6 ਜ਼ਿਲ੍ਹਿਆਂ ਵਿਚ ਜ਼ੀਰੋ ਪੋਲਿੰਗ,ਚਾਰ ਲੱਖ ਵੋਟਰਾਂ ਵਿਚੋਂ ਇਕ ਵੀ ਨਹੀਂ ਬਹੁੜਿਆ

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਚੋਣ ਅਮਲਾ ਨਾਗਾਲੈਂਡ ਦੇ ਛੇ ਪੂਰਬੀ ਜ਼ਿਲ੍ਹਿਆਂ ਵਿਚ ਅੱਜ ਨੌਂ ਘੰਟਿਆਂ ਤੱਕ ਪੋਲ ਬੂਥਾਂ ’ਤੇ ਉਡੀਕ ਕਰਦਾ ਰਿਹਾ, ਪਰ ਚਾਰ ਲੱਖ ਵੋਟਰਾਂ ਵਿਚੋਂ ਇਕ ਵੀ ਉਥੇ ਨਹੀਂ ਬਹੁੜਿਆ। ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ (ਈਐੱਨਪੀਓ) ਵੱਲੋਂ ਫਰੰਟੀਅਰ ਨਾਗਾਲੈਂਡ ਟੈਰੀਟਰੀ (ਐੱਫਐੱਨਟੀ) ਦੀ ਮੰਗ ਨੂੰ ਲੈ ਕੇ ਦਿੱਤੇ ਬੰਦ ਦੇ ਸੱਦੇ ਮਗਰੋਂ ਇਨ੍ਹਾਂ ਛੇ ਜ਼ਿਲ੍ਹਿਆਂ ਦੇ ਵੋਟਰਾਂ ਨੇ ਅੱਜ ਘਰਾਂ ਵਿਚ ਰਹਿਣ ਨੂੰ ਤਰਜੀਹ ਦਿੱਤੀ। ਮੁੱਖ ਮੰਤਰੀ ਨੈਫਿਉ ਰੀਓ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਈਐੱਨਪੀਓ ਦੀ ਉਪਰੋਕਤ ਮੰਗ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਸਰਕਾਰ ਖਿੱਤੇ ਨੂੰ ਖੁਦਮੁਖਤਿਆਰੀ ਤਾਕਤਾਂ ਲਈ ਪਹਿਲਾਂ ਹੀ ਸਿਫਾਰਸ਼ ਕਰ ਚੁੱਕੀ ਹੈ। ਈਐੱਨਪੀਓ ਪੂਰਬੀ ਖਿੱਤੇ ਵਿਚ ਸੱਤ ਕਬਾਇਲੀ ਜਥੇਬੰਦੀਆਂ ਦੀ ਸਿਖਰਲੀ ਸੰਸਥਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪੂਰਬੀ ਨਾਗਾਲੈਂਡ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰਨਾਂ ਹੰਗਾਮੀ ਸੇਵਾਵਾਂ ਦੇ ਵਾਹਨਾਂ ਨੂੰ ਛੱਡ ਕੇ ਪ੍ਰਮੁੱਖ ਸੜਕਾਂ ’ਤੇ ਲੋਕਾਂ ਜਾਂ ਵਾਹਨਾਂ ਦੀ ਕੋਈ ਆਮਦੋਰਫ਼ਤ ਨਜ਼ਰ ਨਹੀਂ ਆਈ। ਨਾਗਾਲੈਂਡ ਦੇ ਵਧੀਕ ਮੁੱਖ ਚੋਣ ਅਧਿਕਾਰੀ ਆਵਾ ਲੋਰਿੰਗ ਨੇ ਕਿਹਾ ਕਿ ਸਵੇਰੇ ਸੱਤ ਤੋਂ ਸ਼ਾਮੀਂ ਚਾਰ ਵਜੇ ਤੱਕ ਖੇਤਰ ਵਿਚ ਪੈਂਦੇ 20 ਅਸੈਂਬਲੀ ਹਲਕਿਆਂ ਵਿਚਲੇ 738 ਪੋਲਿੰਗ ਬੂਥਾਂ ’ਤੇ ਚੋਣ ਅਮਲਾ ਮੌਜੂਦ ਰਿਹਾ। ਇੱਥੋਂ ਤੱਕ ਕਿ 20 ਵਿਧਾਇਕਾਂ ਨੇ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਨਹੀਂ ਕੀਤਾ। ਨਾਗਾਲੈਂਡ ਦੇ ਕੁੱਲ 13.25 ਲੱਖ ਵੋਟਰਾਂ ਵਿਚੋਂ ਪੂਰਬੀ ਨਾਗਾਲੈਂਡ ਦੇ ਛੇ ਜ਼ਿਲ੍ਹਿਆਂ ਵਿਚ 4,00,632 ਵੋਟਰ ਹਨ।

Total Views: 261 ,
Real Estate