ਕਾਹਤੋਂ ਮਨਾ ਮੁੱਛ ਦਾ ਸਵਾਲ ਬਣੀ ਬੈਠਾ ਏਂ,
ਦੁਨੀਆਂ ਦੇ ਸਾਹਮਣੇ ਬਵਾਲ ਬਣੀ ਬੈਠਾ ਏਂ।
ਐਨੀ ਵੀ ਨਹੀਂ ਚੰਗੀ ਹੁੰਦੀ ਹੱਠ ਦੀ ਲੜਾਈ ਇਹ,
ਜਿੱਤੀ ਕਦੋਂ,ਕੀਹਨੇ ਦੱਸ ਕਰਕੇ ਜਦਾਈ ਇਹ
ਸੱਠ ਸਾਲ ਲੋਕਾਂ ਨੂੰ ਤੂੰ ਦੱਸੀਆਂ ਸਿਆਣਪਾਂ,
ਖੁਦ ਸਾਂਭੀ ਬੈਠੈਂ ਅਜੇ ਓਹੀ ਤੂੰ ਅਲਾਮਤਾਂ।
ਹੈਂਕੜਾਂ ਨੂੰ ਪਾ ਕੇ ਪੱਠੇ ਜਿੱਤੀ ਕੀਹਨੇ ਜੰਗ ਐ।
ਤੇਰਾ ਵੀ ਤਾਂ ਓਹੀ ‘ਬਾਬਾ’ ਪੁੱਠਾ ਜਿਹਾ ਢੰਗ ਐ।
ਓਦੋਂ ਵੀ ਤੂੰ ਠੀਕ ਨਹੀਂ ਸੀ,ਅੱਜ ਵੀ ਤੂੰ ਠੀਕ ਨਹੀਂ।
ਰੱਬ ਬਣੀਂ ਬੈਠੇਂ, ਤੂੰ ਤਾਂ ਬੰਦਾ ਅਜੇ ਤੀਕ ਨਹੀਂ।
ਹੳਮੈ ਨੂੰ ਜੇ ਮਾਰਦੇਂ ਬਹਾਰਾਂ ਮੁੜ ਪੈਣਗੀਆਂ ,
ਤੇਰੀ ਬਾਗੀਂ ਫੇਰ ਤੋਂ ਗੁਟਾਰਾਂ ਮੁੜ ਪੈਣਗੀਆਂ।
ਮਰਜਾਣਾ ਮਰਜਾਣਾ ਝੂਠਾ ਕਹੀ ਜਾਨਾਂ ਏਂ,
ਅਜੇ ਤੱਕ ਹਉਮੈਂ ਮਾਰ ਸਕਿਆ ਨਾ ਮਨਾ ਏਂ।
ਮਾਫ਼ੀ ਦੀ ਥਾਂ ਗਲਤੀ ਨੂੰ ਠੀਕ ਪਿਆ ਆਹਨਾਂ ਏਂ।
ਤਿੰਨਾਂ ਸਾਲਾਂ ਵਿੱਚ ਨਾ ਸਵਾਰਿਆ ਤੂੰ ਆਨਾ ਏਂ।
ਲਾਲਚੀ ਸਿਆਸਤਾਂ ਨੇ ਘੇਰਾ ਤੈਨੂੰ ਪਾ ਲਿਆ,
ਤਾਂਹੀਓਂ ਤੇਰਾ ਅਜੇ ਤੀਕ ਵੇਖੀਂ ਜਾਨੈਂ ਗਾਹ ਪਿਆ।
ਮੂਸੇ ਆਲੇ ਕੀਤੀ ਸਦਾ ਮੁੱਦਿਆਂ ਦੀ ਗੱਲ ਐ।
ਤਾਂਹੀਓਂ ਹੀ ਤਾਂ ਦੁਨੀਆਂ ਦਾ ਮੁੱਖ ਉਹਦੇ ਵੱਲ ਐ।
ਗਲਤੀ ਤਾਂ ਤੈਨੂੰ ਖੁਦ ਮੰਨਣੀ ਹੀ ਪੈਣੀ ਐਂ,
ਨਹੀਂ ਤਾਂ ਗੱਲ ਪਹਿਲਾਂ ਵਾਲੀ ਕਦੇ ਵੀ ਨਾ ਰਹਿਣੀ ਐ।
ਕੁਲਦੀਪ ਘੁਮਾਣ