GTA-6′ ਨੇ ਬਣਾਇਆ ਰਿਕਾਰਡ, ਪਹਿਲੇ ਦਿਨ ਕੀਤੀ ਅਰਬਾਂ ਡਾਲਰ ਦੀ ਕਮਾਈ

ਵੀਡੀਉ ਗੇਮ ‘ਗ੍ਰੈਂਡ ਥੈਫਟ ਆਟੋ 6’ (ਜੀਟੀਏ-6) ਨੇ ਪਹਿਲੇ ਦਿਨ ਪ੍ਰਚੂਨ ਵਿਕਰੀ ’ਚ 3.79 ਅਰਬ ਡਾਲਰ ਦੀ ਕਮਾਈ ਕਰ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਤੇ ਮਨੋਰੰਜਨ ਉਦਯੋਗ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਦਾ ਖ਼ਿਤਾਬ ਹਾਸਲ ਕੀਤਾ ਹੈ। ਟੇਕ-ਟੂ ਇੰਟਰਐਕਟਿਵ ਸੌਫਟਵੇਅਰ ਦੀ ਇਕ ਇਕਾਈ ਰਾਕਸਟਾਰ ਗੇਮਜ਼ ਨੇ ਇਹ ਜਾਣਕਾਰੀ ਦਿਤੀ।ਕੰਪਨੀ ਨੇ ਕਿਹਾ ਕਿ ‘ਜੀਟੀਏ 6’ ਨੂੰ ਮੈਟਾਕ੍ਰਿਟਿਕ ’ਤੇ 100 ’ਚੋਂ 99 ਸਕੋਰ ਮਿਲੇ ਹਨ। ਗੇਮ ਨੂੰ ਆਲੋਚਕਾਂ ਤੋਂ ਵਿਆਪਕ ਪ੍ਰਸ਼ੰਸਾ ਮਿਲੀ ਹੈ। ਇਸ ਤੋਂ ਇਲਾਵਾ, ਰਿਲੀਜ਼ ਤੋਂ ਪਹਿਲਾਂ ਇਸ ਦੀਆਂ 3.25 ਕਰੋੜ ਕਾਪੀਆਂ ਵਿਕੀਆਂ ਸਨ, ਜੋ ਸਾਰੇ ਪਲੇਟਫਾਰਮਾਂ ’ਤੇ ਇਕ ਨਵਾਂ ਰਿਕਾਰਡ ਹੈ। ਰਾਕਸਟਾਰ ਗੇਮਜ਼ ਦੇ ਪ੍ਰਧਾਨ ਤੇ ਸੰਸਥਾਪਕ ਸੈਮ ਹਾਉਸਰ ਨੇ ਕਿਹਾ, ‘‘ਅਸੀਂ ਦੁਨੀਆ ਭਰ ਦੇ ਖਿਡਾਰੀਆਂ ਤੋਂ ਮਿਲੇ ਹੁੰਗਾਰੇ ਤੋਂ ਬਹੁਤ ਖ਼ੁਸ਼ ਹਾਂ ਤੇ ਇਸ ਪਲ ਨੂੰ ਉਨ੍ਹਾਂ ਨਾਲ ਸਾਂਝਾ ਕਰਨ ਲਈ ਬਹੁਤ ਉਤਸ਼ਾਹਤ ਹਾਂ।’’‘ਗ੍ਰੈਂਡ ਥੈਫਟ ਆਟੋ 6’ ਪਲੇਅਸਟੇਸ਼ਨ ਸਟੋਰ, ਮਾਈਕ੍ਰੋਸਾਫਟ ਸਟੋਰ, ਰਾਕਸਟਾਰ ਗੇਮਜ਼ ਸਟੋਰ, ਤੇ ਦੁਨੀਆ ਭਰ ਦੇ ਰਿਟੇਲਰਾਂ ਤੇ ਆਨਲਾਈਨ ਸਟੋਰਾਂ ’ਤੇ ਉਪਲਬਧ ਹੈ। ਰਾਕਸਟਾਰ ਗੇਮਜ਼ ਨੇ ਵੀਰਵਾਰ ਨੂੰ ਅਪਣੀ ਗੇਮ ਰਿਲੀਜ਼ ਕੀਤੀ ਸੀ। ਪ੍ਰਸ਼ੰਸਕ ਇਸ ਗੇਮ ਪ੍ਰਤੀ ਇੰਨੇ ਉਤਸ਼ਾਹਤ ਸਨ ਕਿ ਉਹ ਅਪਣੇ ਕੰਮ ਦੇ ਸਮਾਂ-ਸਾਰਣੀ ਨੂੰ ਵੀ ਬਦਲ ਰਹੇ ਸਨ ਤੇ ਲੰਬੇ ਸਮੇਂ ਲਈ ਇਸਨੂੰ ਖੇਡਣ ਲਈ ਮੀਟਿੰਗਾਂ ਤੋਂ ਵੀ ਬਚ ਰਹੇ ਸਨ। ਭਾਰਤ ’ਚ ਗੇਮ ਦੇ ਸਟੈਂਡਰਡ ਐਡੀਸ਼ਨ ਦੀ ਕੀਮਤ 5,999 ਹੈ ਤੇ ਅਲਟੀਮੇਟ ਐਡੀਸ਼ਨ ਦੀ ਕੀਮਤ 7,499 ਹੈ।

Real Estate