ਪੰਜਾਬੀ ਗੱਭਰੂ ਨੇ ਆਸਟ੍ਰੇਲੀਆ ਦੀ ਫ਼ੈਸ਼ਨ ਇੰਡਸਟਰੀ ਵਿੱਚ ਝੰਡਾ ਗੱਡਿਆ

ਗੋਰਕੀ ਗਿੱਲ ਦਾ ਉਤਪਾਦ ਸਾਲ 2024 ਦੇ ਸਰਬਉੱਚ ਅਵਾਰਡ ਲਈ ਚੁਣਿਆ ਗਿਆ
ਰਾਏਕੋਟ, ਨਵੰਬਰ 11
ਲੁਧਿਆਣਾ ਜ਼ਿਲ੍ਹੇ ਦੇ ਕਸਬਾ ਗੁਰੂਸਰ ਸੁਧਾਰ ਦੇ 37 ਸਾਲਾ ਗੱਭਰੂ ਗੋਰਕੀ ਗਿੱਲ ਨੇ ਆਸਟ੍ਰੇਲੀਆ ਦੀ ਧਰਤੀ ਉਪਰ ਫ਼ੈਸ਼ਨ ਇੰਡਸਟਰੀ ਵਿੱਚ ਝੰਡਾ ਗੱਡਿਆ ਹੈ। ਆਸਟ੍ਰੇਲੀਅਨ ਮਾਡਰਨ ਬਾਰਬਰ ਅਵਾਰਡ-2024 ਲਈ ਕੁਈਨਜ਼ਲੈਂਡ ਦੇ ਬ੍ਰਿਸਬੇਨ ਵਿੱਚ ਹੋਏ ਮੁਕਾਬਲੇ ਦੌਰਾਨ ਗੋਰਕੀ ਗਿੱਲ ਦੀ ਡਾਕਟਰ ਸਲੀਕ ਲੈਬ ਵੱਲੋਂ ਤਿਆਰ ਦਾੜ੍ਹੀ ਲਈ ਸੀਰਮ ਇਸ ਸਾਲ ਦੇ ਸਰਬ-ਉੱਤਮ ਉਤਪਾਦ ਵਜੋਂ ਚੁਣਿਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਅਕਤੂਬਰ ਮਹੀਨੇ ਵਿੱਚ ਸਖ਼ਤ ਮੁਕਾਬਲੇ ਦੌਰਾਨ ਡਾਕਟਰ ਸਲੀਕ ਲੈਬ ਦਾ ਉਤਪਾਦ “ਦਾੜ੍ਹੀ ਲਈ ਸੀਰਮ” ਤੋਂ ਇਲਾਵਾ ਬੀਅਰਡਡ ਚਾਪ ਦਾ ਤੰਬਾਕੂ ਅਤੇ ਵਨੀਲਾ ਦਾੜ੍ਹੀ ਤੇਲ ਅਤੇ ਵੀਟਾਮੈਨ ਦਾ ਸ਼ੇਵ ਅਤੇ ਬੀਅਰਡ ਤੇਲ ਇਸ ਸਾਲ ਦੇ ਪਹਿਲੇ ਤਿੰਨ ਉਤਪਾਦ ਵਜੋਂ ਚੁਣੇ ਗਏ ਸਨ। ਐਤਵਾਰ ਦੀ ਰਾਤ ਬ੍ਰਿਸਬੇਨ ਵਿੱਚ ਫਾਈਨਲ ਮੁਕਾਬਲੇ ਦੌਰਾਨ ਪੰਜਾਬੀ ਗੱਭਰੂ ਗੋਰਕੀ ਗਿੱਲ ਦੀ ਸਲੀਕ ਲੈਬ ਦਾ ਉਤਪਾਦ ਸਾਲ 2024 ਦੇ ਸਰਬਉੱਚ ਉਤਪਾਦ ਵਜੋਂ ਚੁਣਿਆ ਗਿਆ।
ਦਰਜਨ ਤੋਂ ਵਧੇਰੇ ਵੱਖ-ਵੱਖ ਕੈਟਾਗਰੀ ਦੇ ਅਵਾਰਡਾਂ ਲਈ ਜੱਜਾਂ ਦੇ ਪੈਨਲ ਵੱਲੋਂ ਚੋਣ ਕੀਤੀ ਗਈ ਸੀ, ਜਿਸ ਵਿੱਚ ਜੱਜਾਂ ਦਾ ਅਜ਼ਾਦ ਪੈਨਲ, ਮੀਡੀਆ, ਲੋਕ ਸੰਪਰਕ, ਕਾਰੋਬਾਰੀ ਮਾਹਰ, ਪੇਸ਼ੇਵਰ ਮਾਹਰ, ਪੇਸ਼ੇ ਦੇ ਕੌਮਾਂਤਰੀ ਮਾਹਰ ਸ਼ਾਮਲ ਸਨ। ਇਹ ਅਵਾਰਡ ਸਮਾਰੋਹ ਫ਼ੈਸ਼ਨ ਇੰਡਸਟਰੀ ਦੇ ਪ੍ਰਮੁੱਖ ਕਾਰੋਬਾਰੀਆਂ ਤੋਂ ਇਲਾਵਾ ਇਸ ਖੇਤਰ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਲਗਾਤਾਰ ਤਿੰਨ ਸਾਲ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਮੈਲਬਾਰਨ ਤੋਂ ਬਾਅਦ 2024 ਵਿੱਚ ਪਹਿਲੀ ਵਾਰ ਕੁਈਨਜ਼ਲੈਂਡ ਦੇ ਬ੍ਰਿਸਬੇਨ ਵਿੱਚ ਇਹ ਅਵਾਰਡ ਸਮਾਰੋਹ ਐਤਵਾਰ ਦੀ ਰਾਤ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬੀ ਗੱਭਰੂ ਗੋਰਕੀ ਗਿੱਲ ਪਿਛਲੇ ਕੁਝ ਸਾਲਾਂ ਵਿੱਚ ਆਸਟ੍ਰੇਲੀਆ ਦੀ ਫ਼ੈਸ਼ਨ ਇੰਡਸਟਰੀ ਵਿਚ ਇਕ ਵੱਡਾ ਨਾਮ ਬਣ ਕੇ ਉੱਭਰਿਆ ਹੈ।

Total Views: 386 ,
Real Estate