“1,000 ਤੋਂ ਵੱਧ ਸ਼ੂਟਰ ਤਿਆਰ”,,ਬਿਸ਼ਨੋਈ ਗੈਂਗ ਨੇ ਪਿਛਲੇ ਸਾਲ ਭੇਜਿਆ ਸੀ ਧਮਕੀ ਪੱਤਰ: ਕੈਨੇਡਾ ਪੁਲਿਸ

ਲਾਰੈਂਸ ਬਿਸ਼ਨੋਈ ਗੈਂਗ ਬਾਰੇ ਕੈਨੇਡੀਅਨ ਪੁਲਿਸ ਨੇ ਇਕ ਹੈਰਾਨੀਜਨਕ ਪ੍ਰਗਟਾਵਾ ਕੀਤਾ ਹੈ। ਮੀਡੀਆ ਰੀਪੋਰਟਾਂ ਮੁਤਾਬਕ, ਬਿਸ਼ਨੋਈ ਗੈਂਗ ਨੇ ਪਿਛਲੇ ਸਾਲ ਪੁਲਿਸ ਨੂੰ ਇਕ ਚਿੱਠੀ ਭੇਜੀ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੈਨੇਡਾ ਵਿਚ ਜਬਰਨ ਉਗਰਾਹੀ ਦੇ ਧੰਦੇ ਨੂੰ ਚਲਾਉਣ ਲਈ ਉਨ੍ਹਾਂ ਕੋਲ 1,000 ਤੋਂ ਵੱਧ ਸ਼ੂਟਰ ਤਿਆਰ ਹਨ।ਇਹ ਚਿੱਠੀ 13 ਅਗੱਸਤ , 2025 ਨੂੰ ਬਿ੍ਰਟਿਸ਼ ਕੋਲੰਬੀਆ ਦੇ ਐਬਟਸਫੋਰਡ ਪੁਲਿਸ ਸਟੇਸ਼ਨ ਵਿਚ ਪ੍ਰਾਪਤ ਹੋਈ ਸੀ। ਇਸ ਮਾਮਲੇ ਦਾ ਪ੍ਰਗਟਾਵਾ ਐਡਮਿੰਟਨ ਪੁਲਿਸ ਦੇ ਕਾਂਸਟੇਬਲ ਕੇਵਿਨ ਸੇਂਟ ਲੂਈਸ ਨੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੇ ਸਾਹਮਣੇ ਇਕ ਦੇਸ਼ ਨਿਕਾਲੇ ਦੀ ਸੁਣਵਾਈ ਦੌਰਾਨ ਗਵਾਹੀ ਦਿੰਦੇ ਹੋਏ ਕੀਤਾ। ਉਨ੍ਹਾਂ ਦਸਿਆ, ‘‘ਪੁਲਿਸ ਨੂੰ ਅਸਲ ਵਿਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਸੰਬੋਧਿਤ ਇਕ ਚਿੱਠੀ ਮਿਲੀ ਸੀ ਜੋ ਇਕ ਪੁਲਿਸ ਸਟੇਸ਼ਨ ਭੇਜਿਆ ਗਿਆ ਸੀ।’’ਸੁਣਵਾਈ ਦਾ ਸਾਹਮਣਾ ਕਰ ਰਿਹਾ ਵਿਅਕਤੀ ਜਬਰਨ ਵਸੂਲੀ ਦੀਆਂ ਗਤੀਵਿਧੀਆਂ ’ਚ ਸ਼ਾਮਲ ਦਸਿਆ ਜਾ ਰਿਹਾ ਹੈ। ਅਫਸਰ ਨੇ ਅੱਗੇ ਦਸਿਆ , ‘‘ਇਸ ਖਾਸ ਚਿੱਠੀ ਵਿਚ ਮੁੱਖ ਰੂਪ ਵਿਚ ਉਨ੍ਹਾਂ ਦੇ ਅਪਰਾਧਕ ਸੰਗਠਨ ਦੀ ਰੂਪ-ਰੇਖਾ ਦਿਤੀ ਗਈ ਸੀ, ਜਿੱਥੇ ਉਨ੍ਹਾਂ ਨੇ ਗਰੁੱਪ ਦੇ ਹਿੱਸੇ ਵਜੋਂ ਇਹਨਾਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ 1,000 ਤੋਂ ਵੱਧ ਵਿਅਕਤੀਆਂ ਦੇ ਤਿਆਰ ਹੋਣ ਬਾਰੇ ਗੱਲ ਕੀਤੀ ਸੀ।’’ਚਿੱਠੀ ਵਿਚ ਇਹ ਵੀ ਲਿਖਿਆ ਸੀ ਕਿ ਹਰ ਕਾਰੋਬਾਰ ਨੂੰ ‘ਟੈਕਸ’ ਦੇਣਾ ਪਵੇਗਾ, ਜੋ ਕਿ ਉਨ੍ਹਾਂ ਦੇ ਜਬਰਨ ਵਸੂਲੀ ਦੇ ਮਨਸੂਬਿਆਂ ਨੂੰ ਸਾਫ਼ ਜ਼ਾਹਰ ਕਰਦਾ ਹੈ। ਪੁਲਿਸ ਮੁਤਾਬਕ ਇਹ ਗੈਂਗ ਭਾਰਤੀ ਨਾਗਰਿਕਾਂ ਅਤੇ ਸਕੂਲੀ ਨੌਜੁਆਨਾਂ ਨੂੰ ਮਾਮੂਲੀ ਰਕਮ ਦੇ ਕੇ ਗੋਲੀਬਾਰੀ ਲਈ ਵਰਤਦਾ ਹੈ। ਵਟਸਐਪ ’ਤੇ ਧਮਕੀਆਂ ਦੇਣ ਲਈ ‘ਜੋਰਾ ਸਿੱਧੂ’ ਨਾਂ ਦੇ ਵਿਅਕਤੀ ਦਾ ਨਾਂ ਸਾਹਮਣੇ ਆਇਆ ਹੈ, ਜੋ ਕੈਨੇਡਾ ਤੋਂ ਬਾਹਰ ਬੈਠਾ ਹੈ। ਫਿਲਹਾਲ ਪੁਲਿਸ ਇਸ ਚਿੱਠੀ ਦੇ ਸਰੋਤਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Total Views: 29 ,
Real Estate