ਅਮਰੀਕਾ ’ਚ ਟੋਨੀ ਸੰਧੂ ਨੇ ਮੁੜ ਗੱਡੇ ਜਿੱਤ ਦੇ ਝੰਡੇ, ਓਲੰਪੀਆ ’ਚ ਦੂਜੀ ਵਾਰ ਜਿੱਤਿਆ ਗੋਲਡ ਮੈਡਲ

ਨੀਟਾ ਮਾਛੀਕੇ / ਕੁਲਵੰਤ ਧਾਲੀਆਂ (ਲਾਸ ਵੇਗਸ) — ਪਾਵਰਲਿਫਟਿੰਗ ਦੇ ਖੇਤਰ ਵਿੱਚ ਆਪਣੀ ਤਾਕਤ ਅਤੇ ਕਾਬਲੀਅਤ ਦਾ ਲੋਹਾ ਮਨਵਾ ਰਹੇ ਪੰਜਾਬੀ ਗੱਭਰੂ ਟੋਨੀ ਸੰਧੂ ਨੇ ਇੱਕ ਵਾਰ ਫਿਰ ਵੱਡੀ ਮੱਲ ਮਾਰਦਿਆਂ ਲਾਸ ਵੇਗਸ ਵਿਖੇ ਹੋਈ ਓਲੰਪੀਆ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਆਪਣੇ ਨਾਂ ਕੀਤਾ ਹੈ। ਟੋਨੀ ਸੰਧੂ ਵੱਲੋਂ ਇਸ ਵੱਕਾਰੀ ਮੁਕਾਬਲੇ ਵਿੱਚ ਦੂਜੀ ਵਾਰ ਸੋਨ ਤਮਗਾ ਜਿੱਤਣ ਨਾਲ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਇਸਤੋਂ ਤੋ ਪਹਿਲਾਂ USPA ਚੈਂਪੀਅਨਸ਼ਿਪ ਵਿੱਚ ਵੀ ਟੋਨੀ ਸੰਧੂ ਗੋਲਡ ਮੈਡਲ ਆਪਣੇ ਨਾਮ ਕਰ ਚੁੱਕਾ ਹੈ।ਵਰਲਡ ਸਟਰੌਂਗਮੈਨ ਇੰਡੀਆ ਦੇ ਪ੍ਰਧਾਨ ਹਰਵਿੰਦਰ ਸਲੀਣਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਆਏ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਤਾਕਤ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਸਖ਼ਤ ਮੁਕਾਬਲੇ ਦੌਰਾਨ ਟੋਨੀ ਸੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ’ਤੇ ਕਬਜ਼ਾ ਕੀਤਾ ਅਤੇ ਇੱਕ ਵਾਰ ਫਿਰ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ।ਟੋਨੀ ਸੰਧੂ ਦੀ ਇਹ ਕਾਮਯਾਬੀ ਉਸ ਦੀ ਲੰਮੇ ਸਮੇਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਆਪਣੇ ਟੀਚੇ ਪ੍ਰਤੀ ਦ੍ਰਿੜ੍ਹ ਲਗਨ ਦਾ ਨਤੀਜਾ ਹੈ। ਵਿਦੇਸ਼ੀ ਧਰਤੀ ’ਤੇ ਪਾਵਰਲਿਫਟਿੰਗ ਵਰਗੀ ਤਾਕਤਵਰ ਖੇਡ ਵਿੱਚ ਵਾਰ-ਵਾਰ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਕੇ ਉਹ ਨਵੀਂ ਪੀੜ੍ਹੀ ਦੇ ਖਿਡਾਰੀਆਂ ਲਈ ਵੀ ਪ੍ਰੇਰਨਾ ਬਣ ਰਿਹਾ ਹੈ।ਟੋਨੀ ਸੰਧੂ ਦੀ ਇਸ ਮਾਣਮੱਤੀ ਜਿੱਤ ’ਤੇ ਉਸ ਦੇ ਪਰਿਵਾਰ, ਦੋਸਤਾਂ, ਖੇਡ ਪ੍ਰੇਮੀਆਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਹਨ। ਨਾਲ ਹੀ ਉਸ ਦੇ ਸੁਨਹਿਰੇ ਖੇਡ ਭਵਿੱਖ ਅਤੇ ਆਉਣ ਵਾਲੇ ਮੁਕਾਬਲਿਆਂ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।

Total Views: 2 ,
Real Estate