ਪੰਜਾਬ ਸਰਕਾਰ ਕਾਲਜਾਂ ਤੋਂ ਵਿਦਿਆਰਥੀ ਭਲਾਈ ਫੰਡ ਵਾਪਸ ਮੰਗੇ!

ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਬਹੁ-ਤਕਨੀਕੀ ਕਾਲਜਾਂ ਦੇ ਕਰੀਬ 36 ਕਰੋੜ ਰੁਪਏ ਦੇ ਫੰਡਾਂ ’ਤੇ ਅੱਖ ਰੱਖੀ ਹੈ। ਇਨ੍ਹਾਂ 26 ਸਰਕਾਰੀ ਕਾਲਜਾਂ ਨੂੰ ‘ਵਿਕਾਸ ਫੰਡ’ ਅਤੇ ‘ਸਟੂਡੈਂਟ ਫੰਡ’ ਤਹਿਤ ਇਕੱਠੀ ਹੋਈ ਰਾਸ਼ੀ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰੀ ਕਾਲਜ ਆਮ ਕਰ ਕੇ ਇਹ ਫੰਡ ਵਿਦਿਆਰਥੀ ਭਲਾਈ ’ਤੇ ਖ਼ਰਚ ਕਰਦੇ ਹਨ। ਇਨ੍ਹਾਂ ਕਾਲਜਾਂ ਦੇ ਅਧਿਆਪਕਾਂ ਦੀ ਜਥੇਬੰਦੀ ਨੇ ਪੰਜਾਬ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣ ਲਈ ਕਿਹਾ ਹੈ।ਪੰਜਾਬ ਵਿੱਚ ਕੁੱਲ 26 ਸਰਕਾਰੀ ਬਹੁਤਕਨੀਕੀ ਕਾਲਜ ਹਨ, ਜਿਨ੍ਹਾਂ ਵਿੱਚ 8812 ਵਿਦਿਆਰਥੀ ਪੜ੍ਹ ਰਹੇ ਹਨ। ਇਨ੍ਹਾਂ ਕਾਲਜਾਂ ਵਿੱਚ ‘ਵਿਕਾਸ ਫੰਡ’ ਤੇ ‘ਸਟੂਡੈਂਟ ਫੰਡ’ ਵਜੋਂ ਕ੍ਰਮਵਾਰ ਪ੍ਰਤੀ ਵਿਦਿਆਰਥੀ 3650 ਰੁਪਏ ਤੇ 2500 ਰੁਪਏ ਸਲਾਨਾ ਲਏ ਜਾਂਦੇ ਹਨ। ਤਕਨੀਕੀ ਸਿੱਖਿਆ ਵਿਭਾਗ ਨੇ 20 ਨਵੰਬਰ ਨੂੰ ਵਿੱਤ ਵਿਭਾਗ ਦੇ 28 ਸਤੰਬਰ 2026 ਦੇ ਪੱਤਰ ਦੇ ਹਵਾਲੇ ਨਾਲ ਕਾਲਜਾਂ ਨੂੰ ਇਹ ਫੰਡ ਖ਼ਜ਼ਾਨੇ ’ਚ ਜਮ੍ਹਾਂ ਕਰਾਉਣ ਦੇ ਹੁਕਮ ਕੀਤੇ ਹਨ। ਕਾਲਜਾਂ ਨੂੰ ਐੱਫ ਡੀ (ਜੇ ਕੋਈ ਹੋਵੇ) ਦੀ ਰਾਸ਼ੀ ਵੀ ਖ਼ਜ਼ਾਨੇ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।ਪੰਜਾਬ ਦੇ ਇਨ੍ਹਾਂ ਸਰਕਾਰੀ ਕਾਲਜਾਂ ਕੋਲ ‘ਵਿਕਾਸ ਫੰਡ’ ਦੇ 25.95 ਕਰੋੜ ਰੁਪਏ ਅਤੇ ਕਰੀਬ 10 ਕਰੋੜ ਰੁਪਏ ਦੀ ਰਾਸ਼ੀ ‘ਸਟੂਡੈਂਟ ਫੰਡ’ ਦੀ ਪਈ ਹੈ। ਇਸ ਰਾਸ਼ੀ ’ਚੋਂ 45 ਫ਼ੀਸਦੀ ਪੈਸਾ ਲੈਬਜ਼ ਅਤੇ ਵਰਕਸ਼ਾਪ ਦੀ ਅਪਗ੍ਰੇਡੇਸ਼ਨ ਲਈ ਵਰਤੀ ਜਾਂਦੀ ਹੈ ਅਤੇ 15 ਫ਼ੀਸਦੀ ਰਾਸ਼ੀ ਫੈਕਲਟੀ ਇੰਪਰੂਵਮੈਂਟ ਐਂਡ ਐਜੂਕੇਸ਼ਨ ਟੂਰ ਲਈ ਖ਼ਰਚ ਕੀਤੀ ਜਾਂਦੀ ਹੈ। ਸਰਕਾਰੀ ਹੁਕਮਾਂ ਤੋਂ ਵਿਦਿਆਰਥੀਆਂ ’ਚ ਕਾਫ਼ੀ ਰੋਸ ਹੈ ਕਿਉਂਕਿ ਇਹ ਪੈਸਾ ਉਨ੍ਹਾਂ ਦੀ ਭਲਾਈ ’ਤੇ ਖ਼ਰਚ ਹੁੰਦਾ ਹੈ।ਪੌਲੀਟੈਕਨਿਕ ਕਾਲਜ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ ਦੀ ਅਗਵਾਈ ’ਚ ਵਫ਼ਦ ਵੱਲੋਂ ਵਿਭਾਗ ਦੇ ਡਾਇਰੈਕਟਰ ਨੂੰ ਸੌਂਪੇ ਪੱਤਰ ਵਿੱਚ ਵਿਦਿਆਰਥੀਆਂ ਅਤੇ ਸੰਸਥਾਵਾਂ ਦੇ ਭਵਿੱਖ ਦੇ ਮੱਦੇਨਜ਼ਰ ਇਨ੍ਹਾਂ ਫੰਡਾਂ ਨੂੰ ਖ਼ਜ਼ਾਨੇ ’ਚ ਜਮ੍ਹਾਂ ਕਰਵਾਉਣ ਤੋਂ ਛੋਟ ਮੰਗੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਫ਼ੈਸਲਾ ਵਾਪਸ ਨਾ ਲਿਆ ਤਾਂ ਉਹ ਵਿਦਿਆਰਥੀਆਂ ਤੇ ਸੰਸਥਾਵਾਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਫੰਡ ਵਿਭਾਗੀ ਆਮਦਨ ਦਾ ਹਿੱਸਾ ਨਹੀਂ ਹਨ ਅਤੇ ਇਹ ਰਾਸ਼ੀ ਦਾਖ਼ਲੇ ਸਮੇਂ ਵਿਦਿਆਰਥੀਆਂ ਦੀ ਭਲਾਈ, ਖੇਡਾਂ, ਸਭਿਆਚਾਰਕ ਸਰਗਰਮੀਆਂ, ਮੈਡੀਕਲ ਸਹੂਲਤਾਂ, ਸਪੋਰਟਸ ਮੀਟ, ਸੈਮੀਨਾਰ ਪ੍ਰੀਖਿਆਵਾਂ ਅਤੇ ਸੰਸਥਾਵਾਂ ਦੇ ਅੰਦਰੂਨੀ ਵਿਕਾਸ ਕੰਮਾਂ ਲਈ ਵਸੂਲ ਕੀਤੀ ਜਾਂਦੀ ਹੈ। ਐੱਫ਼ ਡੀਜ਼ ਨੂੰ ਸਮੇਂ ਤੋਂ ਪਹਿਲਾਂ ਤੁੜਵਾਉਣ ਨਾਲ ਵਿੱਤੀ ਨੁਕਸਾਨ ਹੋਵੇਗਾ।ਪੰਜਾਬ ਸਰਕਾਰ ਵਿੱਤੀ ਮੁਸ਼ਕਲਾਂ ਦੇ ਮੱਦੇਨਜ਼ਰ ਸਾਰੇ ਵਿਭਾਗਾਂ ਤੋਂ ਪੈਸਾ ਖ਼ਜ਼ਾਨੇ ’ਚ ਵਾਪਸ ਮੰਗਵਾ ਰਹੀ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸਲ ’ਚ ਸਾਲਾਂ ਤੋਂ ਇਹ ਰਾਸ਼ੀ ਕਾਲਜਾਂ ਕੋਲ ਬਿਨਾਂ ਵਰਤੋਂ ਦੇ ਪਈ ਹੈ, ਜਿਸ ਕਰ ਕੇ ਇਨ੍ਹਾਂ ਫੰਡਾਂ ਨੂੰ ਖ਼ਜ਼ਾਨੇ ’ਚ ਜਮ੍ਹਾਂ ਕਰਾਇਆ ਜਾ ਰਿਹਾ ਹੈ। ਵਿਦਿਆਰਥੀਆਂ ਤੇ ਸੰਸਥਾਵਾਂ ਲਈ ਲੋੜੀਂਦਾ ਫੰਡ ਬਜਟ ’ਚ ਰੱਖਿਆ ਜਾਵੇਗਾ ਅਤੇ ਕੋਈ ਵੀ ਕੰਮ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।-ਚਰਨਜੀਤ ਭੁੱਲਰ

Real Estate