ਬਠਿੰਡਾ, 7 ਸਤੰਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਅਮਰੀਕਾ ਵਸਦੇ ਪੰਜਾਬੀ ਲੇਖਕ, ਨਾਟਕਕਾਰ ਅਤੇ ਪੌਡਕਾਸਟਰ ਸ. ਸਰਬਪ੍ਰੀਤ ਸਿੰਘ ਦੇ ਨਵ-ਪ੍ਰਕਾਸ਼ਿਤ ਨਾਵਲ ‘ਸੂਫ਼ੀ ਦੀ ਬੁਲਬੁਲ’ (The Sufi’s Nightingale) ਬਾਰੇ ਲੇਖਕ ਨਾਲ ਗੱਲਬਾਤ ਅਤੇ ਪੁਸਤਕ ਬਾਰੇ ਵਿਚਾਰ-ਚਰਚਾ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਰਬਪ੍ਰੀਤ ਸਿੰਘ ਇਸਤੋਂ ਪਹਿਲਾਂ ਸਿੱਖ ਇਤਿਹਾਸ ਸਬੰਧੀ ‘ਸਿੱਖਾਂ ਦੀ ਕਹਾਣੀ 1469-1709’ (The Story of the Sikhs 1469-1709), ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਬਾਰੇ ‘ਫਿਲਾਡੈਲਫੀਆ ਦਾ ਊਠਾਂ ਦਾ ਵਪਾਰੀ’ (The Camel Merchant of Philadelphia) ਅਤੇ 1984 ਦੇ ਸਿੱਖ-ਵਿਰੋਧੀ ਦੰਗਿਆਂ ਸਬੰਧੀ ‘ਬੇਚੈਨ ਆਤਮਾਵਾਂ ਵਾਲੀ ਰਾਤ’ (Night of the Restless Spirits) ਆਦਿ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ।
ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਸ. ਸਰਬਪ੍ਰੀਤ ਸਿੰਘ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸਾਰੀ ਪੜ੍ਹਾਈ ਅਤੇ ਕੰਮਕਾਜ ਦਾ ਮੁੱਖ ਖੇਤਰ ਇੰਜਨੀਅਰਿੰਗ ਅਤੇ ਤਕਨਾਲੋਜੀ ਨਾਲ ਸਬੰਧਿਤ ਰਿਹਾ ਹੈ, ਪ੍ਰੰਤੂ ਅਮਰੀਕਾ ਵਿੱਚ ਲੰਮਾ ਸਮਾਂ ਰਹਿੰਦਿਆਂ ਉਹ ਆਪਣੇ ਵਿਰਸੇ, ਧਰਮ ਅਤੇ ਇਤਿਹਾਸ ਬਾਰੇ ਜਾਣਨ ਲਈ ਉਤਸੁਕ ਹੋਏ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪੰਜਾਬੀ ਪਰਵਾਸੀਆਂ ਦੀ ਅਗਲੀ ਪੀੜ੍ਹੀ ਆਪਣੇ ਵਿਰਸੇ ਤੋਂ ਟੁੱਟਦੀ ਜਾ ਰਹੀ ਹੈ ਅਤੇ ਇਸ ਵਿਰਸੇ ਨਾਲ ਨਾਤਾ ਬਣਾਉਣ ਲਈ ਉਨ੍ਹਾਂ ਦੀ ਭਾਸ਼ਾ ਵਿੱਚ, ਉਨ੍ਹਾਂ ਨੂੰ ਸਮਝ ਆਉਣ ਵਾਲੇ ਲਹਿਜ਼ੇ ਵਿੱਚ ਗੱਲਬਾਤ ਕਰਨੀ ਜਰੂਰੀ ਹੈ। ਇਸੇ ਉਤਸੁਕਤਾ ਵਿਚੋਂ ਹੀ ਉਨ੍ਹਾਂ ਦਾ ਸਿੱਖ ਇਤਿਹਾਸ ਬਾਰੇ ਪੌਡਕਾਸਟ ਅਤੇ ਪਹਿਲੀਆਂ ਕਿਤਾਬਾਂ ਨਿਕਲੀਆਂ। ਇਸੇ ਤਰ੍ਹਾਂ ਹੀ ਲਾਹੌਰ ਦੀ ਇੱਕ ਫੇਰੀ ਦੌਰਾਨ ਉਨ੍ਹਾਂ ਨੂੰ ਪੰਜਾਬੀ ਦੇ ਪ੍ਰਸਿੱਧ ਸੂਫ਼ੀ ਸ਼ਾਹ ਹੁਸੈਨ ਬਾਰੇ ਜਾਣਨ ਦਾ ਮੌਕਾ ਮਿਲਿਆ, ਜਿਸ ਦੇ ਸਿੱਟੇ ਵਜੋਂ ਹਥਲੀ ਕਿਤਾਬ ‘ਸੂਫ਼ੀ ਦੀ ਬੁਲਬੁਲ’ ਦੀ ਰਚਨਾ ਹੋਈ।
ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਨਾਵਲ ਬਾਰੇ ਵਿਚਾਰ-ਚਰਚਾ ਦਾ ਹਿੱਸਾ ਬਣਦਿਆਂ ਦਸਮੇਸ਼ ਖਾਲਸਾ ਕਾਲਜ, ਸ੍ਰੀ ਮੁਕਤਸਰ ਸਾਹਿਬ ਦੇ ਪੰਜਾਬ ਵਿਭਾਗ ਦੇ ਮੁਖੀ ਅਤੇ ‘ਦ ਮੁਕਤਸਰ ਡਾਇਲੌਗਜ਼’ ਦੇ ਕਨਵੀਨਰ ਡਾ. ਲਖਵੀਰ ਸਿੱਧੂ ਨੇ ਕਿਹਾ ਕਿ ਸ਼ਾਹ ਹੁਸੈਨ ਦੀ ਸਖਸ਼ੀਅਤ ਦੀ ਬਹੁਪੱਖੀ ਪੇਸ਼ਕਾਰੀ ਦੇ ਨਾਲੋ-ਨਾਲ ਇਹ ਨਾਵਲ ਮੱਧਕਾਲੀ ਪੰਜਾਬ ਦੇ ਸਰਬ-ਸਾਂਝੇ ਸਭਿਆਚਾਰ ਦੀ ਬਹੁਤ ਖੂਬਸੂਰਤ ਤਸਵੀਰ ਪੇਸ਼ ਕਰਦਾ ਹੈ ਅਤੇ ਅਜਿਹੀਆਂ ਰਚਨਾਵਾਂ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਅੰਗਰੇਜ਼ੀ ਵਿਭਾਗ ਤੋਂ ਡਾ. ਵਿਪਨ ਪਾਲ ਸਿੰਘ ਨੇ ਸੂਫੀਮਤ ਦੇ ਪੰਜਾਬੀ ਧਾਰਮਿਕ ਪਰਿਦ੍ਰਿਸ਼ ਤੇ ਪਏ ਅਸਰਾਂ ਬਾਰੇ ਮਹੱਤਵਪੂਰਨ ਸਵਾਲ ਉਠਾਏ ਅਤੇ ਪੰਜਾਬੀ ਵਿਭਾਗ ਦੇ ਡਾ. ਲਖਵੀਰ ਕੌਰ ਲੇਜ਼ੀਆ ਨੇ ਕਿਹਾ ਕਿ ਨਾਵਲਕਾਰ ਨੇ ਰਚਨਾ ਵਿੱਚ ਜਗ੍ਹਾ-ਜਗ੍ਹਾ ਤੇ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਦੀ ਵਰਤੋਂ ਕੀਤੀ ਹੈ, ਅਤੇ ਇਸ ਨਾਵਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਸ਼ਾਹ ਹੁਸੈਨ ਦੀਆਂ ਕਾਫੀਆਂ ਨੂੰ ਪੜ੍ਹਨਾ ਅਤੇ ਸਮਝਣਾ ਬਹੁਤ ਜਰੂਰੀ ਹੈ।
ਇਸ ਵਿਚਾਰ-ਚਰਚਾ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅੰਗਰੇਜ਼ੀ ਵਿਭਾਗ ਦੀ ਪੀਐੱਚ.ਡੀ. ਖੋਜਾਰਥਣ ਮਮਤਾ ਨੇ ਨਾਵਲ ਦੀ ਪੜ੍ਹਨ-ਯੋਗਤਾ ਅਤੇ ਪਾਤਰ-ਚਿਤਰਨ ਦੀ ਪ੍ਰਸੰਸਾ ਕੀਤੀ ਅਤੇ ਖੋਜਾਰਥਣ ਅਨੁਸ਼ਾ ਹੇਗੜੇ ਨੇ ਕਿਹਾ ਕਿ ਇਸ ਨਾਵਲ ਨੂੰ ਪੜ੍ਹਨ ਸਦਕਾ ਉਹਨਾਂ ਨੂੰ ਸ਼ਾਹ ਹੁਸੈਨ ਬਾਰੇ ਪਹਿਲੀ ਵਾਰ ਜਾਣਨ ਦਾ ਮਹੱਤਵਪੂਰਨ ਮੌਕਾ ਮਿਲਿਆ। ਇਸੇ ਤਰ੍ਹਾਂ ਪੰਜਾਬੀ ਵਿਭਾਗ ਦੀ ਖੋਜਾਰਥਣ ਸੁਖਮਨਪ੍ਰੀਤ ਕੌਰ ਨੇ ਚਿੰਨ੍ਹ ਵਿਗਿਆਨ ਦੀ ਦ੍ਰਿਸ਼ਟੀ ਤੋਂ ਨਾਵਲ ਬਾਰੇ ਮਹੱਤਵਪੂਰਨ ਨੁਕਤੇ ਉਠਾਏ। ਸਮੁੱਚੀ ਚਰਚਾ ਤੋਂ ਇਹ ਵਿਚਾਰ ਉਭਰਿਆ ਕਿ ਇਹ ਨਾਵਲ ਸ਼ਾਹ ਹੁਸੈਨ ਅਤੇ ਸੋਲੂਵੀਂ ਸਦੀ ਦੇ ਲਾਹੌਰ ਬਾਰੇ ਪ੍ਰਾਪਤ ਰਚਨਾਵਾਂ ਵਿੱਚ ਇੱਕ ਮਹੱਤਵਪੂਰਨ ਵਾਧਾ ਹੈ ਅਤੇ ਇਸਦਾ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਵੀ ਅਨੁਵਾਦ ਹੋਣਾ ਚਾਹੀਦਾ ਹੈ।
ਪ੍ਰੋਗਰਾਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਡਾ. ਰਮਨਪ੍ਰੀਤ ਕੌਰ ਨੇ ਸਵਾਗਤੀ ਸ਼ਬਦ ਕਹੇ ਅਤੇ ਡਾ. ਅਮਨਦੀਪ ਸਿੰਘ ਨੇ ਮੁੱਖ ਵਕਤਾ ਅਤੇ ਪੁਸਤਕ ਬਾਰੇ ਜਾਣ-ਪਛਾਣ ਕਰਵਾਈ। ਪ੍ਰੋਗਰਾਮ ਦੇ ਅੰਤ ਤੇ ਭਾਸ਼ਾਵਾਂ, ਸਾਹਿਤ ਅਤੇ ਸਭਿਆਚਾਰ ਸਕੂਲ ਦੇ ਕਾਰਜਕਾਰੀ ਡੀਨ ਡਾ. ਰਾਜਿੰਦਰ ਕੁਮਾਰ ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਇਤਿਹਾਸਕ ਨਾਵਲ ਦੀ ਮਹੱਤਤਾ ਵੀ ਰੇਖਾਂਕਿਤ ਕੀਤੀ ਅਤੇ ਵਿਦਿਆਰਥੀਆਂ ਨੂੰ ਇਹ ਰਚਨਾ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਡਾ. ਜ਼ਮੀਰਪਾਲ ਕੌਰ, ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ. ਬਲੀ ਬਹਾਦੁਰ ਸਿੰਘ, ਅਤੇ ਹੋਰ ਕਈ ਵਿਭਾਗਾਂ ਦੇ ਅਧਿਆਪਕ ਤੇ ਵਿਦਿਆਰਥੀ ਵੀ ਸ਼ਾਮਿਲ ਹੋਏ। ਪਾਠਕਾਂ ਅਤੇ ਸਰੋਤਿਆਂ ਦੀ ਸਰਗਰਮ ਸ਼ਮੂਲੀਅਤ ਸਕਦਾ ‘ਸੂਫ਼ੀ ਦੀ ਬੁਲਬੁਲ’ ਨਾਵਲ ਬਾਰੇ ਇਹ ਮਹੱਤਵਪੂਰਨ ਵਿਚਾਰ ਚਰਚਾ ਹੋ ਨਿੱਬੜੀ।



















