
ਬਲਵਿੰਦਰ ਕੌਰ ਥਿੰਦ
ਜੀਅ ਨਹੀਂ ਕਰਦਾ ਕਿ ਮੈਂ ਕੁਝ ਬੋਲਾਂ
ਜਿਸ ਗੱਲ ਤੇ ਸਭ ਦੁਖੀ ਨੇ
ਰੋਹ ਦਰਸਾਉਣ ਲਈ ਮੈਂ ਵੀ ਮੂੰਹ ਖੋਲ੍ਹਾਂ
ਅੰਨ੍ਹੀਆਂ, ਗੂੰਗੀਆਂ, ਬੋਲੀ਼ਆਂ ਸਰਕਾਰਾਂ
ਚੰਦਰੀ ਦੋਗਲੀ ਰਾਜਨੀਤੀ ਦੇ ਦਮ ਤੇ ਹੀ ਪੈਂਦੀਆਂ ਮਾਰਾਂ
ਕੋਈ ਨਾ ਸੁਣੇ ਪੁਕਾਰ ਪੱਥਰ ਦੇ ਦਿਲ ਨੇ ਸਭ ਦੇ
ਕਰਕੇ ਪੈਦਾ ਜੱਗ ਤੇ ਲਾਹਨਤ ਹੀ ਖੱਟੀ ਰੱਬ ਨੇ
ਰੁਲਦੀ ਦੇਖੀ ਇੱਜ਼ਤ ਔਰਤ ਦੀ
ਲਾ ਮਜਮਾ ਜੋ ਖੜ੍ਹਦੇ
ਮਰੀ ਜ਼ਮੀਰ ਦੇ ਮਾਲਕ ਵੈਰੀ ਨੇ ਜੜ੍ਹ ਦੇ
ਔਰਤ ਦੀ ਕੁੱਖੋਂ ਹੋ ਪੈਦਾ
ਜੋ ਘਾਣ ਔਰਤ ਦਾ ਕਰਦੇ
ਆਪਣੇ ਘਰਾਂ ਵਿੱਚ ਧੀਆਂ ਜੰਮਣੋਂ ਨੇ ਓਹੀ ਡਰਦੇ
ਸ਼ਰਮ,ਧਰਮ ਸਭ ਜਿਨ੍ਹਾਂ ਨੇ ਹੈ ਛਿੱਕੇ ਟੰਗੀ
ਓਨ੍ਹਾੰ ਹੀ ਫੇਰੀ ਔਰਤ ਕਰ ਸ਼ਹਿਰ ਚ ਨੰਗੀ
ਖੌਫ਼ ਰੱਬ ਦਾ ਜਿਨ੍ਹਾਂ ਨੇ ਹੈ ਮਨ ਤੋਂ ਲਾਹਿਆ
ਵਿੱਚ ਘੜੀਸੋ ਗਲੀਆਂ ਪਾ ਗਲ਼ ਵਿੱਚ ਫਾਹਿਆ
ਇਨਸਾਫ਼ ਤਰਾਜ਼ੂ ਹੱਥ ਵਿੱਚ ਖੁਦ ਲੈਣਾ ਹੀ ਪੈਣਾ
ਨਹੀਂ ਤਾਂ ਮੁਸ਼ਕਿਲ ਜੱਗ ਵਿੱਚ ਔਰਤ ਦਾ ਰਹਿਣਾ
ਆਉਂਦੀਆਂ ਨਸਲਾਂ ਵਾਸਤੇ ਦੇ ਚਾਹੋ ਕੁਝ ਕਰਨਾ
ਔਰਤ ਦੇ ਸਨਮਾਨ ਨੂੰ ਪਊ ਉੱਚਾ ਕਰਨਾ
ਜਨਮਦਾਤੀ ਦੇ ਲਾਹ ਕੱਪੜੇ
ਕਿਹੜੇ ਭਵਿੱਖ ਨੂੰ ਚਾਰ ਚੰਨ ਲਾਓਗੇ
ਓ ਦੇਸ਼ ਦੇ ਕਾਨੂੰਨਦਾਨੋ,ਸਿਆਸਤਦਾਨੋਂ
ਜੇ ਔਰਤ ਇਨਸਾਫ਼ ਤੋਂ ਰਹੇ ਵਾਂਝੀ
ਤਾਂ ਕਾਲਖ ਦੇ ਵਪਾਰੀਆਂ ਵਿੱਚ ਤੁਸੀਂ ਵੀ ਗਿਣੇ ਜਾਓਗੇ
ਰਹਿਮ, ਪਿਆਰ, ਇਖਲਾਕ ਦੀ ਦਾਤੀ ਔਰਤ
ਚੰਡੀ ਬਣ ਨਰਸੰਹਾਰ ਵੀ ਕਰ ਸਕਦੀ ਹੈ
ਕਰੋ ਉਸਦੇ ਸਬਰ ਪਿਆਲੇ ਨੂੰ ਸਜਦਾ
ਜ਼ੋ ਜ਼ੁਲਮ ਮਰਦ ਜਾਤ ਦਾ ਜਰ ਕੇ
ਇਨਸਾਫ ਦੀ ਉਮੀਦ ਵੀ ਓਥੋਂ ਕਰਦੀ ਹੈ।
ਜ਼ਰਾ ਸੋਚ………..





















