ਸੂਰਜ ਨੂੰ ਬਿਪਤਾ

ਸਰਵਜੀਤ ਸਿੰਘ ਸੈਕਰਾਮੈਂਟੋ
“ਲਫ਼ਜ਼ ‘ਸੰਗ੍ਰਾਂਦ’ ਸੰਸਕ੍ਰਿਤ ਦੇ ‘ਸਾਂਕ੍ਰਾਂਤ’ [ਸੰਕ੍ਰਾਂਤਿ] ਦਾ ਵਿਗਾੜ ਹੈ, ਇਸ ਦਾ ਅਰਥ ਹੈ, ਸੂਰਜ ਦਾ ਇਕ ਰਾਸ ਤੋਂ ਦੂਜੀ ਵਿਚ ਲੰਘਣਾ। ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਚਾਲ ਦੇ ਨਾਲ ਹੈ । ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਇਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿਚ ਪੈਰ ਧਰਦਾ ਹੈ। ਬਾਰਾਂ ਮਹੀਨੇ ਹਨ ਤੇ ਬਾਰਾਂ ਹੀ ਰਾਸਾਂ ਹਨ । ਜੋ ਲੋਕ ਸੂਰਜ ਦੇਵਤੇ ਦੇ ਉਪਾਸ਼ਕ ਹਨ, ਉਹਨਾਂ ਲਈ ਹਰੇਕ ‘ਸੰਗ੍ਰਾਂਦ’ ਦਾ ਦਿਨ ਪਵਿੱਤ੍ਰ ਹੈ ਕਿਉਂਕਿ ਉਸ ਦਿਨ ਸੂਰਜ-ਦੇਵਤਾ ਇਕ ‘ਰਾਸ’ ਨੂੰ ਛੱਡ ਕੇ ਦੂਜੀ ਵਿਚ ਆਉਂਦਾ ਹੈ। ਇਸ ਦਿਨ ਖ਼ਾਸ ਉਚੇਚਾ ਪੂਜਾ-ਪਾਠ ਕੀਤਾ ਜਾਂਦਾ ਹੈ, ਤਾਂ ਜੋ ਸੂਰਜ-ਦੇਵਤਾ ਉਸ ਨਵੀਂ ‘ਰਾਸ’ ਵਿਚ ਰਹਿ ਕੇ ਉਪਾਸ਼ਕ ਲਈ ਸਾਰਾ ਮਹੀਨਾ ਚੰਗਾ ਲੰਘਾਏ”। (ਬੁਰਾਈ ਦਾ ਟਾਕਰਾ, ਪੰਨਾ 125)
ਸੂਰਜੀ ਬਿਕ੍ਰਮੀ ਸਾਲ ਵਿੱਚ 12 ਮਹੀਨੇ ਹੁੰਦੇ ਹਨ। (ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ ਪੋਹ, ਮਾਘ, ਫੱਗਣ) ਅਤੇ 12 ਹੀ ਰਾਸ਼ੀਆਂ ਮੰਨੀਆਂ ਗਈਆਂ ਹਨ। (ਮੀਨ, ਮੇਖ, ਬ੍ਰਿਖ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾਂ, ਬ੍ਰਿਸ਼ਚਕ, ਧਨ, ਮਕਰ, ਕੁੰਭ) ਸੂਰਜ ਇਕ ਰਾਸ਼ੀ ਵਿੱਚ ਇਕ ਮਹੀਨਾ ਰਹਿੰਦਾ ਹੈ। ਜਿਸ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ‘ਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗਰਾਂਦ ਹੁੰਦੀ ਹੈ। ਜਿਹੜੀ ਰਾਸ਼ੀ ਵਿਚ ਸੂਰਜ ਦਾਖਲ ਹੁੰਦਾ ਹੈ, ਉਸ ਰਾਸ਼ੀ ਵਾਲੇ ਸੰਗਰਾਂਦ ਦੇ ਦਿਨ ਸੂਰਜ ਦੇਵਤਾ ਦੀ ਪੂਜਾ ਕਰਦੇ ਹਨ। ਤਾਂ ਜੋ ਉਨ੍ਹਾਂ ਦਾ ਮਹੀਨਾ ਸੁਖ-ਸਬੀਲੀ ਲੰਘ ਜਾਵੇ।
ਗੁਰੂ ਕਾਲ ਵੇਲੇ ਹਿੰਦੋਸਤਾਨ ਵਿਚ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਪ੍ਰਚੱਲਤ ਸੀ। ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (365 ਦਿਨ 6 ਘੰਟੇ 12 ਮਿੰਟ 31 ਸੈਕਿੰਡ) ਮੰਨੀ ਗਈ ਸੀ। 18-19 ਨਵੰਬਰ 1964 ਈ: ਵਿਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕ ਇਕੱਤਰਤਾ ਹੋਈ ਜਿਸ ਵਿਚ ਸਾਲ ਦੀ ਲੰਬਾਈ ‘ਚ ਸੋਧ ਕਰਨ ਬਾਰੇ ਚਰਚਾ ਕੀਤੀ ਗਈ ਸੀ।
“ਅੰਮ੍ਰਿਤਸਰ-19 ਨਵੰਬਰ- ਅਖਿਲ ਭਾਰਤੀਯ ਵੈਦ ਸਰਵਸ਼ਾਖਾ ਸਮੇਲਨ (ਸਾਤਵਾਂ) ਕੇ ਜ਼ੇਰ ਏ ਇਹਤਮਾਮ ਜੋਤਿਸ਼ ਕੇ ਇਸ ਮੌਜ਼ੂ ਪਰ ਯੇਹ ਫੈਸਲਾ ਕਰਨੇ ਕੇ ਲੀਏ ਦਿਲਚਸਪ ਸ਼ਾਸਤਰਾਰਥ ਹੂਆ ਕਿ ਦਰਿਕ ਪਕਸ਼ ਕੋ ਦਰੁਸਤ ਮਾਨਨਾ ਚਾਹੀਏ ਯਾ ਸਵਰ ਪਕਸ਼ ਕੋ ਦਰੁਸਤ ਮਾਨਨਾ ਚਾਹੀਏ। ਦਰਿਕ ਪਕਸ਼ ਕਾ ਸਮਰਥਨ ਮੌਜ਼ਾ ਕੁਰਾਲੀ ਜ਼ਿਲਾ ਅੰਬਾਲਾ ਕੇ ਦੋ ਨੌਜਵਾਨ ਵਿਦਵਾਨ ਸ਼੍ਰੀ ਪਿਰਯਾਵਰਤ, ਐੈਮ ਏ, ਪਰੋਫੈਸਰ ਸੰਸਕ੍ਰਿਤ ਕਾਲਜ, ਸੋਲਨ ਔਰ ਸ਼੍ਰੀ ਸ਼ਕਤੀ ਧਰ, ਐਮ ਐਸ ਸੀ ਕਰ ਰਹੇ ਥੇ। ਔਰ ਸਵਰ ਪਕਸ਼ ਕਾ ਸਮਰਥਨ ਜਗਤ ਗੁਰੂ ਸ਼ੰਕਰਾਚਾਰੀਯ ਗੋਵਰਧਨ ਮੱਠ ਪੂਰੀ ਵਾ ਸ਼੍ਰੀ ਰਾਮ ਵਿਆਸ ਪਾਂਡੇ ਕਰ ਰਹੇ ਥੇ। ਸ਼ਾਸਤਰਾਰਥ ਕੇ ਦੌਰਾਨ ਏਕ ਸਮਯ ਪਰ ਦਰਿਕ ਪਕਸ਼ ਕੇ ਹਕ ਮੇਂ ਦਲਾਯਲ ਸੁਨ ਕਰ ਜਗਤ ਗੁਰੂ ਭੀ ਚਕਤ ਰਹਿ ਗਏ। ਚੁਨਾਂਚੇ ਦਰਿਕ ਪਕਸ਼ ਵਾਲੋਂ ਕਾ ਪਲੜਾ ਭਾਰੀ
ਰਹਾ”।
ਇਸ ਸੰਮੇਲਨ ਵਿੱਚ ਹੋਈ ਵਿਚਾਰ ਚਰਚਾ ਉਪ੍ਰੰਤ ਸਾਲ ਦੀ ਲੰਬਾਈ 365.2563 ਦਿਨ (365 ਦਿਨ 6 ਘੰਟੇ 9 ਮਿੰਟ 4 ਸੈਕਿੰਡ) ਮੰਨ ਲਈ ਗਈ ਅਤੇ ਇਸ ਨੂੰ ਹੁਣ ‘ਦ੍ਰਿਕਗਿਣਤ ਸਿਧਾਂਤ’ ਕਿਹਾ ਜਾਂਦਾ ਹੈ। ਅੱਜ, ਭਾਰਤ ਵਿੱਚ ਇਹ ਦੋਵੇਂ ਸਿਧਾਂਤ ਪ੍ਰਚੱਲਤ ਹਨ। ਸੂਰਜੀ ਸਿਧਾਂਤ (365.2587 ਦਿਨ) ਅਤੇ ਦ੍ਰਿਕਗਿਣਤ ਸਿਧਾਂਤ (365.2563 ਦਿਨ) ਦੇ ਸਾਲ ਦੀ ਲੰਬਾਈ ਵਿੱਚ ਲੱਗ-ਭੱਗ 3.5 ਮਿੰਟ ਦਾ ਅੰਤਰ ਹੋਣ ਕਾਰਨ ਦੋਵਾਂ ਕੈਲੰਡਰਾਂ ਦੀਆਂ 3-4 ਸੰਗ੍ਰਾਂਦਾਂ ਹਰ ਸਾਲ ਇਕ ਦਿਨ ਦੇ ਫ਼ਰਕ ਨਾਲ ਆਉਂਦੀਆਂ ਹਨ। ਇਕ ਸਮਾਂ ਅਜੇਹਾ ਵੀ ਆਵੇਗਾ ਕਿ ਬਾਰਾਂ ਦੀਆਂ ਬਾਰਾਂ ਸੰਗਰਾਂਦਾਂ ਦੀਆਂ ਤਾਰੀਖਾਂ ਵੱਖ ਹੋ ਜਾਣਗੀਆਂ। ਪਰ ਜੇ ਸੂਰਜ ਦੇ ਰਾਸ਼ੀ ਬਦਲੀ ਕਰਨ ਦੇ ਸਮੇਂ ਨੂੰ ਵੇਖੀਏ ਤਾਂ ਬਾਰਾਂ ਦੀਆਂ ਬਾਰਾਂ ਸੰਗਰਾਂਦਾਂ, ਅੱਜ ਵੀ ਵੱਖ-ਵੱਖ ਸਮੇਂ ਤੇ ਆਰੰਭ ਹੁੰਦੀਆਂ ਹਨ। ਇਥੇ ਹੀ ਬੱਸ ਨਹੀਂ, ਜੇ ਦ੍ਰਿਕਗਿਣਤ ਸਿਧਾਂਤ ਮੁਤਾਬਕ ਬਣੀਆਂ ਵੱਖ-ਵੱਖ ਜੰਤਰੀਆਂ ਨੂੰ ਵੇਖੀਏ ਤਾਂ ਵੀ ਸੂਰਜ ਦੇ ਰਾਸ਼ੀ ਬਦਲੀ ਕਰਨ ਦੇ ਸਮੇਂ ਵਿੱਚ ਅੰਤਰ ਵਿਖਾਈ ਦਿੰਦਾ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਮੁਤਾਬਕ ਇਸ ਸਾਲ ਸਾਵਣ ਦੀ ਸੰਗਰਾਂਦ 16 ਜੁਲਾਈ ਦਿਨ ਸ਼ਨਿਚਰਵਾਰ ਨੂੰ ਹੈ। ਭਾਵ 16 ਜੁਲਾਈ ਨੂੰ ਸੂਰਜ ‘ਕਰਕ’ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ‘ਬਿਕ੍ਰਮੀ ਤਿੱਥ ਪੱਤ੍ਰਕਾ’ ਦੇ ਮੁਤਾਬਕ ਸੂਰਜ, ਕਰਕ ਰਾਸ਼ੀ ਵਿੱਚ 23:11 ਤੇ ਪ੍ਰਵੇਸ਼ ਕਰੇਗਾ। (ਪੰਨਾ 92), ‘ਅਸਲੀ ਤਿੱਥ ਪਤ੍ਰਿਕਾ’ ਦੇ ਮੁਤਾਬਕ ਸੂਰਜ, ਕਰਕ ਰਾਸ਼ੀ ਵਿੱਚ 22:56 ਤੇ ਪ੍ਰਵੇਸ਼ ਕਰੇਗਾ। (ਪੰਨਾ 40) ਪਾਠਕ ਧਿਆਨ ਦੇਣ, ਪੰਜਾਬ ਵਿੱਚ ਛਪੀਆਂ ਦੋ ਜੰਤਰੀਆਂ ਵਿੱਚ ਹੀ ਸੂਰਜ ਦੇ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦੇ ਸਮੇਂ ਵਿੱਚ 15 ਮਿੰਟ ਦਾ ਫ਼ਰਕ ਹੈ। ‘ਅਸਲੀ ਤਿੱਥ ਪਤ੍ਰਿਕਾ’ ਮੁਤਾਬਕ 22:56ਤੇ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ‘ਬਿਕ੍ਰਮੀ ਤਿੱਥ ਪੱਤ੍ਰਕਾ’ ਦੇ ਮੁਤਾਬਕ ਸੂਰਜ 23:11 ਤੇ ਰਾਸ਼ੀ ਬਦਲੀ ਕਰੇਗਾ। ਇਕ ਹੋਰ ਵਸੀਲੇ ਮੁਤਾਬਕ ਇਹ ਸਮਾਂ 23:01:43 ਵੀ ਹੈ। ਇਹ ਤਾ ਸੀ ‘ਦ੍ਰਿਕ ਗਿਣਤ ਸਿਧਾਂਤ’ ਮੁਤਾਬਕ ਵੱਖ-ਵੱਖ ਜੰਤਰੀਆਂ ਦਾ ਸਮਾਂ। ਜੇ ਸ਼੍ਰੋਮਣੀ ਕਮੇਟੀ ਗੁਰੂ ਕਾਲ ਵਾਲੇ ਕੈਲੰਡਰ (ਸੂਰਜੀ ਸਿਧਾਂਤ) ਨੂੰ ਨਾ ਛੱਡਦੀ ਤਾਂ, ਜਾਂ ਦੇਸ਼ ਦੇ ਉਨ੍ਹਾਂ ਹਿਸਿਆਂ ਵਿੱਚ ਜਿਥੇ ਅੱਜ ਵੀ ਸੂਰਜੀ ਸਿਧਾਂਤ ਮੁਤਾਬਕ ਬਿਕ੍ਮੀ ਕੈਲੰਡਰ ਪ੍ਰਚੱਲਤ ਹੈ, ਉਥੇ ਸਾਵਣ ਦੀ ਸੰਗਰਾਂਦ ਭਾਵ ਸੂਰਜ ਦਾ ਕਰਕ ਰਾਸ਼ੀ ਵਿੱਚ ਪ੍ਰਵੇਸ਼ 17 ਜੁਲਾਈ ਦਿਨ ਐਤਵਾਰ ਨੂੰ 10:58 ਤੇ ਹੋਵੇਗਾ। ਇਸ ਵਿਧੀ ਨੂੰ ‘ਨਰਾਇਣ’ ਕਹਿੰਦੇ ਹਨ। ਸੰਗਰਾਂਦ ਦਾ ਇਕ ਹੋਰ ਵਿਧੀ-ਵਿਧਾਨ ਵੀ ਹੈ।
ਉਸ ਨੂੰ ‘ਸਾਇਣ’ ਜਾਂ ‘ਸਾਯਨ’ ਕਹਿੰਦੇ ਹਨ। ਉਸ ਮੁਤਾਬਕ ਸਾਵਣ ਦੀ ਸੰਗਰਾਂਦ 23 ਜੁਲਾਈ ਨੂੰ ਹੋਵੇਗੀ ਅਤੇ ਇਸ ਦਿਨ ਸੂਰਜ ‘ਸਿੰਘ’ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਮੇਰੇ ਪਾਸ 2016 ਈ: (ਸੰਮਤ 2072-73 ਬਿਕ੍ਰਮੀ) ਦੀ ‘ਮੁਫੀਦ ਆਲਮ ਜੰਤਰੀ’ ਹੈ। ਉਸ ਮੁਤਾਬਕ ਸੰਮਤ 2073 ਬਿਕ੍ਰਮੀ (2016 ਈ:) ਵਿੱਚ ਕੱਤਕ ਦੀ ਸੰਗਰਾਂਦ ਦੋ ਦਿਨ ਸੀ, ਭਾਵ ਸੂਰਜ ਦਾ ਤੁਲਾ ਰਾਸ਼ੀ `ਚ ਪ੍ਰਵੇਸ਼ ਦੇਸ਼ ਦੇ ਪੱਛਮੀ ਹਿਸੇ ਵਿੱਚ 16 ਅਕਤੂਬਰ ਅਤੇ ਪੂਰਬੀ ਹਿਸੇ ਵਿੱਚ 17 ਅਕਤੂਬਰ ਨੂੰ ਸੀ। (ਪੰਨਾ 93) ਜੇ ਅਜੇ ਵੀ ਕੋਈ ਸੰਗਰਾਂਦ ਨੂੰ ਕੁਦਰਤੀ ਵਿਧਾਨ ਮੰਨਦਾ ਹੈ ਤਾਂ ਉਸ ਦੀ ਮੌਜ।
ਮੈਨੂੰ ਤਾਂ ਸੂਰਜ ਤੇ ਤਰਸ ਆਉਂਦਾ ਹੈ। ਕਦੇ ਕੋਈ ਭੁੱਖ ਲੱਗਣ ਤੇ ਸੂਰਜ ਨੂੰ ਖਾਣ ਲੱਗਦਾ ਹੈ ਤਾਂ, ਸੂਰਜ ਭੱਜ ਕੇ ਆਪਣੀ ਜਾਨ ਬਚਾਉਂਦਾ ਹੈ। ਕਦੇ ਕੋਈ ਆਪਣੀ ਧੀ ਦੀ ਖੁਸ਼ੀ ਖਾਤਰ ਸੂਰਜ ਦੀ ਗਰਮੀ ਘੱਟ ਕਰਨ ਲਈ, ਸੂਰਜ ਨੂੰ ਖ਼ਰਾਦ ਤੇ ਚਾੜ ਕੇ ਅੱਠਵਾਂ ਹਿੱਸਾ (12.5%) ਖ਼ਰਾਦ ਦਿੰਦਾ ਹੈ। ਹੁਣ ਆਹ ਜੰਤਰੀਆਂ ਵਾਲੇ ਸੂਰਜ ਨੂੰ ਟਿਕਣ ਨਹੀਂ ਦਿੰਦੇ। ਇਕ ਕਹਿੰਦਾ ਸਾਵਣ ਦੀ ਸੰਗਰਾਂਦ ਨੂੰ ਸੂਰਜ, ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਦੂਜਾ ਕਹਿੰਦਾ, ਨਹੀਂ-ਨਹੀਂ ਤੁਲਾ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਕ ਕਹਿੰਦਾ ਸੂਰਜ ਨਵੀਂ ਰਾਸ਼ੀ ਵਿਚ 16 ਜੁਲਾਈ ਦਿਨ ਸ਼ਨਿਚਰਵਾਰ ਨੂੰ ਪ੍ਰਵੇਸ਼ ਕਰੇਗਾ। ਦੂਜਾ ਕਹਿੰਦਾ 17 ਜੁਲਾਈ ਦਿਨ ਐਤਵਾਰ ਨੂੰ ਰਾਸ਼ੀ ਬਦਲੀ ਕਰਨੀ ਹੈ।
ਵਿਚਾਰਾ ਸੂਰਜ!

Total Views: 130 ,
Real Estate