ਰੂਸ ਤੋਂ ਭਾਰਤ ਤੱਕ ਚੱਲੇਗੀ ਰੇਲ?

ਰੂਸ ਭਾਰਤ ਅਤੇ ਹਿੰਦ ਮਹਾਸਾਗਰ ਤੱਕ ਪਹੁੰਚਣ ਲਈ ਇੱਕ ਨਵੇਂ ਅਤੇ ਵੱਡੇ ਜ਼ਮੀਨੀ ਰਸਤੇ ਦੀ ਸੰਭਾਵਨਾ ਨੂੰ ਤਲਾਸ਼ ਰਿਹਾ ਹੈ ਕਿਉਂਕਿ ਅਜੋਕੇ ਸਮੇਂ ਕੌਮਾਂਤਰੀ ਵਪਾਰਕ ਰਸਤਿਆਂ ਵਿਚ ਕਈ ਤਰ੍ਹਾਂ ਦੇ ਖਤਰੇ ਦਰਪੇਸ਼ ਹਨ।ਹਰਮੁਜ਼ ਜਲ ਮਾਰਗ ਅਤੇ ਬੋਸਫੋਰਸ ਵਰਗੇ ਸੰਵੇਦਨਸ਼ੀਲ ਸਮੁੰਦਰੀ ਰਸਤਿਆਂ ‘ਤੇ ਲਗਾਤਾਰ ਬਣੇ ਤਣਾਅ ਅਤੇ ਜੋਖਮਾਂ ਨੇ ਮੁੱਖ ਵਪਾਰਕ ਰਸਤਿਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਹਾਲਾਤ ਨੂੰ ਦੇਖਦਿਆਂ ਰੂਸ ਆਪਣੀ ਸਮੁੰਦਰੀ ਨਿਰਭਰਤਾ ਨੂੰ ਘਟਾਉਣਾ ਚਾਹੁੰਦਾ ਹੈ ਤਾਂ ਕਿ ਕਿਸੇ ਵੀ ਸੰਕਟ ਦੀ ਸਥਿਤੀ ਵਿੱਚ ਉਸ ਦਾ ਵਪਾਰ ਪ੍ਰਭਾਵਿਤ ਨਾ ਹੋਵੇ।ਇਸੇ ਦਿਸ਼ਾ ਵਿੱਚ ਕਦਮ ਚੁੱਕਦਿਆਂ ਰੂਸ ਦੇ ਉਪ ਪ੍ਰਧਾਨ ਮੰਤਰੀ ਮਾਰਾਤ ਖੁਸਨੁਲਿਨ ਨੇ ਕਿਹਾ ਹੈ ਕਿ ਮਾਸਕੋ ਨੂੰ ਮੱਧ ਅਤੇ ਦੱਖਣੀ ਏਸ਼ੀਆ ਰਾਹੀਂ ਇੱਕ ਰੇਲਵੇ ਕੁਨੈਕਟੀਵਿਟੀ ਦੀ ਗੰਭੀਰਤਾ ਨਾਲ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਇਹ ਰੇਲ ਲਿੰਕ ਹਿੰਦ ਮਹਾਸਾਗਰ ਵੱਲ ਵਪਾਰ ਲਈ ਇੱਕ ਬਹੁਤ ਹੀ ਮਜ਼ਬੂਤ ਅਤੇ ਭਰੋਸੇਯੋਗ ਵਿਕਲਪ ਸਾਬਤ ਹੋ ਸਕਦਾ ਹੈ। ਇਸ ਪ੍ਰਸਤਾਵ ਦਾ ਮੁੱਖ ਉਦੇਸ਼ ਰੂਸ ਨੂੰ ਸਿੱਧੇ ਤੌਰ ’ਤੇ ਦੱਖਣੀ ਏਸ਼ਿਆਈ ਬਾਜ਼ਾਰਾਂ ਨਾਲ ਜੋੜਨਾ ਹੈ, ਜਿਸ ਨਾਲ ਰੂਸੀ ਉਤਪਾਦਾਂ ਅਤੇ ਸਾਮਾਨ ਦੀ ਆਵਾਜਾਈ ਨੂੰ ਨਵਾਂ ਹੁਲਾਰਾ ਮਿਲ ਸਕੇ।ਇਸ ਪ੍ਰਸਤਾਵ ਤਹਿਤ ਪ੍ਰਸਤਾਵਿਤ ਰੇਲ ਲਿੰਕ ਕਈ ਦੇਸ਼ਾਂ ਵਿੱਚੋਂ ਲੰਘ ਕੇ ਆਪਣੀ ਮੰਜ਼ਿਲ ਤੱਕ ਪਹੁੰਚੇਗਾ। ਇਸ ਰੂਟ ਵਿੱਚ ਤੁਰਕਮੇਨਿਸਤਾਨ, ਇਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ, ਜਦੋਂ ਕਿ ਇਸ ਦੀ ਅੰਤਿਮ ਮੰਜ਼ਿਲ ਭਾਰਤ ਹੋਵੇਗੀ। ਇਹ ਪੂਰਾ ਪ੍ਰਸਤਾਵ ਰੂਸ ਵੱਲੋਂ ਭਾਰਤੀ ਬਾਜ਼ਾਰ ਨਾਲ ਜ਼ਮੀਨੀ ਸੰਪਰਕ ਨੂੰ ਵਧਾਉਣ ਅਤੇ ਆਪਸੀ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਲਚਸਪੀ ਨੂੰ ਦਰਸਾਉਂਦਾ ਹੈ।ਪ੍ਰਸਤਾਵ ਜਿੰਨਾ ਵੱਡਾ ਹੈ, ਇਸ ਦਾ ਰਸਤਾ ਓਨਾ ਹੀ ਭੂ-ਰਾਜਨੀਤਕ ਤੌਰ ‘ਤੇ ਸੰਵੇਦਨਸ਼ੀਲ ਖੇਤਰਾਂ ਵਿੱਚੋਂ ਲੰਘਦਾ ਹੈ। ਇਹ ਰੇਲਵੇ ਰੂਟ ਦੁਨੀਆ ਦੇ ਕੁਝ ਸਭ ਤੋਂ ਔਖੇ ਅਤੇ ਸੰਵੇਦਨਸ਼ੀਲ ਭੂ-ਰਾਜਨੀਤਕ ਖੇਤਰਾਂ ਨੂੰ ਪਾਰ ਕਰੇਗਾ। ਇਸ ਦੇ ਬਾਵਜੂਦ, ਰੂਸੀ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਖਾਸ ਰੇਲਵੇ ਪ੍ਰੋਜੈਕਟ, ਫੰਡਿੰਗ ਦੇ ਪ੍ਰਬੰਧ ਜਾਂ ਇਸ ਨੂੰ ਪੂਰਾ ਕਰਨ ਲਈ ਕਿਸੇ ਨਿਸ਼ਚਿਤ ਸਮਾਂ-ਸੀਮਾ ਦਾ ਖੁਲਾਸਾ ਨਹੀਂ ਕੀਤਾ ਹੈ।

Total Views: 2 ,
Real Estate