
ਯੂਕਰੇਨ ਦੇ ਬੰਦਰਗਾਹ ਵਾਲੇ ਸ਼ਹਿਰ ਮਾਰਿਓਪੋਲ ਵਿੱਚ ਜੰਗ ਲਗਾਤਾਰ ਜਾਰੀ ਹੈ। ਸ਼ਹਿਰ ਦੀ ਸਿਟੀ ਕੌਂਸਲ ਨੇ ਕੁਝ ਏਰੀਅਲ ਤਸਵੀਰਾਂ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਰੂਸੀ ਫੌਜ ਸ਼ਹਿਰ ਦੇ ਵਸਨੀਕਾਂ ਨੂੰ ਨੇੜਲੇ ਪਿੰਡ ਵਿੱਚ ਸਮੂਹਿਕ ਕਬਰਾਂ ਵਿੱਚ ਦਫ਼ਨ ਕਰ ਰਹੀ ਹੈ। ਰੂਸ ਨੇ ਇਸ ਮੁੱਦੇ ‘ਤੇ ਜਨਤਕ ਤੌਰ ‘ਤੇ ਗੱਲ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਾਰਿਓਪੋਲ ਵਿੱਚ ਆਪਣੀਆਂ ਫੌਜਾਂ ਨੂੰ ਕਿਹਾ ਕਿ ਉਹ ਸ਼ਹਿਰ ਵਿੱਚ ਅੰਤਿਮ ਯੂਕਰੇਨੀ ਗੜ੍ਹ ਅਜ਼ੋਵਸਟਲ ਸਟੀਲਵਰਕਸ ਵਿੱਚ ਯੂਕਰੇਨੀ ਸੈਨਿਕਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦੇਣ ਤਾਂ ਜੋ ਉੱਥੋਂ ਮੱਖੀ ਵੀ ਬਾਹਰ ਨਾ ਜਾ ਸਕੇ। ਅਧਿਕਾਰੀਆਂ ਮੁਤਾਬਕ, ਬੁੱਧਵਾਰ ਨੂੰ ਉਨ੍ਹਾਂ ਨੇ 6,000 ਲੋਕਾਂ ਨੂੰ ਕੱਢਣ ਦੀ ਉਮੀਦ ਕੀਤੀ ਸੀ ਪਰ ਸਿਰਫ 80 ਹੀ ਭੱਜਣ ਵਿੱਚ ਕਾਮਯਾਬ ਰਹੇ।
ਵੀਰਵਾਰ ਨੂੰ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਇੱਕ ਬੈਠਕ ਵਿੱਚ ਪੁਤਿਨ ਨੇ (ਸਟੀਲ ਪਲਾਂਟ ‘ਤੇ) ਹਮਲਾ ਕਰਨ ਦੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਅਤੇ ਇਸ ਦੀ ਬਜਾਏ ਇਸ ਖੇਤਰ ਨੂੰ ਸੀਲ ਕਰਨ ਦਾ ਆਦੇਸ਼ ਦਿੱਤਾ। ਉਨ੍ਹਾਂ ਕਿਹਾ, “ਇਸ ਉਦਯੋਗਿਕ ਖੇਤਰ ਨੂੰ ਬੰਦ ਕਰ ਦਿਓ ਤਾਂ ਜੋ ਮੱਖੀ ਵੀ ਉੱਥੋਂ ਨਾ ਨਿੱਕਲ ਸਕੇ।” ਦੂਜੇ ਪਾਸੇ ਯੂਕਰੇਨੀ ਅਧਿਕਾਰੀ ਮਾਨਵਤਾਵਾਦੀ ਗਲਿਆਰੇ ਰਾਹੀਂ ਸ਼ਹਿਰ ‘ਚੋਂ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਨਿਕਾਸੀ ਦੀਆਂ ਅਸਫਲ ਕੋਸ਼ਿਸ਼ਾਂ ਲਈ ਮਾਰਿਉਪੋਲ ਦੇ ਨਿਵਾਸੀਆਂ ਤੋਂ ਮੁਆਫੀ ਵੀ ਮੰਗੀ ਹੈ।



















