ਕੈਨੇਡਾ ਦੇ ਹਸਪਤਾਲ ’ਚ 8 ਘੰਟੇ ਉਡੀਕ ਮਗਰੋਂ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ

ਕੈਨੇਡਾ ਦੇ ਇਕ ਹਸਪਤਾਲ ਦੇ ਐਮਰਜੈਂਸੀ ਰੂਮ ਖੇਤਰ ’ਚ ਇਲਾਜ ਲਈ ਅੱਠ ਘੰਟੇ ਤੋਂ ਵੱਧ ਸਮੇਂ ਦੀ ਉਡੀਕ ਕਰਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਇਕ 44 ਸਾਲ ਦੇ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਗਲੋਬਲ ਨਿਊਜ਼ ਦੀ ਖਬਰ ਮੁਤਾਬਕ ਪ੍ਰਸ਼ਾਂਤ ਸ਼੍ਰੀਕੁਮਾਰ ਨੂੰ 22 ਦਸੰਬਰ ਨੂੰ ਕੰਮ ਦੌਰਾਨ ਛਾਤੀ ’ਚ ਗੰਭੀਰ ਦਰਦ ਹੋਣਾ ਸ਼ੁਰੂ ਹੋ ਗਿਆ ਸੀ। ਇਕ ਕਲਾਇੰਟ ਉਸ ਨੂੰ ਦੱਖਣ-ਪੂਰਬੀ ਐਡਮਿੰਟਨ ਦੇ ਗ੍ਰੇ ਨਨਜ਼ ਹਸਪਤਾਲ ਲੈ ਗਿਆ, ਜਿਥੇ ਪ੍ਰਸ਼ਾਂਤ ਉਡੀਕ ਕਮਰੇ ਵਿਚ ਬੈਠ ਗਿਆ।ਉਸ ਦੇ ਪਿਤਾ ਕੁਮਾਰ ਸ਼੍ਰੀਕੁਮਾਰ ਛੇਤੀ ਹੀ ਪਹੁੰਚ ਗਏ। ਕੁਮਾਰ ਨੇ ਕਿਹਾ, ‘‘ਉਸ ਨੇ ਮੈਨੂੰ ਕਿਹਾ, ‘ਪਾਪਾ, ਮੈਂ ਦਰਦ ਬਰਦਾਸ਼ਤ ਨਹੀਂ ਕਰ ਸਕਦਾ।’’ ਕੁਮਾਰ ਨੇ ਕਿਹਾ ਕਿ ਉਸ ਦੇ ਦਿਲ ਦੀ ਜਾਂਚ ਕਰਨ ਲਈ ਉਸ ਦਾ ਇਲੈਕਟ੍ਰੋਕਾਰਡੀਓਗ੍ਰਾਮ (ਈ.ਸੀ.ਜੀ.) ਕਰਵਾਇਆ, ਪਰ ਪ੍ਰਸ਼ਾਂਤ ਨੂੰ ਦਸਿਆ ਗਿਆ ਸੀ ਕਿ ਕੁੱਝ ਵੀ ਵੱਡੀ ਗੱਲ ਨਹੀਂ ਹੈ।ਕੁਮਾਰ ਨੇ ਕਿਹਾ ਕਿ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਨਰਸਾਂ ਨੇ ਪ੍ਰਸ਼ਾਂਤ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ। ਇਹ ਵਧਦਾ ਹੀ ਜਾ ਰਿਹਾ ਸੀ। ਪ੍ਰਸ਼ਾਂਤ ਨੂੰ ਅੱਠ ਘੰਟੇ ਤੋਂ ਵੱਧ ਸਮਾਂ ਬਾਅਦ ਇਲਾਜ ਦੇ ਖੇਤਰ ਵਿਚ ਬੁਲਾਇਆ ਗਿਆ। ਕੁਮਾਰ ਨੇ ਕਿਹਾ, ‘‘ਸ਼ਾਇਦ 10 ਸਕਿੰਟ ਬੈਠਣ ਤੋਂ ਬਾਅਦ, ਉਸ ਨੇ ਮੇਰੇ ਵਲ ਵੇਖਿਆ, ਉਹ ਉੱਠਿਆ ਅਤੇ ਅਪਣੀ ਛਾਤੀ ਉਤੇ ਅਪਣਾ ਹੱਥ ਰੱਖਿਆ ਅਤੇ ਡਿੱਗ ਗਿਆ।’’ਨਰਸਾਂ ਨੇ ਮਦਦ ਲਈ ਬੁਲਾਇਆ ਪਰ ਬਹੁਤ ਦੇਰ ਹੋ ਚੁਕੀ ਸੀ।

Total Views: 88 ,
Real Estate