
ਲੰਬੀ, 16 ਅਪਰੈਲ
ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕਰੋਨਾਵਾਇਰਸ ਦੀ ਜਾਂਚ ਸਬੰਧੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਉਨ੍ਹਾਂ ਦੀ ਪਿੰਡ ਬਾਦਲ ਵਿਚ ਸਥਿਤ ਰਿਹਾਇਸ਼ ਵਿਚ ਕੰਮ ਕਰਦੇ ਰਸੋਈਏ ਤੇ ਦੋ ਹੋਰ ਕਾਮਿਆਂ ਦੀ ਟੈਸਟ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਬਠਿੰਡਾ ਵਿਚ ਬੀਬੀ ਬਾਦਲ ਨੇ ਅਦਾਲੀ ਦਲ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਸਨ। ਸੂਤਰਾਂ ਅਨੁਸਾਰ ਉਨ੍ਹਾਂ ਦੀ ਤਬੀਅਤ ਠੀਕ ਹੈ ਪਰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਸਾਬਕਾ ਕੇਂਦਰੀ ਮੰਤਰੀ ਨੇ ਟਵਿੱਟਰ ’ਤੇ ਕਿਹਾ, ‘‘ਸਾਰੇ ਦੋਸਤੋ, ਅੱਜ ਹਲਕੇ ਲੱਛਣਾਂ ਨਾਲ ਮੇਰੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ ਅਤੇ ਮੈਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੀ ਹਾਂ। ਮੈਂ ਮੇਰੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਆਪਣੇ ਆਪ ਨੂੰ ਇਕਾਂਤਵਾਸ ਕਰਨ ਤੇ ਜਲਦੀ ਤੋਂ ਜਲਦੀ ਕਰੋਨਾ ਸਬੰਧੀ ਜਾਂਚ ਕਰਵਾਉਣ ਦੀ ਅਪੀਲ ਕਰਦੀ ਹਾਂ।’’



















