
ਅਮਨਜੀਤ ਕੌਰ ਸ਼ਰਮਾ
ਅੱਜ ਕੁਝ ਸੱਧਰਾਂ ਆ ਕੇ ਮੇਰੇ ,
ਗਲ਼ ਲੱਗ ਲੱਗ ਕੇ ਰੋਈਆਂ।
ਸਮਝ ਨਾ ਆਵੇ ਕਿਵੇਂ ਦਿਲਾਸਾ,
ਦੇਵਾਂ ਇਹਨਾਂ ਝੱਲੀਆਂ ਨੂੰ।
ਹੱਸੀਆਂ ਖੇਡੀਆਂ , ਰੁੱਸੀਆਂ ਮੰਨੀਆਂ
ਨਾਲ ਮੇਰੇ ਇਹ ਬਚਪਨ ਤੋਂ,
ਹੋਈਆਂ ਭਰ ਜਵਾਨ ਜਦੋਂ ਇਹ
ਛੱਡਾਂ ਕਿਵੇਂ ਮੈਂ ਕੱਲੀਆਂ ਨੂੰ।
ਰਲ਼ ਮਿਲ਼ ਜਿੱਥੇ ਖੇਡੇ ਮੱਲ੍ਹੇ
ਮਾਂ ਨੇ ਲਾਡ ਲਡਾਏ ਸੀ
ਲੱਭਾਂ ਬਾਪੂ ਦੇ ਪਿੰਡ ਵਾਲ਼ੀਆਂ
ਪਿੱਛੇ ਰਹਿ ਗਈਆਂ ਗਲ਼ੀਆਂ ਨੂੰ।
ਭੁੱਲਣ ਨਾ ਉਹ ਬਚਪਨ ਵਾਲ਼ੀਆਂ
ਮੌਜਾਂ ਜੋ ਸਦਾ ਲੁੱਟਦੇ ਸੀ
ਨਾਲ਼ ਸਹੇਲੀਆਂ ਮਿਲ਼ ਕੇ ਖੇਡੀ
ਮਹਿੰਦੀ ਲਾਉਂਦੀ ਤਲ਼ੀਆਂ ਨੂੰ।
ਰੌਣਕ ਪਿੰਡ ਦੀ ਪਿੱਛੇ ਰਹਿ ਗਈ
ਸੱਧਰਾਂ ਕੁਝ ਅਧੂਰੀਆਂ ਹੀ
ਸਮੇਂ ਦੀ ਚਕਰੀ ਖਾ ਗਈ ਮੇਰੀਆਂ ਖਾਹਿਸ਼ਾਂ ਦਿਲ ਵਿੱਚ ਪਲ਼ੀਆਂ ਨੂੰ।
ਕੋਸ਼ਿਸ਼ ਕਰਦੀ ਰਹਿ ਤੂੰ ‘ਅਮਨੇ’
ਸਬਕ ਪੜ੍ਹਨ ਲਈ ਜ਼ਿੰਦਗੀ ਦੇ
ਪਰ ਹੁਣ ਹਟ ਜਾ ਮਾਰਨੋਂ ਗੱਲਾਂ
ਆਪਣੀਆਂ ਝੱਲ ਵਲੱਲੀਆਂ ਨੂੰ।
Total Views: 200 ,
Real Estate




















