ਪੰਜ ਸਾਲਾਂ ਦੌਰਾਨ ਤਕਰੀਬਨ 1.69 ਲੱਖ ਭਾਰਤੀ ਨਾਗਰਿਕ ਵਿਦੇਸ਼ਾਂ ਤੋਂ ਡਿਪੋਰਟ

ਪਿਛਲੇ ਪੰਜ ਵਰ੍ਹਿਆਂ ਦੌਰਾਨ ਤਕਰੀਬਨ 1.69 ਲੱਖ ਭਾਰਤੀ ਨਾਗਰਿਕ ਵਿਦੇਸ਼ੀ ਮੁਲਕਾਂ ਵਿਚੋਂ ਡਿਪੋਰਟ ਕੀਤੇ ਗਏ ਹਨ। ਅਜਿਹੀਆਂ ਬੇਦਖ਼ਲੀਆਂ ਸਿਰਫ਼ ਅਮਰੀਕਾ, ਆਸਟਰੇਲੀਆ ਜਾਂ ਕੈਨੇਡਾ ਵਰਗੇ ਧਨਾਢ ਮੁਲਕਾਂ ਤੋਂ ਹੀ ਨਹੀਂ ਹੋਈਆਂ, ਅਜ਼ਰਬਾਇਜਾਨ ਜਾਂ ਜਾਰਜੀਆ ਵਰਗੇ ਮੁਲਕਾਂ ਤੋਂ ਵੀ ਹੋਈਆਂ ਹਨ ਜੋ ਭਾਰਤ ਨਾਲੋਂ ਜ਼ਿਆਦਾ ਅਮੀਰ ਨਹੀਂ। ਵਿਦੇਸ਼ ਮੰਤਰੀ ਵਲੋਂ ਵੀਰਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਰਾਜ ਸਭਾ ਵਿਚ ਸਾਂਝੀ ਕੀਤੀ ਜਾਣਕਾਰੀ ਦਰਸਾਉਂਦੀ ਹੈ ਕਿ ਅਮਰੀਕਾ, ਕੈਨੇਡਾ ਜਾਂ ਬ੍ਰਿਟੇਨ ਵਲੋਂ ਭਾਰਤ ਵਿਚ ਜਬਰੀ ਪਰਤਾਏ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 1.69 ਲੱਖ ਦੇ ਅੰਕੜੇ ਦਾ ਬਹੁਤ ਛੋਟਾ ਜਿਹਾ ਹਿੱਸਾ (8,518) ਬਣਦੀ ਹੈ। ਦਰਅਸਲ, 72 ਫ਼ੀਸਦੀ ਭਾਰਤੀ, ਸਾਊਦੀ ਅਰਬ ਤੋਂ ਜਬਰੀ ਭਾਰਤੀ ਜਹਾਜ਼ਾਂ ਵਿਚ ਚੜ੍ਹਾਏ ਗਏ। ਇਸ ਤੋਂ ਅਗਲਾ ਅੰਕੜਾ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦਾ ਹੈ ਜੋ 22 ਹਜ਼ਾਰ ਤੋਂ ਵੱਧ ਹੈ।ਰਾਜ ਸਭਾ ਵਿਚ ਪੇਸ਼ ਅੰਕੜੇ 2021 ਤੋਂ 2025 ਤਕ ਦੇ ਹਨ।ਇਨ੍ਹਾਂ ਸਾਲਾਂ ਦੌਰਾਨ 1.22 ਲੱਖ (1,21,626) ਭਾਰਤੀ ਬੇਦਖ਼ਲੀਆਂ ਸਾਊਦੀ ਅਰਬ ਤੋਂ ਹੋਈਆਂ।

Total Views: 43 ,
Real Estate