ਇੰਗਲੈਂਡ ਨੂੰ ਇਸਾਈ ਦੇਸ਼ ਕਹਿਣ ‘ਤੇ ਸਵਾਲ ਖੜ੍ਹਾ ਹੋ ਗਿਆ

ਕੁਲਵੰਤ ਸਿੰਘ ਢੇਸੀ
ਮੰਗਲਵਾਰ ੨੯ ਨਵੰਬਰ ਨੂੰ ਬਰਤਾਨੀਆਂ ਦੀ ਮਰਦਮ ਸ਼ੁਮਾਰੀ ਪ੍ਰਤੀ ਜੋ ਅੰਕੜੇ ਜਨਤਕ ਹੋਏ ਹਨ ਉਹਨਾ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਇੰਗਲੈਂਡ ਅਤੇ ਵੇਲਜ਼ ਵਿਚ ਇਸਾਈਆਂ ਦੀ ਗਿਣਤੀ ਹੁਣ ਅੱਧੀ ਵਸੋਂ ਤੋਂ ਵੀ ਘੱਟ ਰਹਿ ਗਈ ਹੈ। ੨੦੨੧ ਨੂੰ ਦਸ ਸਾਲਾ ਮਰਦਮ ਸ਼ੁਮਾਰੀ ਨੇ ਇਹ ਸਿੱਧ ਕੀਤਾ ਸੀ ਕਿ ਇੰਗਲੈਂਡ ਵਿਚ ਮੁਸਲਮਾਨਾ ਦੀ ਅਬਾਦੀ ਵਿਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਇਸਾਈਆਂ ਤੋਂ ਬਾਅਦ ਕਿਸੇ ਹੋਰ ਧਰਮ ਨੂੰ ਇੰਗਲੈਂਡ ਵਿਚ ਦੂਜੇ ਨੰਬਰ ‘ਤੇ ਸਥਾਪਤ ਨਹੀਂ ਕੀਤਾ ਗਿਆ ਸੀ। ਇਸ ਸਬੰਧੀ ਯੋਰਕ ਦੇ ਆਰਚ ਬਿਸ਼ਪ ਸਟੀਫਨ ਕੋਟਰੇਲ ਨੇ ਕਿਹਾ ਹੈ ਕਿ ਧਰਮ ਨਿਰਪੇਖਤਾ ਦੇ ਸੰਕਲਪ ਨੂੰ ਹਾਵੀ ਹੁੰਦੇ ਦੇਖਦਿਆਂ ਇਸਾਈਆਂ ਦੀ ਘਟ ਰਹੀ ਅਬਾਦੀ ਦੇ ਅੰਕੜੇ ਦੇਖ ਕੇ ਤਾਂ ਬਹੁਤੀ ਹੈਰਾਨੀ ਨਹੀਂ ਹੋਈ ਪਰ ਯੂਰਪ ਵਿਚ ਹੋ ਰਹੀ ਜੰਗ ਅਤੇ ਮਹਿੰਗਾਈ ਅਤੇ ਮੰਦਵਾੜੇ ਦੀਆਂ ਚਣੌਤੀਆਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਰੂਹਾਨੀਅਤ ਦੀ ਬਹੁਤ ਲੋੜ ਹੈ। ਅੱਜ ਦੇ ਹਾਲਾਤਾਂ ਨੂੰ ਦੇਖਦਿਆਂ ਲੋੜਵੰਦਾਂ ਨੂੰ ਭੋਜਨ ਅਤੇ ਵਸਤਰ ਵਗੈਰਾ ਮੁਹੱਈਆ ਕਰਵਾਉਣ ਲਈ ਸਾਨੂੰ ਤਤਪਰ ਹੋਣ ਦੀ ਲੋੜ ਹੈ ਅਤੇ ਸਾਨੂੰ ਉਮੀਦ ਹੈ ਕਿ ਕਰਿਸਮਿਸ ਨੂੰ ਲੱਖਾਂ ਲੋਕੀ ਅਰਦਾਸ ਕਰਨ ਲਈ ਗਿਰਜਿਆਂ ਵਿਚ ਅਉਣਗੇ। ਇੰਗਲੈਂਡ ਅਤੇ ਵੇਲਜ਼ ਵਿਚ ੪੬% ਲੋਕ ਭਾਵ ਕਿ ੨੭.੫ ਮਿਲੀਅਨ ਲੋਕਾਂ ਨੇ ਆਪਣੇ ਆਪ ਨੂੰ ਇਸਾਈ ਘੋਸ਼ਿਤ ਕੀਤਾ ਹੈ। ਦੇਸ਼ ਦੇ ਉਹਨਾ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਜੋ ਕਿ ਆਪਣੇ ਆਪ ਨੂੰ ਧਰਮ ਨਿਰਲੇਪ ਦੱਸਦੇ ਹਨ ਅਤੇ ਇਹਨਾ ਲੋਕਾਂ ਦੀ ਗਿਣਤੀ ੩੭% ਭਾਵ ਕਿ ੨੨ ਮਿਲੀਅਨ ਹੈ। ਮੁਸਲਮਾਨ ਦੇਸ਼ ਦੀ ਅਬਾਦੀ ਦਾ ਸਾਢੇ ਛੇ ਪ੍ਰਤੀਸ਼ਤ ਹਨ ਅਤੇ ਉਹਨਾ ਦੀ ਗਿਣਤੀ ੪੦ ਲੱਖ ਦੇ ਕਰੀਬ ਹੈ ਜਦ ਕਿ ਹਿੰਦੂਆਂ ਦੀ ੧੦ ਲੱਖ ਅਤੇ ਸਿੱਖਾਂ ਦੀ ੫ ਲੱਖ ੨੪,੦੦੦ ਹੈ।

Total Views: 71 ,
Real Estate