ਜਿੰਦਾਬਾਦ ਪੰਜਾਬ

ਕੁਲਦੀਪ ਘੁਮਾਣ

ਹਾੜਾ ਵੇ ਪੰਥ ਦਰਦੀਓ,
ਆਹ ਦਾ ਵੇ ਨਾਅਰਾ ਮਾਰਿਓ।
ਮੇਰਾ ਲੁੱਟਿਆ ਦੇਸ਼ ਪੰਜਾਬ ਵੇ,
ਵਿਗੜੀ ਤਕਦੀਰ ਸਵਾਰਿਓ।
ਆਖੋ ਵੇ ਸਾਡੇ ਹਾਕਮਾਂ ਨੂੰ,
ਹੋਰ ਨਾਂ ਕਹਿਰ ਗੁਜ਼ਾਰਿਓ।
ਸਾਡਾ ਵੀ ਆਪਣਾ ਰਾਜ ਸੀ,
ਨਾਂ ਕੋਹ ਕੋਹ ਕੇ ਮਾਰਿਓ।
ਬਣ ਜੋ ਵੇ ਕੋਈ ਰਣਜੀਤ ਸਿੰਘ,
ਧਿਆਨ ਸਿੰਘ ਤਾਂ ਬੜੇ ਨੇ।
ਜੋ ‘ਰਣਜੀਤ’  ਦੇ ‘ਪ੍ਰਵਾਰ’ ਨੂੰ,
ਮਾਰਨ ਲਈ ‘ਤਾਵਲੇ ਖੜੇ ਨੇ।
ਆਖੋ ਵੇ ਕੋਈ ਟਰੂਡੋ ਨੂੰ ,
ਦੇਵੇ ਨਾਂ ਜ਼ਹਿਰੀ ਗੋਲੀਆਂ।
ਅਸੀਂ ਪਹਿਲਾਂ ਹੀ ਖੇਡੀ ਬੈਠੇ ਆਂ,
ਖੂਨ ਦੀਆਂ ਕਿੰਨੀਆਂ ਹੋਲੀਆਂ।
ਸਾਡੇ ਘਰ ਜੰਮੇ ਪ੍ਰਿਰਥੀਓ ਵੇ ,
ਪੜ੍ਹੋ ਲੋ ਵੇ ਵਰਕਾ ‘ਤਿਹਾਸ ਦਾ।
ਨਾਂ ਪਾਓ ਘਰ ਵਿੱਚ ਵੰਡੀਆਂ ,
ਬੰਨ੍ਹੋ ਨਾ ਮੁੱਢ ਸੱਤਿਆਨਾਸ਼ ਦਾ।
ਪਹਿਲਾਂ ਹੀ ਮਾਰੇ ਆਂ ਦਰਦਾਂ ਦੇ,
ਜ਼ਖਮਾਂ ‘ਤੇ ਮਰ੍ਹਮਾਂ ਲੋੜਦੇ।
ਜਿੰਨਾ ਕੁ ਬਚਿਆ ਰਾਜ ਹੈ,
ਓਨਾ ਕੋਈ ਸਾਨੂੰ ਮੋੜ ਦੇ।
ਖੋਹਵੋ ਨਾ ਸਾਡਾ ਘਰ ਵੇ ,
ਖੋਹਵੋ ਨਾ ਗੁਰੂ ਘਰਾਂ ਨੂੰ।
ਵੀਜੇ ਨਾ ਲੈ ਕੇ ਫੇਰ ਕਿਤੇ,
ਵੇਖਦੇ ਫਿਰੀਏ ਗਰਾਂ ਨੂੰ।
ਤੁਸੀਂ ਵੀ ਸੋਚੋ ਸੂਰਮਿਓ,
ਰਣਜੀਤ ਸਿੰਘ ਦੇ ਵਾਰਸੋ।
ਟੁੰਭੋ ਵੇ ਭੋਰਾ ਅਣਖਾਂ ਨੂੰ,
ਤੁਸੀਂ ਹੀ ਵਾਰਸ ਖਾਲਸੋ।
ਸਾਡੇ ਵੇ ਮੁੜਕੇ ਵਤਨ ‘ਤੇ,
ਦੁਸ਼ਮਣ ਨਾ ਰੱਖੇ ਅੱਖ ਕੋਈ,
ਜੰਮ ਜੰਮ ਕੇ ਕਰ ਲੋ ਮਿਹਨਤਾਂ,
ਵੈਰੀ ਨੂੰ ਰਹੇ ਨਾਂ ਸੱਕ ਕੋਈ।
ਵਾਰਸ ਆਂ ਦੇਸ਼ ਪੰਜਾਬ ਦੇ,
ਤੇ ਵਾਰਸ ਬਣਕੇ ਰਹਾਂਗੇ।
ਅੱਜ ਤੋਂ ਹੀ ਫਿਰ ਘੁਮਾਣ ਸਿੰਹਾਂ,
ਜਿੰਦਾਬਾਦ ਪੰਜਾਬ ਹੀ ਕਹਾਂਗੇ।

Total Views: 13 ,
Real Estate