ਕੰਧ…..
ਹਰ-ਪੀੜੀ ਪਿਓ-ਪੁੱਤ ਦੀ ਉਮਰ ਦਾ ਵੀਹ ਕੁ ਸਾਲ ਦਾ ਫ਼ਰਕ ਹੁੰਦਾ ਹੈ ਤੇ ਇਸੇ ਕਰਕੇ ਪਿਓ-ਪੁੱਤ ਦੀ ਯਾਰੀ ਨਾਲ-ਨਾਲ ਕਿਤੇ-ਕਿਤੇ ਖਹਿਬਾਜੀ ਵੀ ਰਹਿੰਦੀ ਆ, ਪਰ ਦਾਦੇ-ਪੋਤੇ ਦੀ ਹਮੇਸ਼ਾ ਤੋ ਹੀ ਯਾਰੀ ਰਹਿੰਦੀ ਹੈ।
ਗੱਲ ਕਰਦੇ ਆ ਫੱਗਣ ਸਿਹੁੰ ਦੀ ਪੰਜ ਸਾਲਾਂ ਦੇ ਨੂੰ ਛੱਡ ਕੇ ਮਾਂ ਮਰਗੀ, ਪਿਓ ਨੇ ਦੂਜਾ ਵਿਆਹ ਕਰਵਾ ਲਿਆ। ਮਤਰੇਈ ਮਾਂ ਨੇ ਉਹੀ ਰੰਗ ਦਿਖਾਏ ਜਿਹੜੇ ਅਸੀ ਆਮ ਸੁਣਦੇ ਹਾਂ, ਸੋ ਦੁੱਖ-ਤਕਲੀਫ਼ਾਂ ਗੁਜ਼ਰਿਆਂ ਬਚਪਨ ਆਖਿਰ ਜੁਆਨੀ ਦੀ ਦਹਿਲੀਜ਼ ਤੇ ਆਣ ਖੜਿਆ, ਰਿਸ਼ਤੇਦਾਰਾਂ ਰੋਟੀ ਪੱਕਦੀ ਕਰਨ ਲਈ ਵਿਆਹ ਕਰ ਦਿੱਤਾ , ਮਿਹਨਤ ਦੇ ਮੁੜਕੇ ਨੇ ਕਰਮਾਂ ਦੀ ਫਸਲ ਨੂੰ ਸਿੰਜਣਾ ਸ਼ੁਰੂ ਕਰ ਦਿੱਤਾ , ਘਰ ਦੋ ਪੁੱਤ ਤੇ ਇੱਕ ਧੀ ਪੈਦਾ ਹੋਏ। ਉਹਨੂੰ ਦੀ ਚੰਗੀ ਸਿੱਖਿਆ ਲਈ ਹੋਰ ਰੱਜ ਕੇ ਮਿਹਨਤ ਕੀਤੀ। ਕੁੜੀ ਨੂੰ ਕਿਸੇ ਨੇ ਕਹਿ-ਕੁਹਾ ਕੇ ਡਾਕਟਰੀ ਕਰਨ ਲਾ ਦਿੱਤਾ, ਇਧਰੋਂ-ਉਧਰੋਂ ਪੈਸੇ ਕੱਠੇ ਕਰਕੇ ਡਾਕਟਰੀ ਪਾਸ ਕਰ ਦਿੱਤੀ । ਏਹਨੇ ਨੂੰ ਕਿਸੇ ਪ੍ਰਦੇਸੋਂ ਆਏ ਪਰਿਵਾਰ ਨੇ ਬਿਨਾ ਸ਼ਰਤ ਰਿਸ਼ਤਾ ਮੰਗ ਲਿਆ। ਚਲੋ ਜੀ , ਵਿਆਹ ਕਰਕੇ ਧੀ ਨੂੰ ਸੋਹਣੇ ਪਰਿਵਾਰ ਤੋਰ ਦਿੱਤਾ ਜੋ ਸਾਰੇ ਪਰਿਵਾਰ ਲਈ ਇੱਕ ਨਵੀਂ ਜ਼ਿੰਦਗੀ ਬਣ ਤੁਰਿਆ।
ਜਲਦੀ ਧੀ ਮਗਰ ਫੱਗਣ ਸਿਹੁੰ ਬਾਹਰ ਆ ਗਿਆ ਤੇ ਫਿਰ ਮਗਰ ਪੁੱਤ-ਪੋਤੇ-ਪੋਤੀਆਂ । ਮਿਹਨਤ ਦੇ ਮੁੜਕੇ ਨੇ ਸਿੰਜੇ ਕਰਮਾਂ ਨੂੰ ਭਰਵਾਂ ਬੂਰ ਪਿਆ।
ਮਾਲਕ ਦੇ ਸ਼ੁਕਰ ਕਰਦਾ ।
ਜਿੰਦਗੀ ਦੇ ਪੱਚਾਸਵੀਂ ਵਰੇ ਨੂੰ ਹੰਡਾ ਰਿਹਾ ,ਇੱਕ ਦਿਨ ਮੇਰੇ ਕੋਲ ਆ ਬੈਠਾ। ਕਿਸੇ ਗੱਲ ਕਰਕੇ ਆਪਣੇ ਪੁੱਤ ਨਾਲ ਸ਼ਿਕਵਾ ਪ੍ਰਗਟ ਕਰ ਰਿਹਾ ਸੀ। ਨਾਲੇ ਕਹੇ ਉਂਜ ਧਿਆਨ ਬਹੁਤ ਰੱਖਦੇ ਆ , ਮੈਂ ਵੀ ਉੱਚਾ ਬੋਲ ਜਾਨੇ ਕਦੇ, ਮੈਨੂੰ ਹਰ ਚੀਜ ਲੈ ਕੇ ਦਿੰਦੇ ਆ ,
ਤਾਂ ਮੈਂ ਪੁੱਛਿਆ ,
ਬਾਬਾ ਕਦੇ ਆਪਣੇ ਪੁੱਤ ਨੂੰ ਕੋਈ ਚੀਜ ਲੈ ਕੇ ਦਿੱਤੀ ਆ, ਉਹਦੇ ਜਨਮ ਦਿਨ ਤੇ ਜਾਂ ਕਿਸੇ ਦਿਨ ਤਿਉਹਾਰ ਤੇ , ਸੱਚੀ ਦੱਸੀਂ ਕਿੰਨੇ ਸਾਲ ਹੋ ਗਏ ਘੁੱਟ ਕੇ ਗਲਵੱਕੜੀ ਪਈ ਨੂੰ ।
ਤਾਂ ਕਹਿੰਦਾ,
ਮੈਂ ਕਿਉਂ ਲੈ ਕੇ ਦੇਵਾਂ, ਸਾਰੀ ਜਾਇਦਾਦ ਉਹਨਾਂ ਦੀ ਆ ਜਦੋਂ ਮੈਂ ਮਰ ਗਿਆ, ਤੂੰ ਵੀ ਉਹਨਾਂ ਦਾ ਪੱਖ ਲੈਨਾ,
ਜੇ ਨਾ ਲੈ ਕੇ ਦੇਣਗੇ ਮੇਰੇ ਕੋਲ ਕਿਹੜਾ ਘਾਟਾ…….
ਮੈਂ ਕਿਹਾ,
ਬਾਪੂ ਬੱਸ ਐਥੇ ਹੀ ਘਾਟ ਆ,ਕਰਮਾਂਆਲਾ ਤੇਰਾ ਪੁੱਤ ਜਿਹਦੇ ਕੋਲ ਸੱਠ ਸਾਲ ਦੀ ਉਮਰ ਚ ਸਿਰ ਤੇ ਬਾਪੂ ਦਾ ਸਾਇਆ, ਤੇ ਉਹਦੇ ਤੋ ਵੱਡੇ ਕ੍ਰਮ ਤੇਰੇ ਆ ਜਿਹੜਾ ਪੋਤੇ-ਪੜਪੋਤਿਆਂ ਚ ਬੈਠਾ, ਉਹ ਤੇਰੀ ਜਾਇਦਾਦ ਦਾ ਭੁੱਖਾ ਨਹੀ, ਭੁੱਖਾ ਤਾਂ ਬੱਸ ਪਿਆਰ ਦਾ, ਇੱਕ ਵਾਰ ਉਹਦੇ ਜਨਮ ਦਿਨ ਤੇ ਕੁਸ਼ ਲੈ ਕੇ ਦੇਵੀਂ, ਉਹਨੂੰ ਗਲਵੱਕੜੀ ਚ ਲੈ ਕੇ ਦੋ ਮਿੰਟ ਖੜ ਕੇ ਵੇਖੀ, ਹਿੱਕ ਦੇ ਸਾਹ ਦੇਖੀ ਹਾਉਲੇ ਹੋ ਕੇ ਵੱਗਦੇ ………….
ਪਤਾ ਨਹੀ ਹੋਰ ਕਿੰਨਾ ਕੁਝ ਮੈਂ ਬੇਰੋਕੇ ਬੋਲੀ ਗਿਆ… ਜਦ ਬਾਬੇ ਵੱਲ ਦੇਖਿਆ ਤਾਂ ਉਹਦੀਆਂ ਅੱਖਾਂ ਭਰ ਆਇਆ,,,,
ਭਰੀ ਆਵਾਜ਼ ਕਹਿੰਦਾ,
ਸੱਚੀ ਪੁੱਤ , ਮੈਨੂੰ ਤਾਂ ਯਾਦ ਵੀ ਨਹੀ ਕਿ ਮੈਂ ਆਪਣੇ ਪੁੱਤ ਨੂੰ ਘੁੱਟ ਕੇ ਗਲ ਕਦੋਂ ਦਾ ਲਾਇਆ। ਭਾਵੇਂ ਕੋਲ ਬਹਿ ਗੱਲਾਂ ਕਰਦੇ ਆ। ਪਰ ਕਲਾਵੇ ਭਰਨ ਦਾ ਬੱਸ ਹੀਆ ਜਿਆ ਨੀ ਹੋਇਆ, ਐਵੇਂ ਪੁੱਤਰਾ ਇੱਕ ਪਿਓ-ਪੁੱਤਾਂ ਚ ਕੰਧ ਜਿਹੀ ਬਣ ਗਈ, ਜਿਹੜੀ ਟੁੱਟੀ ਨਹੀ ਬੱਸ ਤੇ ਉਮਰ ਦੇ ਇਸ ਪੜਾਅ ਦੇ ਪੁੱਜ ਗਏ …. ਪਰ ਹੁਣ ਤੇਰੇ ਆਖੇ ਲੱਗ ਕੇ ਉਹਦੇ ਜਨਮ ਦਿਨ ਤੇ ਆਪਾਂ ਕੰਧ ਢਾਹ ਕੇ ਇੱਕ ਵਾਰ ਫਿਰ ਉਹਨੂੰ ਗਲਵਕੜੀ ਚ ਲੈ ਲੈਣਾ ਜਿਵੇ ਕਦੇ ਬਚਪਨ ਚ ਲਿਆ ਸੀ..
ਬਾਬਾ ਨਮ ਅੱਖਾਂ ਨਾਲ ਭਰੀ ਆਵਾਜ਼ ਚ ਆਪਣੇ ਦਰਦ ਬਿਆਨਦਾ, ਅਸੀਸਾਂ ਦਿੰਦਾ ਤੁਰ ਗਿਆ,
ਤੇ ਮੈਂ ਭਰੇ ਮਨ ਨਾਲ ਆਪਣੇ ਪਿਓ-ਦਾਦੇ ਨੂੰ ਚੇਤੇ ਕਰਕੇ ਰੋ ਪਿਆ। ਜਿਹੜੇ ਹੁਣ ਸਾਡੇ ਕੋਲ ਨਹੀਂ… ਗੱਲਵਕੜੀਆਂ ਦੇ ਬੱਸ ਅਹਿਸਾਸ ਨੇ ….




















