ ?
ਤਰਕ, ਦਲੀਲਾਂ, ਬਿਰਤੀ ਕਿੱਥੇ ?
ਲਾਲੋ ਵਰਗੇ ਕਿਰਤੀ ਕਿੱਥੇ ?
ਬਾਬਾ ਤੈਥੋਂ ਰਹਿ ਨਹੀਂ ਹੋਣਾ,
ਕੂੜ ਜ਼ਰਾ ਵੀ ਕਹਿ ਨਹੀਂ ਹੋਣਾ।
ਪਰ ਇਨ੍ਹਾਂ ਨੂੰ ਗੱਲ ਸਮਝਾਉਣੀ,
ਝੋਟਿਆਂ ਅੱਗੇ ਬੀਨ ਵਜਾਉਣੀ।
ਤੋਤਿਆਂ ਵਾਂਗੂੰ ਰੱਟੀ ਜਾਂਦੇ,
ਮੁੜ ਮੁੜ ਪੜ੍ਹੀ ਕਿਉਂ ਪੱਟੀ ਜਾਂਦੇ ?
ਵਾਜਾ ਨਾਲ ਵਜਾਉਂਦੇ ਪਏ ਨੇ
ਆਹ ਕਿਹੜੇ ਜੋ ਗਾਉਂਦੇ ਪਏ ਨੇ ?
ਏਥੇ ਸਭ ਕੁੱਝ ਸਿਆਸੀ ਬਾਬਾ,
ਇਹ ਨਾ ਡੂਮ ਮਿਰਾਸੀ ਬਾਬਾ।
ਇਹ ਤਨਖਾਹੀਏ ਲੈਣ ਰੁਪਈਏ,
ਭਰਤੀ ਕਰੇ ਨੇ ਸਭ ਗਵੱਈਏ।
ਛੋਹ ਨਾ ਬਾਬਾ ਵਾਦ-ਵਿਵਾਦ,
ਚੁੱਪ ਕਰਕੇ ਤੂੰ ਲੈ ਪਰਸ਼ਾਦ।
ਪੜ੍ਹਣ ਪਹਾੜੇ ਆਦਿ ਜੁਗਾਦਿ
ਕਿਹੜਾ ਨਾਨਕ ? ਕਿਹਨੂੰ ਯਾਦ ?
ਚੋਰ-ਮਸੰਦਾਂ ਪਾਇਆ ਜਾਲ,
ਆ ਹੁਣ ਵੇਖੀਏ ਤਖ਼ਤ ਅਕਾਲ।
ਆਹ ਕੀ ਬੋਲ ਸੁਣਾਉਂਦੇ ਪਏ ਨੇ ?
ਸਜ਼ਾ ਕਿਸੇ ਨੂੰ ਲਾਉਂਦੇ ਪਏ ਨੇ ?
ਵਿਚ ਗਲਾਂ ਦੇ ਪਾਈ ਤਖ਼ਤੀ,
ਇਨ੍ਹਾਂ ਕੋਲ ਕੀ ਹੋਈ ਗਲਤੀ ?
ਇਹ ਮੁਕੱਦਮ ਲਾਏ ਕਿਸ ਨੇ ?
ਸਜ਼ਾ ਦੇ ਨਿਯਮ ਬਣਾਏ ਕਿਸ ਨੇ ?
ਏਥੇ ਚੁੱਪ ਹੀ ਭਲੀ ਹੈ ਬਾਬਾ।
ਕੁੱਤੀ ਚੋਰ ਨਾਲ ਰਲੀ ਹੈ ਬਾਬਾ।
ਦੋਸ਼ੀਆਂ ਦੇ ਹੀ ਜੱਜ-ਅਦਾਲਤ,
ਨਾ ਕੋਈ ਸਜ਼ਾ ਤੇ ਨਾ ਵਕਾਲਤ।
ਏਥੇ ਮਜ਼ਮੇ ਲੱਗਦੇ ਰਹਿੰਦੇ,
ਸੇਵਾ ਨੂੰ ਇਹ ਸਜ਼ਾ ਨੇ ਕਹਿੰਦੇ।
ਕਾਹਦੇ ਫ਼ਤਵੇ, ਕਾਹਦੀ ਮਾਫ਼ੀ,
ਜਥੇਦਾਰ ਖੁਦ ਲਾਉਂਦੇ ਪਾਪੀ।
ਆਹ ਭਲਾ ਹੈ ਕੀ ਵਰਤਾਰਾ ?
ਪੁੱਛ ਕੇ ਕਰ ਤੂੰ ਜ਼ਰਾ ਨਿਤਾਰਾ।
ਮੈਨੂੰ ਕਿਉਂ ਨਾ ਦੇਣ ਸਿਰੋਪਾ ?
ਮੈਂ ਵੀ ਇਥੇ ਖੜਾ ਚਿਰੋਕਾ।
ਸਭ ਮਾਯਾ ਦੀ ਖੇਲ ਹੈ ਬਾਬਾ,
ਇੱਥੇ ਸਭ ਕੁਝ ਸੇਲ ਹੈ ਬਾਬਾ।
ਸ਼ਰਧਾ ਦੇ ਵੱਸ ਹੋ ਕੇ ਵਿਕਦਾ,
ਨੰਦਾਂ, ਪਾਠ, ਸਿਰੋਪਾ ਵਿਕਦਾ।
ਇਹ ਤਾਂ ਲੁੱਟਣ ਵਾਲਾ ਲਾਣਾ,
ਸੱਜਣ ਠੱਗਾਂ ਪਾ ਲਿਆ ਬਾਣਾ।
ਮੁਕਤ ਹੋਏ ਬਿਨ ਧਰਮਾਂ ਵਿੱਚੋਂ,
ਨਿਕਲ ਨਾ ਹੋਣਾ ਭਰਮਾਂ ਵਿੱਚੋਂ।
ਪੜ੍ਹੀ ਜਾਂਦੇ ਨੇ ਇੱਕੋ ਲਿਖਿਆ,
ਕਿਉਂ ਨਹੀਂ ਨਵਿਆਈ ਸਿੱਖਿਆ ?
ਹਰਫ਼ ਅਮਲ ਦੇ ਵਿਚ ਨਾ ਕੋਈ,
ਇਨ੍ਹਾਂ ਵਿਚ ਮੇਰਾ ਸਿੱਖ ਨਾ ਕੋਈ।
ਕਾਫ਼ਰ, ਕਮਲ਼ੇ, ਸਾਬਰ ਚੰਗੇ,
ਐਸੇ ਧਰਮ ਤੋਂ ਨਾਬਰ ਚੰਗੇ।
ਚੱਲ ਉਲੀਕੀਏ ਨਵੀਂ ਉਦਾਸੀ,
ਧਰਮ ਤੋਂ ਕਰਨੀ ਪਊ ਖ਼ਲਾਸੀ।
—ਸਰਬਜੀਤ ਸੋਹੀ
















