ਅਮਰੀਕਾ ਦੇ ਜੌਰਜੀਆ ’ਚ ਗੋਲੀਬਾਰੀ, ਭਾਰਤੀ ਨਾਗਰਿਕ ਸਣੇ ਚਾਰ ਦੀ ਮੌਤ

ਅਮਰੀਕਾ ਦੇ ਜੌਰਜੀਆ ਰਾਜ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਪੂਰਾ ਮਾਮਲਾ ਪਰਿਵਾਰਕ ਝਗੜੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਅਟਲਾਂਟਾ ਵਿੱਚ ਭਾਰਤੀ ਕੌਂਸੁਲੇਟ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਸੰਵੇਦਨਾ ਜ਼ਾਹਰ ਕੀਤੀ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਲਾਰੈਂਸਵਿਲੇ ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਵਾਪਰੀ ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇਸ ਮੌਕੇ ਤਿੰਨ ਬੱਚੇ ਵੀ ਘਰ ’ਚ ਮੌਜੂਦ ਸਨ।ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਰਿਪੋਰਟ ਅਨੁਸਾਰ ਮਸ਼ਕੂਕ ਦੀ ਪਛਾਣ ਅਟਲਾਂਟਾ ਦੇ 51 ਸਾਲਾ ਵਿਜੈ ਕੁਮਾਰ ਵਜੋਂ ਹੋਈ ਹੈ। ਗਵਿਨੇਟ ਕਾਉਂਟੀ ਪੁਲੀਸ ਮੁਤਾਬਕ ਪੀੜਤਾਂ ਦੀ ਪਛਾਣ ਕੁਮਾਰ ਦੀ ਪਤਨੀ ਮੀਮੂ ਡੋਗਰਾ(43) ਗੌਰਵ ਕੁਮਾਰ (33), ਨਿਧੀ ਚੰਦਰ (37) ਅਤੇ ਹਰੀਸ਼ ਚੰਦਰ (38) ਵਜੋਂ ਹੋਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੱਕੀ ’ਤੇ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਤਿੰਨ ਬੱਚੇ ਉੱਥੇ ਮੌਜੂਦ ਸਨ, ਜੋ ਖ਼ੁਦ ਨੂੰ ਬਚਾਉਣ ਲਈ ਇੱਕ ਅਲਮਾਰੀ ਵਿੱਚ ਲੁਕ ਗਏ।

Total Views: 36 ,
Real Estate