ਮਨੀਪੁਰ: ਗੋਲੀਬਾਰੀ ਤੇ ਈਵੀਐੱਮਜ਼ ਦੀ ਭੰਨਤੋੜ ਦਰਮਿਆਨ 68 ਫੀਸਦ ਵੋਟਿੰਗ

ਮਨੀਪੁਰ ’ਚ ਗੋਲੀਬਾਰੀ, ਧਮਕੀਆਂ, ਕੁਝ ਵੋਟਿੰਗ ਕੇਂਦਰਾਂ ’ਤੇ ਈਵੀਐੱਮਜ਼ ਤੋੜਨ ਅਤੇ ਬੂਥ ’ਤੇ ਕਬਜ਼ਾ ਕਰਨ ਦੀਆਂ ਘਟਨਾਵਾਂ ਦਰਮਿਆਨ ਅੱਜ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 68 ਫੀਸਦ ਤੋਂ ਵੱਧ ਵੋਟਾਂ ਪਈਆਂ ਹਨ। ਭਾਜਪਾ ਤੇ ਕਾਂਗਰਸ ਦੋਵੇਂ ਇੱਕ-ਦੂਜੇ ’ਤੇ ਹਿੰਸਾ ਫੈਲਾਉਣ ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾ ਰਹੀਆਂ ਹਨ। ਪਿਛਲੇ ਸਾਲ ਮਈ ’ਚ ਜਾਤੀ ਹਿੰਸਾ ਦੇ ਸੰਘਰਸ਼ ਨਾਲ ਜੂਝ ਰਹੇ ਸੂਬੇ ’ਚ ਰਵਾਇਤੀ ਤੌਰ ਨਾਲੋਂ ਬਹੁਤ ਜ਼ਿਆਦਾ ਵੋਟਾਂ ਪਈਆਂ ਹਨ। ਅੱਜ ਅੰਦਰੂਨ ਮਨੀਪੁਰ ਤੇ ਬਾਹਰੀ ਮਨੀਪੁਰ ’ਚ ਵੋਟਾਂ ਪਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਫਾਲ ਪੂਰਬੀ ਤੇ ਇੰਫਾਲ ਪੱਛਮੀ ’ਚ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਘੱਟੋ-ਘੱਟ ਚਾਰ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ਤੋੜ ਦਿੱਤੀਆਂ। ਅਧਿਕਾਰਤ ਸੂਤਰਾਂ ਅਨੁਸਾਰ ਪੂਰਬੀ ਇੰਫਾਲ ਜ਼ਿਲ੍ਹੇ ਦੇ ਖਰਾਈ ਹਲਕੇ ਵਿਚਲੇ ਇੱਕ ਪੋਲਿੰਗ ਬੂਥ ’ਤੇ ਈਵੀਐੱਮ ਨੂੰ ਅੱਗ ਲਗਾ ਦਿੱਤੀ ਗਈ ਜਦਕਿ ਅਣਪਛਾਤੇ ਹਮਲਾਵਰ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇੱਕ ਹੋਰ ਪੋਲਿੰਗ ਬੂਥ ’ਤੇ ਭੰਨਤੋੜ ਕੀਤੀ ਗਈ ਹੈ।

ਉੱਤਰਾਖੰਡ ਦੇ ਹਰਿਦੁਆਰ ਵਿਚ ਬਜ਼ੁਰਗ ਵੋਟਰ ਨੇ ਅੱਜ ਈਵੀਐੱਮ ਜ਼ਮੀਨ ’ਤੇ ਸੁੱਟ ਕੇ ਵੋਟਾਂ ਬੈਲੇਟ ਪੇਪਰ (ਚੋਣ ਪਰਚੀਆਂ) ਨਾਲ ਪੁਆਉਣ ਦੀ ਮੰਗ ਕੀਤੀ। ਪੁਲੀਸ ਨੇ ਕਿਹਾ ਕਿ ਇਸ ਦੌਰਾਨ ਈਵੀਐੱਮ ਨੂੰ ਨੁਕਸਾਨ ਪੁੱਜਾ, ਪਰ ਮਸ਼ੀਨ ਕੰਮ ਕਰਦੀ ਹੋਣ ਕਰਕੇ ਇਸ ਨੂੰ ਬਦਲਣ ਦੀ ਲੋੜ ਨਹੀਂ ਪਈ। ਰਣਧੀਰ (70) ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਹਾਲਾਂਕਿ ਕੁਝ ਘੰਟਿਆਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।

Total Views: 171 ,
Real Estate