ਫੋਨ ਘੰਟੀ ਨੇ ਬੈਂਕ ਲੁੱਟਣ ਤੋਂ ਬਚਾਇਆ

ਲੁਟੇਰਾ ਗੈਂਗ ਦੇ ਦੋ ਬਿਹਾਰੀ ਮੁਲਜਮ ਕਾਬੂ ਮੁਕੱਦਮਾ ਦਰਜ ਤਫ਼ਤੀਸ ਸੁਰੂ
ਬਠਿੰਡਾ/ 11 ਜਨਵਰੀ/ ਬੀ ਐਸ ਭੁੱਲਰ
ਇੱਕ ਮੁਲਾਜਮ ਦੇ ਫੋਨ ਤੇ ਵੱਜੀ ਅਲਾਰਮ ਦੀ ਘੰਟੀ ਨੇ ਸਹਿਕਾਰੀ ਬੈਂਕ ਨੂੰ ਡਾਕਾ ਪੈਣ ਤੋਂ ਹੀ ਨਹੀਂ ਬਚਾਇਆ ਸਗੋਂ ਬਿਹਾਰੀ ਗੈਂਗ ਦੇ ਚਾਰ ਵਿੱਚੋਂ ਦੋ ਲੁਟੇਰੇ ਵੀ ਕਾਬੂ ਕਰਵਾ ਦਿੱਤੇ। ਥਾਨਾ ਨੰਦਗੜ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਪੜਤਾਲ ਸੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘੁੱਦਾ ਦੇ ਬਾਹਰਵਾਰ ਦੀ ਬਠਿੰਡਾ ਕੇਂਦਰੀ ਸਹਿਕਾਰੀ ਬੈਂਕ ਦੀ ਬਰਾਂਚ ਵਿੱਚ ਬੀਤੀ ਰਾਤ ਦੇ ਕਰੀਬ ਪੌਣੇ ਤਿੰਨ ਵਜੇ ਚਾਰ ਲੁਟੇਰੇ ਡਾਕਾ ਮਾਰਨ ਦੀ ਨੀਅਤ ਨਾਲ ਆਏ। ਜਿਹਨਾਂ ਕੋਲ ਦੋ ਬੈਗ ਅਜਿਹੇ ਸੰਦਾਂ ਵਾਲੇ ਸਨ, ਜਿਹਨਾਂ ਨਾਲ ਉਹਨਾਂ ਗੇਟ ਅਤੇ ਜੰਗਲੇ ਆਦਿ ਤੋੜ ਲਏ ਅਤੇ ਬੈਂਕ ਦੇ ਅੰਦਰ ਪਈ ਨਗਦੀ ਵਾਲੀ ਸੇਫ਼ ਕੋਲ ਪਹੁੰਚ ਗਏ। ਜਦ ਉਹਨਾਂ ਕੈਸ ਸੇਫ਼ ਨਾਲ ਛੇੜਛਾੜ ਕੀਤੀ ਤਾਂ ਉਸ ਨਾਲ ਜੋੜਿਆ ਹੋਇਆ ਅਲਾਰਮ ਵੱਜ ਗਿਆ, ਇਹ ਸੁਣਦਿਆਂ ਹੀ ਲੁਟੇਰਿਆਂ ਨੇ ਅਲਾਰਮ ਦੀਆਂ ਤਾਰਾਂ ਪੁੱਟ ਦਿੱਤੀਆਂ ਅਤੇ ਅਲਾਰਮ ਬੰਦ ਹੋ ਗਿਆ। ਇਹ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਕਿ ਇਸ ਅਲਾਰਮ ਦਾ ਸਬੰਧ ਕਿਸੇ ਮੋਬਾਇਲ ਫੋਨ ਨਾਲ ਵੀ ਜੁੜਿਆ ਹੋਇਆ ਹੋ ਸਕਦਾ ਹੈ।
ਜਦ ਲੁਟੇਰੇ ਕੈਸ ਸੇਫ ਨਾਲ ਛੇੜ ਛਾੜ ਕਰਨ ਲੱਗੇ ਤਾਂ ਬੈਂਕ ਦੇ ਕਲਰਕ ਹਰਜਿੰਦਰ ਸਿੰਘ ਜੋ ਬਠਿੰਡਾ ਆਪਣੇ ਘਰ ਸੁੱਤਾ ਪਿਆ ਸੀ, ਉਸਦੇ ਮੋਬਾਇਲ ਫੋਨ ਤੇ ਵੀ ਘੰਟੀ ਵੱਜ ਗਈ। ਇਹ ਸੁਣਦਿਆਂ ਹੀ ਹਰਜਿੰਦਰ ਨੇ ਪਿੰਡ ਘੁੱਦਾ ਦੇ ਕਈ ਵਿਅਕਤੀਆਂ ਨੂੰ ਫੋਨ ਕਰਕੇ ਬੈਂਕ ਪਹੁੰਚਣ ਦੀ ਬੇਨਤੀ ਕੀਤੀ ਅਤੇ ਥਾਨਾ ਨੰਦਗੜ ਵਿਖੇ ਵੀ ਸੂਚਿਤ ਕਰ ਦਿੱਤਾ। ਕੁਝ ਹੀ ਮਿੰਟਾਂ ਵਿੱਚ ਪਿੰਡ ਵਾਸੀ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਲੁਟੇਰਿਆਂ ਨੂੰ ਘੇਰਾ ਪਾ ਲਿਆ। ਪਤਾ ਲਗਦਿਆਂ ਹੀ ਬੈਂਕ ਦਾ ਗਾਰਡ, ਹੋਰ ਕਰਮਚਾਰੀ ਤੇ ਕਲਰਕ ਹਰਜਿੰਦਰ ਸਿੰਘ ਵੀ ਪਹੁੰਚ ਗਏ। ਕੁਲ ਚਾਰ ਲੁਟੇਰਿਆਂ ਵਿੱਚੋਂ ਦੋ ਭੱਜਣ ਵਿੱਚ ਸਫ਼ਲ ਹੋ ਗਏ, ਜਦ ਕਿ ਦੋ ਕਥਿਤ ਲੁਟੇਰੇ ਪ੍ਰੇਮ ਕੁਮਾਰ ਤੇ ਵਿਕੇਸ਼ ਕੁਮਾਰ ਨੂੰ ਕਾਬੂ ਕਰ ਲਿਆ, ਜੋ ਬਿਹਾਰ ਦੇ ਰਹਿਣ ਵਾਲੇ ਹਨ। ਉਹਨਾਂ ਤੋਂ ਮਿਲੀ ਇੱਕ ਰੇਲ ਟਿਕਟ ਤੋਂ ਪਤਾ ਲੱਗਾ ਕਿ ਉਹ ਤਿੰਨ ਦਿਨ ਪਹਿਲਾਂ ਹੀ ਬਿਹਾਰ ਤੋਂ ਆਏ ਹਨ। ਬੈਂਕ ਮੈਨੇਜਰ ਸ੍ਰੀ ਸੁਰਿੰਦਰ ਕੁਮਾਰ ਦੇ ਬਿਆਨ ਤੇ ਥਾਨਾ ਨੰਦਗੜ ਵਿਖੇ ਅਧੀਨ ਦਫ਼ਾ 457, 380 ਮੁਕੱਦਮਾ ਦਰਜ ਕਰਕੇ ਤਫ਼ਤੀਸ ਸੁਰੂ ਕਰ ਦਿੱਤੀ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਵੀ ਪਿੰਡ ਤਿਉਣਾ ਅਤੇ ਕਾਲਝਰਾਣੀ ਦੇ ਬੈਕਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਉਸ ਸਮੇਂ ਵਰਤੀ ਕਾਰਜਸ਼ੈਲੀ ਵੀ ਇਸ ਘਟਨਾ ਨਾਲ ਮੇਲ ਖਾਂਦੀ ਹੈ। ਇਸ ਲਈ ਇਸ ਗੈਂਗ ਦੇ ਕਾਬੂ ਆ ਜਾਣ ਨਾਲ ਹੋਰ ਇੰਕਸਾਫ ਹੋਣ ਦੀਆਂ ਸੰਭਾਵਨਾਵਾਂ ਹਨ।

Total Views: 248 ,
Real Estate