ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ (ਡੀਐੱਮ) ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਹਾਈ ਪ੍ਰੋਫਾਈਲ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਵਿਗਿਆਨਕ ਅਤੇ ਡਿਜੀਟਲ ਸਬੂਤਾਂ ਦਾ ਇੱਕ ਅਜਿਹਾ ਜਾਲ ਤਿਆਰ ਹੋ ਚੁੱਕਾ ਹੈ, ਜੋ ਇਸ ਕੇਸ ਵਿੱਚ ਸਰਕਾਰੀ ਪੱਖ ਦੀ ਰੀੜ੍ਹ ਦੀ ਹੱਡੀ ਬਣੇਗਾ। ਇਹ ਕੇਸ ਹੁਣ ਮਹਿਜ਼ ਜ਼ੁਬਾਨੀ ਬਿਆਨਾਂ ਜਾਂ ਦੋਸ਼ਾਂ ’ਤੇ ਨਿਰਭਰ ਨਹੀਂ ਹੈ। ਪੁਲੀਸ ਵੱਲੋਂ ਹਫ਼ਤਿਆਂ ਦੀ ਮੁਸ਼ੱਕਤ ਤੋਂ ਬਾਅਦ ਇਕੱਠੇ ਕੀਤੇ ਗਏ ਇਲੈਕਟ੍ਰਾਨਿਕ ਸਬੂਤ ਡਾ. ਰੰਧਾਵਾ ਦੇ ਆਖਰੀ ਦਿਨਾਂ ਦੀ ਹਰ ਹਰਕਤ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤੇ ਜਾਣ ਦੀ ਪੂਰੀ ਕਹਾਣੀ ਬਿਆਨ ਕਰ ਰਹੇ ਹਨ। ਪੁਲੀਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਹ ਵਟਸਐਪ ਕਾਲ ਡਿਟੇਲ ਵੀ ਬਰਾਮਦ ਕਰ ਲਈ ਹੈ, ਜੋ 13 ਮਾਰਚ ਨੂੰ ਭੁੱਲਰ ਵੱਲੋਂ ਰੰਧਾਵਾ ਨੂੰ ਵਾਰ-ਵਾਰ ਕੀਤੀ ਗਈ ਸੀ, ਜਿਸ ਦਿਨ ਉਨ੍ਹਾਂ ਦੀ ਕੁੱਟਮਾਰ ਅਤੇ ਬੇਇੱਜ਼ਤੀ ਕੀਤੀ ਗਈ ਸੀ।ਰਣਜੀਤ ਐਵੇਨਿਊ ਪੁਲਿਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਪ੍ਰੀਤ ਕੌਰ ਦੀ ਅਦਾਲਤ ਵਿੱਚ ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਵਿੱਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਨਿੱਜੀ ਸਹਾਇਕ (PA) ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਕੇਸ ਵਿੱਚ 50 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਉਹ ਸਹਿਕਰਮੀ ਵੀ ਸ਼ਾਮਲ ਹਨ ਜੋ 13 ਮਾਰਚ ਨੂੰ ਰੰਧਾਵਾ ਦੇ ਨਾਲ ਭੁੱਲਰ ਦੇ ਘਰ ਗਏ ਸਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਤਤਕਾਲੀ ਮੰਤਰੀ ਵੱਲੋਂ ਡਾ. ਰੰਧਾਵਾ ’ਤੇ ਨਿਯਮਾਂ ਦੇ ਉਲਟ ਜਾ ਕੇ ਆਪਣੇ ਪਿਤਾ ਨੂੰ ਵੇਅਰਹਾਊਸ ਦਾ ਠੇਕਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ, ਅਤੇ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਜ਼ਲੀਲ ਤੇ ਡਰਾਇਆ-ਧਮਕਾਇਆ ਗਿਆ।
ਡਿਜੀਟਲ ਸਬੂਤਾਂ ’ਚ ਫਸੇ ਸਾਬਕਾ ਮੰਤਰੀ ਲਾਲਜੀਤ ਭੁੱਲਰ? ਅਦਾਲਤ ’ਚ 500 ਪੰਨਿਆਂ ਦੀ ਚਾਰਜਸ਼ੀਟ ਦਾਖਲ
Total Views: 1 ,
Real Estate





















