ਗੜਿਆਂ ਨਾਲ ਪੰਜਾਬ ’ਚ ਵੱਡਾ ਫ਼ਸਲੀ ਨੁਕਸਾਨ

ਪੰਜਾਬ ਵਿਚ ਵਾਢੀ ਦੇ ਜ਼ੋਰ ਫੜਦਿਆਂ ਹੀ ਅੱਜ ਪਏ ਤੇਜ਼ ਮੀਂਹ ਤੇ ਗੜੇਮਾਰੀ ਨੇ ਦਸ ਜ਼ਿਲ੍ਹਿਆਂ ਵਿਚ ਫ਼ਸਲੀ ਨੁਕਸਾਨ ਕੀਤਾ ਹੈ। ਝੱਖੜ ਨਾਲ ਫ਼ਸਲਾਂ ਵਿਛਣ ਦੀਆਂ ਵੀ ਰਿਪੋਰਟਾਂ ਹਨ ਅਤੇ ਵਾਢੀ ਦੇ ਕੰਮ ਨੂੰ ਯੱਕਦਮ ਬਰੇਕ ਲੱਗ ਗਈ ਹੈ। ਪਿਛਲੇ ਸਾਲ ਵੀ ਪੰਜਾਬ ਵਿਚ ਵਾਢੀ ਦੇ ਇਸੇ ਦਿਨ ਹੀ ਝੱਖੜ ਦੇ ਨਾਲ ਮੀਂਹ ਪਿਆ ਸੀ। ਠੀਕ ਇੱਕ ਸਾਲ ਬਾਅਦ ਗੜਿਆਂ ਨੇ ਕਿਸਾਨਾਂ ਦੀਆਂ ਫ਼ਸਲ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਖ਼ਰੀਦ ਕੇਂਦਰਾਂ ਵਿਚ ਅੱਜ 3.61 ਲੱਖ ਮੀਟਰਿਕ ਟਨ ਕਣਕ ਪੁੱਜੀ ਸੀ ਅਤੇ ਸੈਂਕੜੇ ਖ਼ਰੀਦ ਕੇਂਦਰਾਂ ਵਿਚ ਪਈ ਫ਼ਸਲ ਭਿੱਜ ਗਈ ਹੈ।ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਚੰਡੀਗੜ੍ਹ ਵਿਚ ਅੱਜ ਮੌਸਮ ਦਾ ਮਿਜ਼ਾਜ ਇਕਦਮ ਬਦਲ ਗਿਆ ਅਤੇ ਗਰਜ ਤੇ ਚਮਕ ਨਾਲ ਤੇਜ਼ ਬਾਰਸ਼ ਹੋਈ। ਅੱਜ ਦੁਪਹਿਰ ਮਗਰੋਂ ਹੀ ਬੱਦਲ ਛਾ ਗਏ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਹੋਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਾਰਸ਼ ਪੈਣ ਦੀ ਭਵਿੱਖਬਾਣੀ ਕੀਤੀ ਹੈ। ਲੰਘੇ ਦਿਨ ਤੋਂ ਬੱਦਲਵਾਈ ਬਣੀ ਹੋਈ ਸੀ ਅਤੇ ਕਿਸਾਨਾਂ ਨੇ ਮੌਸਮ ਦੇ ਡਰੋਂ ਵਾਢੀ ਇਕਦਮ ਤੇਜ਼ ਕਰ ਦਿੱਤੀ ਸੀ ਜਿਸ ਕਰਕੇ ਫ਼ਸਲ ਵਿਚ ਨਮੀ ਦੀ ਮਾਤਰਾ ਵੀ ਜ਼ਿਆਦਾ ਆ ਰਹੀ ਸੀ। ਅੱਜ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ।ਪੰਜਾਬ ਵਿਚ ਮੁੱਖ ਸੜਕਾਂ ਅਤੇ ਨਹਿਰਾਂ ’ਤੇ ਵੱਡੀ ਗਿਣਤੀ ਵਿਚ ਦਰੱਖਤ ਵੀ ਡਿੱਗੇ ਹਨ। ਪਟਿਆਲਾ ਸਰਹਿੰਦ ਸੜਕ ’ਤੇ ਝੱਖੜ ਕਾਰਨ ਦੋ ਗੱਡੀਆਂ ’ਤੇ ਦਰੱਖ਼ਤ ਡਿੱਗ ਪਏ ਅਤੇ ਸੜਕੀ ਆਵਾਜਾਈ ਕੁੱਝ ਸਮਾਂ ਜਾਮ ਰਹੀ।

Total Views: 342 ,
Real Estate