ਹਰਲੀਨ ਕੌਰ
ਪਿਛਲੇ ਕੁਝ ਦਿਨਾਂ ਤੋਂ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਦਿਆਰਥੀ ਸੈਸ਼ਨ ਬਾਰੇ ਚਰਚਾ ਪੜ੍ਹ ਸੁਣਕੇ ਮੇਰੇ ਮਨ ਵਿੱਚ ਵੀ ਇਸਨੂੰ ਵੇਖਣ ਦੀ ਉਤਸੁਕਤਾ ਪੈਦਾ ਹੋਈ।। ਮੇਰੇ ਪਿਤਾ ਜੀ ਦੀ ਬਦੌਲਤ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਆਯੋਜਿਤ ਕੀਤਾ ਗਿਆ ਸੀ।
ਪੰਜਾਬੀ ਸੂਬਾ ਬਣਨ ਉਪਰੰਤ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰਾਜਧਾਨੀ ਚੰਡੀਗੜ੍ਹ ਤੋਂ ਬਾਹਰ ਆਯੋਜਿਤ ਕੀਤਾ ਗਿਆ। ਸਥਾਨ ਸੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਗਤ ਜੈਤਾ ਜੀ ਮੈਮੋਰੀਅਲ ਪਾਰਕ।
ਜਦੋਂ ਮੈਂ ਉਪਰੋਕਤ ਸਥਾਨ ’ਤੇ ਪਹੁੰਚੀ ਤਾਂ ਸਭ ਤੋਂ ਪਹਿਲਾਂ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਜੀ ਨਾਲ ਮੁਲਾਕਾਤ ਹੋਈ। ਉਨ੍ਹਾਂ ਦੇ ਪ੍ਰੇਰਨਾ ਭਰੇ ਸ਼ਬਦਾਂ ਨੇ ਮੈਨੂੰ ਆਪਣੇ ਵਿਚਾਰ ਲਿਖਣ ਲਈ ਉਤਸ਼ਾਹਿਤ ਕੀਤਾ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਪੀਕਰ ਸਾਹਿਬ ਨੇ ਕਿਹਾ, “ਅੱਜ ਦੇ ਵਿਦਿਆਰਥੀ ਕੱਲ੍ਹ ਦੇ ਮੁੱਖ ਮੰਤਰੀ, ਸਪੀਕਰ ਤੇ ਮੰਤਰੀ ਹਨ।” ਉਨ੍ਹਾਂ ਨੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਅਤੇ ਲੋਕਲ ਬਾਡੀਜ਼ ਮੰਤਰੀ ਡਾ. ਰਵਜੋਤ ਸਿੰਘ ਜੀ ਨਾਲ ਮਿਲ ਕੇ ਭਾਰਤ ਦੇ ਸਭ ਤੋਂ ਲੰਬੇ ਲਿਖਤੀ ਸੰਵਿਧਾਨ ਦੇ ਸੰਵਿਧਾਨ ਦਿਵਸ ਦੀ ਵਧਾਈ ਦਿੱਤੀ।
ਸਪੀਕਰ ਸਾਹਬ ਨੇ ਕਿਹਾ ਕਿ ਅੱਜ ਮੌਜੂਦ ਵਿਦਿਆਰਥੀ ਪੰਜਾਬ ਦਾ ਭਵਿੱਖ ਹਨ ਅਤੇ ਅਧਿਆਪਕ, ਸਿੱਖਿਆ ਵਿਵਸਥਾ ਤੇ ਸਰਕਾਰੀ ਮੁਲਾਜ਼ਮ ਇਸ ਭਵਿੱਖ ਦੇ ਸਹਿਯੋਗੀ ਹਨ। ਉਨ੍ਹਾਂ ਨੇ ਪ੍ਰਸ਼ਾਸਨਿਕ ਸਟਾਫ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਆਮ ਸੈਸ਼ਨਾਂ ਨਾਲੋਂ ਵੀ ਵੱਧ ਉਤਸ਼ਾਹ ਨਾਲ ਪ੍ਰਬੰਧ ਕੀਤੇ। ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ਵਿੱਚ ਵਿਦਿਆਰਥੀ ਤੇ ਆਮ ਲੋਕਾਂ ਦੀ ਵਿਧਾਨ ਸਭਾ ਵਿੱਚ ਪਹੁੰਚ ਸੁਖਾਲੀ ਹੋਈ ਹੈ। ਮਾਣਯੋਗ ਸਪੀਕਰ ਸਾਹਿਬ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ “ਰਾਜਨੀਤੀ ਹੀ ਤੈਅ ਕਰਦੀ ਹੈ ਕਿ ਸਸਤੀ ਸਿੱਖਿਆ, ਜ਼ੀਰੋ ਬਿਜਲੀ ਬਿੱਲ, ਲੋਕਾਂ ਦੀ ਪਹੁੰਚ ਚ ਦਵਾਈਆਂ ਤੇ ਪੰਜਾਬ ਦਾ ਰੋਡਮੈਪ ਕੀ ਹੋਵੇਗਾ। ਇਸ ਲਈ ਨੌਜਵਾਨਾਂ ਨੂੰ ਇਸ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ।”
ਉਨ੍ਹਾਂ ਨੇ ਪ੍ਰੇਰਿਤ ਕੀਤਾ, “ਜੇ ਅੱਜ ਵੱਡਾ ਟੀਚਾ ਬਣਾਓਗੇ ਤਾਂ ਜ਼ਰੂਰ ਪੂਰਾ ਕਰੋਗੇ। ਹਮੇਸ਼ਾ ਉੱਚਾ ਤੇ ਵੱਡਾ ਟੀਚਾ ਰੱਖੋ।” ਉਨ੍ਹਾਂ ਦੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਸੀ।
ਬੱਚਿਆਂ ਦੀ ਹੌਸਲਾ ਅਫਜਾਈ ਲਈ ਲਈ ਉਨ੍ਹਾ ਨੇ ਐਲਾਨ ਕੀਤਾ ਕਿ “ ਵੋਟ ਚੋਰੀ” ਵਿਸ਼ੇ ’ਤੇ ਸਭ ਤੋਂ ਵਧੀਆ ਲੇਖ ਲਿਖਣ ਵਾਲੇ ਵਿਦਿਆਰਥੀਆਂ ਨੂੰ ₹51,000, ₹21,000 ਤੇ ₹11,000 ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਮੌਕੇ ਵਿਧਾਨ ਸਭਾ ਸੈਕਟਰੀ ਰਾਮ ਲੋਕ ਖਟਾਨਾ ਜੀ ਤੇ ਹੋਰ ਵਿਧਾਨ ਸਭਾ ਸਟਾਫ ਦੁਆਰਾ ਸਪੀਕਰ, ਡਿਪਟੀ ਸਪੀਕਰ, ਮੰਤਰੀ ਸਥਾਨਿਕ ਸਰਕਾਰਾਂ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਯਾਦਗਾਰੀ ਸਨਮਾਨ ਦਿੱਤੇ ਅਤੇ ਵਿਦਿਆਰਥੀ ਮੌਕ ਸੈਸ਼ਨ ਸ਼ੁਰੂ ਹੋਇਆ।
ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀ ਸਪੀਕਰ ਨੇ ਸਦਨ ਦੀ ਕਾਰਵਾਈ ਪੂਰੀ ਨਿਪੁੰਨਤਾ ਨਾਲ ਚਲਾਈ। ਧੂਰੀ ਤੋਂ ਆਏ ਲੀਡਰ ਆਫ਼ ਹਾਊਸ ਦੀ ਭੂਮਿਕਾ ਵਾਲੇ ਵਿਦਿਆਰਥੀ ਨੇ ਵਿਰੋਧੀ ਧਿਰ ਨੂੰ ਮਜ਼ਬੂਤ ਜਵਾਬ ਦਿੱਤਾ। ਘਨੌਰੀ ਕਲਾਂ ਦੇ ਸਕੂਲ ਆਫ਼ ਐਮਿਨੈਂਸ ਦੇ ਹਰਿਕਮਲਦੀਪ ਸਿੰਘ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਭੂਮਿਕਾ ਵਿੱਚ ਸਾਰੇ ਸੈਸ਼ਨ ਦੌਰਾਨ ਤੱਥਾਂ ਨਾਲ ਵਿਰੋਧੀ ਧਿਰ ਦੇ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ।
ਕੋਟਧੰਦਲ ਦੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਹਰਪ੍ਰੀਤ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ ਦੀ ਭੂਮਿਕਾ ਵਿੱਚ ਪੰਜਾਬ ਨਾਲ ਸਬੰਧਤ ਕਈ ਮੁੱਦੇ ਚੁੱਕੇ ਅਤੇ ਬਹਿਸ ਵਿਚ ਹਿੱਸਾ ਲਿਆ। ਜੈਤੋ ਦੇ ਸਕੂਲ ਆਫ਼ ਐਮਿਨੈਂਸ ਦੇ ਜਗਮੰਦਰ ਸਿੰਘ ਨੇ ਸਪੀਕਰ ਸਾਹਿਬ ਦੀ ਭੂਮਿਕਾ ਬਹੁਤ ਹੁਨਰ ਨਾਲ ਨਿਭਾਈ ਅਤੇ ਸੱਤਾਧਾਰੀ ਤੇ ਵਿਰੋਧੀ ਧਿਰ ਵਿਚਕਾਰ ਝੜਪਾਂ ਸੁਲਝਾਉਂਦਿਆਂ ਦੋ ਵਾਰ ਸਦਨ ਮੁਲਤਵੀ ਵੀ ਕੀਤਾ।
ਲੰਚ ਸਮੇਂ ਤੱਕ ਸਦਨ ਚ ਕਾਰਵਾਈ ਉਸ ਤਰਾਂ ਦੀ ਸੀ ਜਿਸ ਤਰਾਂ ਦੀ ਰੌਲੇ ਰੱਪੇ ਵਾਲੀ ਕਾਰਵਾਈ ਅਸੀਂ ਜਾਂ ਸਾਡੇ ਵੱਡੇ ਛੋਟੇ ਹੁਣ ਤੱਕ ਵੇਖਦੇ ਸੁਣਦੇ ਆਏ ਸਨ, ਪਰ ਲੰਚ ਬ੍ਰੇਕ ਵੇਲੇ ਸਦਨ ਨੂੰ ਸਬੰਧਿਤ ਕਰਦਿਆਂ ਮਾਣਯੋਗ ਸਪੀਕਰ ਕੁਲਤਾਰ ਸਿੰਘ ਜੀ ਵੱਲੋ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਸੈਸ਼ਨ ਦਾ ਅਗਲਾ ਭਾਗ ਸੁਹਿਰਦਤਾ, ਅਨੁਸਾਸ਼ਨ ਅਤੇ ਉਸਾਰੂ ਬਹਿਸ ਜਿਸਦੀ ਲੋਕ ਤਵੱਕੋ ਕਰਦੇ ਹਨ, ਓਸ ਮੁਤਾਬਿਕ ਹੋਣਾ ਚਾਹੀਦਾ ਹੈ, ਜਿਸ ਦੌਰਾਨ ਮੁੱਦੇ ਅਤੇ ਉਹਨਾਂ ਦੇ ਯੋਗ ਹੱਲ ਲਈ ਪਵਿੱਤਰ ਸਦਨ ਦੀ ਵਰਤੋਂ ਹੋਵੇ। ਬਾਅਦ ਡੇਢ ਵਜੇ ਲੰਚ ਬ੍ਰੇਕ ਹੋਈ ਜਿਸ ਦੌਰਾਨ ਮਾਣਯੋਗ ਸਪੀਕਰ ਕੁਲਤਾਰ ਸਿੰਘ, ਡਿਪਟੀ ਸਪੀਕਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਮੇਤ ਵਿਦਿਆਰਥੀ ਮੁੱਖ ਮੰਤਰੀ, ਵਿਦਿਆਰਥੀ ਸਪੀਕਰ, ਵਿਦਿਆਰਥੀ ਵਿਧਾਇਕਾਂ ਅਤੇ ਵਿਦਿਆਰਥੀ ਮੰਤਰੀਆਂ ਨੇ ਇਕੱਠਿਆਂ ਭੋਜਨ ਗ੍ਰਹਿਣ ਕੀਤਾ, ਇਸ ਦੌਰਾਨ ਵੇਖਣ ਚ ਆਇਆ ਕਿ ਆਏ ਹੋਏ ਸਮੂਹ ਵਿਦਿਆਰਥੀਆਂ, ਅਧਿਆਪਕਾ ਅਤੇ ਮਾਪਿਆਂ ਵੱਲੋਂ ਸਪੀਕਰ ਸਾਹਿਬ ਅਤੇ ਡਿਪਟੀ ਸਪੀਕਰ ਸਾਹਿਬ ਨਾਲ ਤਸਵੀਰਾਂ ਕਰਵਾਉਣ ਚ ਭਾਰੀ ਉਤਸ਼ਾਹ ਨਜ਼ਰ ਆਇਆ। ਇਸ ਉਪਰੰਤ ਸਦਨ ਦੀ ਅਗਲੀ ਕਾਰਵਾਈ ਆਰੰਭ ਹੋਈ ਜਿਸ ਵਿਚ ਮਾਣਯੋਗ ਸਪੀਕਰ ਸਾਹਿਬ ਦੀ ਸੋਚ ਮੁਤਾਬਿਕ ਵਿਦਿਆਰਥੀ ਪੂਰੇ ਸੁਹਿਰਦ ਨਜ਼ਰ ਆਏ, ਜਿਸ ਦੌਰਾਨ ਸਿੱਖਿਆ ਅਤੇ ਸਿਹਤ ਪ੍ਰਣਾਲੀ, ਦਰਿਆਵਾਂ ਦੇ ਗੰਧਲੇ ਹੁੰਦੇ ਪਾਣੀ, ਨਹਿਰੀ ਪਾਣੀ, ਸੀਵਰੇਜ ਟਰੀਟਮੈਂਟ ਪਲਾਂਟਾਂ, ਸੀਡ ਪ੍ਰਬੰਧਨ, ਫ਼ਸਲੀ ਵਿਭਿੰਨਤਾ ਆਦਿ ਕਾਫ਼ੀ ਮਹੱਤਵਪੂਰਨ ਮੁੱਦੇ ਚੁੱਕੇ ਗਏ ਅਤੇ ਓਹਨਾ ਦੇ ਹੱਲ ਲਈ ਸਾਰਥਿਕ ਚਰਚਾ ਹੋਈ।
ਵੈਸੇ ਤਾਂ ਹਿੱਸਾ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੇ ਆਪੋ ਆਪਣੀ ਸਮਰੱਥਾ ਅਨੁਸਾਰ ਵਧੀਆ ਭੂਮਿਕਾ ਨਿਭਾਈ ਪਰ ਮੰਤਰੀ ਬਰਿੰਦਰ ਕੁਮਾਰ ਗੋਇਲ, ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਸੁਖ ਸਰਕਾਰੀਆ ਦਾ ਰੋਲ ਅਦਾ ਕਰਨ ਵਾਲੇ ਵਿਦਿਆਰਥੀ ਅਤੇ ਮੰਤਰੀ ਬਲਜੀਤ ਕੌਰ, ਅਨਮੋਲ ਗਗਨ ਮਾਨ ਅਤੇ ਡਾਕਟਰ ਜੀਵਨਜੋਤ ਕੌਰ ਦਾ ਰੋਲ ਕਰਨ ਵਾਲੀਆ ਵਿਦਿਆਰਥਣਾਂ ਦਾ ਰੋਲ ਵੀ ਬੇਹੱਦ ਪਸੰਦ ਕੀਤਾ ਗਿਆ
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਅਤੇ ਲੋਕਲ ਬਾਡੀਜ਼ ਮੰਤਰੀ ਡਾ. ਰਵਜੋਤ ਸਿੰਘ ਜੀ ਦੀ ਮੌਜੂਦਗੀ ਨੇ ਸਮਾਗਮ ਨੂੰ ਹੋਰ ਵੀ ਖਾਸ ਬਣਾ ਦਿੱਤਾ। ਹਾਲਾਂਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਸਮੇਤ ਬਾਕੀ ਮੰਤਰੀਆਂ ਅਤੇ ਵਿਧਾਇਕ ਸਹਿਬਾਨ ਦੀ ਮੌਜੂਦਗੀ ਇਹਨਾਂ ਪਲਾਂ ਨੂੰ ਹੋਰ ਵੀ ਵਧੀਆ ਬਣਾ ਸਕਦੀ ਸੀ, ਪਰ ਕੁੱਲ ਮਿਲਾ ਕੇ ਮੇਰਾ ਅਨੁਭਵ ਸ਼ਾਨਦਾਰ ਰਿਹਾ। ਮੈਂ ਵਿਧਾਨ ਸਭਾ ਦੀ ਕਾਰਵਾਈ, ਪ੍ਰਸ਼ਨ ਕਾਲ, ਜ਼ੀਰੋ ਕਾਲ ਅਤੇ ਨੌਜਵਾਨਾਂ ਦੀ ਭੂਮਿਕਾ ਬਾਰੇ ਬਹੁਤ ਕੁਝ ਸਿੱਖਿਆ।
ਇਹ ਇਤਿਹਾਸਕ ਵਿਦਿਆਰਥੀ ਸੈਸ਼ਨ ਮੇਰੀ ਜ਼ਿੰਦਗੀ ਦਾ ਸਭ ਤੋਂ ਪ੍ਰੇਰਨਾਦਾਇਕ ਦਿਨ ਰਹੇਗਾ। ਨੌਜਵਾਨਾਂ ਦੇ ਪਾਰਲੀਮੈਂਟ ਸੈਸ਼ਨ ਵਾਂਗ ਭਵਿਖ ਵਿੱਚ ਇਸ ਤਰਾਂ ਦੇ ਉਪਰਾਲੇ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ।
ਵਿਦਿਆਰਥੀਆਂ ਨੂੰ ਰਾਜਨੀਤੀ ਚ ਰੁਚੀ ਰੱਖਣ ਲਈ ਪ੍ਰੇਰਿਤ ਕਰ ਗਿਆ ਸਪੀਕਰ ਪੰਜਾਬ ਵਿਧਾਨ ਸਭਾ ਦਾ ਉਪਰਾਲਾ_
Total Views: 7 ,
Real Estate


















